
ਨਜ਼ਮ
ਪਹਿਲੀ ਉਮਰ ਦੇ
ਉਹ ਅਹਿਸਾਸ
ਉਹ ਵਿਸ਼ਵਾਸ
ਉਹ ਚਿਹਰੇ
ਉਹ ਰਿਸ਼ਤੇ
ਅਜੇ ਵੀ ਤੁਰ ਰਹੇ ਨੇ
ਮੇਰੇ ਨਾਲ ਨਾਲ !
.........
ਯਾਦਾਂ ਦੇ ਕੁਛ ਕੰਵਲ
ਅਜੇ ਵੀ ਮਨ ਦੀ ਝੀਲ ‘ਚ
ਤੈਰ ਰਹੇ ਨੇ ਓਵੇਂ ਦੇ ਓਵੇਂ !
ਸੁਹਲ-ਸਲੋਨੇ ਸੁਪਨੇ
ਅਜੇ ਵੀ ਪਲਕਾਂ ਹੇਠਾਂ
ਪਲਮ ਰਹੇ ਨੇ
ਓਸੇ ਤਰ੍ਹਾਂ !
........
ਤਿਤਲੀਆਂ ਫੜਨ ਦੀ
ਉਮਰ ਦੇ ਚਾਅ
ਅਜੇ ਵੀ ਮੇਰੀਆਂ ਤਲੀਆਂ ‘ਤੇ
ਟਪੂਸੀਆਂ ਮਾਰ ਕੇ ਨੱਚ ਰਹੇ ਨੇ !
ਇੰਦਰ-ਧਨੁਸ਼ ਦੇ ਸੱਤੇ ਰੰਗ
ਅਜੇ ਮੇਰੀਆਂ ਅੱਖਾਂ ‘ਚ
ਖਿੜ ਖਿੜ ਹੱਸ ਰਹੇ ਨੇ !
...............
ਮੇਰੇ ਅੰਦਰ ਦੀ ਸੁਹਲ ਜਿਹੀ ਕੁੜੀ
ਅਜੇ ਤੱਕ ਦੋ ਗੁੱਤਾਂ ਕਰੀ
ਹੱਥ ਵਿਚ ਕਿਤਾਬਾਂ ਫ਼ੜੀ
ਕਾਲਜ ਵਿਚ ਸਖੀਆਂ ਸੰਗ
ਜ਼ਿੰਦਗੀ ਦੀ ਸਟੇਜ ‘ਤੇ
ਗਿੱਧਾ ਪਾਉਂਦੀ ਹੈ !
............
ਹੈਰਾਨ ਹਾਂ ਕਿ
ਮਨ ਦੇ ਧਰਾਤਲ ‘ਤੇ
ਕੁਛ ਵੀ
ਨਹੀਂ ਬਦਲਦਾ !
ਪਰ ਹੌਲੀ ਹੌਲੀ
ਸ਼ੀਸ਼ੇ ਵਿਚਲਾ ਆਪਣਾ ਅਕਸ
ਬੇਪਛਾਣ ਹੋਈ ਜਾਂਦੈ !!
3 comments:
Surjeet ji di nazam 'Dahileez' bahut khoobsurat nazam hai. Kavyitri nu ate tandeep ji tuhanu badhayee !
This poem by Surjit portrays her hidden feelings about her great yesteryears. Enjoyed reading it as well.
Preet Walia
Canada
khoobsoorat nazm ,surjit ji
Post a Comment