
ਪਿੰਡ: ਸਿੰਗੜੀ ਵਾਲਾ ਜ਼ਿਲ੍ਹਾ: ਹੁਸ਼ਿਆਰਪੁਰ
ਸਾਂਵਲ ਧਾਮੀ ਪ੍ਰਮੁੱਖ ਰੂਪ ਵਿਚ ਕਹਾਣੀਕਾਰ ਹੈ। ਉਂਝ ਉਸ ਦਾ ਇਕ ਗ਼ਜ਼ਲ-ਸੰਗ੍ਰਹਿ ਵੀ ਛਪ ਚੁੱਕਾ ਹੈ। ਮੱਲ੍ਹਮ, ਸੁਖਮਣੀ, ਪੁਲ, ਗਾਈਡ ਵਰਗੀਆਂ ਕੁਝ ਇਕ ਕਹਾਣੀਆਂ ਨਾਲ ਹੀ ਉਸਨੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਚੰਗੀ ਪੈਂਠ ਬਣਾ ਲਈ ਹੈ। ਗ਼ਜ਼ਲਗੋਅ ਹੋਣ ਕਰਕੇ ਉਹ ਗ਼ਜ਼ਲ ਦੇ ਐਬਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਭਰਤੀ ਦੇ ਸ਼ਬਦ, ਭਰਤੀ ਦੇ ਸ਼ਿਅਰਾਂ ਤੋਂ ਉਹ ਗ਼ਜ਼ਲ ਵਿਚ ਤਾਂ ਗੁਰੇਜ਼ ਕਰਦਾ ਹੀ ਹੈ, ਕਹਾਣੀ ਲਿਖਣ ਵੇਲੇ ਵੀ ਇਸੇ ਜੁਗਤ ਨੂੰ ਵਰਤਦਾ ਹੋਇਆ ਉਹ ਫ਼ਾਲਤੂ ਸਤਰ ਤਾਂ ਕੀ ਫ਼ਾਲਤੂ ਸ਼ਬਦ ਵੀ ਇਸਤੇਮਾਲ ਨਹੀ ਕਰਦਾ। ਉਸਦੀ ਕਹਾਣੀ ਵੀ ਗ਼ਜ਼ਲ ਦੇ ਸ਼ਿਅਰ ਵਾਂਗ ਸੁਗਠਿਤ, ਚੁਸਤ, ਦਿਲ-ਚੀਰਵੀਂ ਤੇ ਬੱਝਵੇਂ ਪ੍ਰਭਾਵ ਵਾਲੀ ਹੁੰਦੀ ਹੈ। ਉਸਦੀਆਂ ਗ਼ਜ਼ਲਾਂ ਦਾ ਰੰਗ ਤੇ ਸੁਭਾਅ ਸਭ ਨਾਲੋਂ ਵਿਲੱਖਣ ਹੈ, ਇਹ ਸਾਂਵਲ ਧਾਮੀ ਦੀ ਹੀ ਨਹੀਂ ਪੰਜਾਬੀ ਗ਼ਜ਼ਲ ਦੀ ਵੀ ਪ੍ਰਾਪਤੀ ਹੈ।
–ਸੁਰਿੰਦਰ ਸੋਹਲ
*********
ਦੋਸਤੋ! ਸੁਰਿੰਦਰ ਸੋਹਲ ਜੀ ਨੇ ਸਾਂਵਲ ਧਾਮੀ ਜੀ ਦੀਆਂ ਇਹ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਲਈ ਭੇਜੀਆਂ ਹਨ । ਉਹਨਾਂ ਦਾ ਬੇਹੱਦ ਸ਼ੁਕਰੀਆ । ਧਾਮੀ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਦੋਵਾਂ ਗ਼ਜ਼ਲਾਂ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।
ਅਦਬ ਸਹਿਤ
ਤਨਦੀਪ ‘ਤਮੰਨਾ’
*********
ਗ਼ਜ਼ਲ
ਸਿਖ਼ਰ ਦੁਪਹਿਰੇ ਅਸਲਮ ਸੁੱਤਾ ਕਬਰਾਂ ਦੇ ਵਿਚਕਾਰ।
ਸਿਰ ’ਤੇ ਲੈ ਕੇ ਲਹੂ ’ਚ ਭਿੱਜਾ ਉਰਦੂ ਦਾ ਅਖ਼ਬਾਰ।
----
ਮਸਜਿਦ ਖੋਲ੍ਹਾ, ਤਕੀਆ ਠੀਕਰ, ਉੱਜੜੇ ਨੇ ਘਰ-ਬਾਰ,
ਤੈਨੂੰ ਸਹੁੰ ਅੱਲਾ ਦੀ ਸਾਂਭੀਂ ਗੁਰੂਆਂ ਦੇ ਦਰਬਾਰ।
----
ਚੋਗ ਚਿਰਾਗ਼ਾਂ ਦਾ ਜਦ ਚੁਗਦੀ ਰੋਵੇ ਧਾਹਾਂ ਮਾਰ,
ਲੀਕੋਂ ਪਾਰ ਗਈ ਨਾ ਉੱਡ ਕੇ ਜੋ ਕਬਰਾਂ ਦੀ ਡਾਰ।
----
ਤੇਰੇ ਮੁੱਢ ਸੀ ਸੱਪ ਦੀ ਵਰਮੀ, ਮੇਰੇ ਮੁੱਢ ਹਥਿਆਰ,
ਤੂੰ ਕੰਡਿਆਲੀ ਥ੍ਹੋਰ ਸੀ ਬਣਿਆ, ਮੈਂ ਕੰਡਿਆਲੀ ਤਾਰ।
----
ਮੈਂ ਕਾਫ਼ਰ ਮੈਂ ਸੜ-ਬਲ਼ ਜਾਣਾ,ਪਰ ਐ ਮੋਮਨ ਯਾਰ!
ਰੋਜ਼-ਏ-ਹਸ਼ਰ ਨੂੰ ਕਬਰੋਂ ਉੱਠਕੇ ਯਾਦ ਕਰੀਂ ਇਕ ਵਾਰ।
======
ਗ਼ਜ਼ਲ
ਕਬਰਾਂ ਕੁਰੇਦਦੀ ਏ, ਮੜ੍ਹੀਆਂ ਵਰੋਲ਼ਦੀ ਏ।
ਪਾਗਲ ਹੈ ਜ਼ਿੰਦਗਾਨੀ, ਮੋਇਆਂ ਨੂੰ ਟੋਲ਼ਦੀ ਏ।
----
ਬਿਰਖਾਂ ਤੋਂ ਝਾੜ ਕੇ ਵੀ ਹੋਈ ਜੋ ਰੂਹ ਨਾ ਰਾਜ਼ੀ,
ਪੱਤਿਆਂ ਨੂੰ ਪੌਣ ਤਾਂਹੀਂ, ਮਿੱਟੀ ’ਚ ਰੋਲ਼ਦੀ ਏ।
----
ਆਟੇ ਦੇ ਵਾਂਗ ਗੁੰਨ੍ਹਿਆਂ, ਜਿੰਦਾਂ ਨੂੰ ਹੋਣੀਆਂ ਨੇ,
ਸਿਵਿਆਂ ਦੀ ਅੱਗ ਘਰ-ਘਰ, ਚੁੱਲ੍ਹੇ ਫਰੋਲ਼ਦੀ ਏ।
----
ਐਵੇਂ ਮੁਹੱਬਤਾਂ ਦਾ, ਨਾ ਭਰਮ ਪਾਲ਼ ਐ ਦਿਲ!
ਉਹ ਤਾਂ ਹਵਾ ਦੀ ਖ਼ਾਤਿਰ, ਖਿੜਕੀ ਨੂੰ ਖੋਲ੍ਹਦੀ ਏ।
----
ਤੈਨੂੰ ਮਿਲੇ ਜੇ ਕਿਧਰੇ, ਪੁੱਛੀਂ ਤੂੰ ਹਾਲ ਉਸਦਾ,
ਮੇਰੇ ਨਾਲ ਜ਼ਿੰਦਗੀ ਹੁਣ, ਘਟ-ਵੱਧ ਹੀ ਬੋਲਦੀ ਏ।
----
ਤੇਰੀ ਗ਼ਜ਼ਲ ਤੋਂ ‘ਸਾਂਵਲ’, ਸੁੱਚੀ ਹੈ ਚੁੱਪ ਉਸਦੀ,
ਹਰਫ਼ਾਂ ਜਿਹੇ ਜੋ ਹੰਝੂ, ਕਾਗ਼ਜ਼ ਤੇ ਡੋਲ੍ਹਦੀ ਏ।
6 comments:
ਵਾਹ ਸਾਂਵਲ,ਲੰਬੇ ਅਰਸੇ ਬਾਦ ਤੈਨੂੰ ਮੁਖ਼ਾਤਿਬ ਹੋ ਰਿਹਾਂ | ਲਾਲ ਕਿਲੇ ਤੇ ੨੦੦੫ ਦੇ ਗਣਤੰਤਰ ਦਿਵਸ ਕਵੀ ਦਰਬਾਰ ਤੋਂ ਬਾਦ ਆਪਾਂ ਡਾ. ਕੁਲਵੀਰ ਦੇ ਕਮਰੇ 'ਚ ਰਹੇ ਜਿੱਥੇ ਇੱਕ ਹੋਰ ਕਵੀ ਦਰਬਾਰ ਹੋਇਆ ਸੀ | ਮੈਂ ਤੇਰਾ ਇੱਕ ਸ਼ਿਅਰ ਅਕਸਰ ਸੁਣਾਉਨਾਂ- ''ਮੇਰੇ ਹੱਥ ਮੂਰਤਾਂ ਜੇ ਨਾ ਬਣਾਉਂਦੇ,ਤੇਰੀ ਮਿੱਟੀ ਨੂੰ ਰੱਬ ਕਿਸ ਆਖਣਾ ਸੀ ''........
ਅੱਜ ਤੇਰੀਆਂ ਗ਼ਜ਼ਲਾਂ ਰਾਹੀਂ ਤੈਨੂੰ ਦੁਬਾਰਾ ਮਿਲਣ ਦਾ ਸਬੱਬ ਬਣਿਆਂ |
ਸੁਰਿੰਦਰ ਸੋਹਲ ਤੇ ਤਨਦੀਪ ਹੁਰਾਂ ਦਾ ਧੰਨਵਾਦ...
VAAH,kya ghazlaan han, ik ik shaer bahut khoob.
Tammana ji please post these comments on Sanwal Dhami's gazhal.I would really appreciate.Thanks.You are doing a great job for punjabi literature.
With Regards.
Harpal Singh Bhinder
------------------------------
ਪਤਾ ਨਹੀਂ ਉਹ ਕਿਹੜੀ ਚੀਸ ਹੈ ਸੰਤਾਲੀ ਦੀ, ਜੋ ਸਾਂਵਲ ਧਾਮੀ ਦੇ ਅੰਦਰੋਂ ਕਦੇ ‘ਮੱਲ੍ਹਮ’ ਕਹਾਣੀ ਦੇ ਰੂਪ ਵਿਚ ਤੇ ਕਦੇ ਗਜ਼ਲਾਂ ਦੇ ਸ਼ਿਅਰਾਂ ਦੇ ਰੂਪ ਵਿਚ ਬਾਹਰ ਨਿਕਲਦੀ ਹੈ-
ਮਸਜਿਦ ਖੋਲਾ, ਤਕੀਆ ਠੀਕਰ, ਉੱਜੜੇ ਨੇ ਘਰ-ਬਾਰ।
ਤੈਨੂੰ ਸਹੂੰ ਅੱਲ੍ਹ ਦੀ ਸਾਂਭੀਂ ਗੁਰੂਆਂ ਦੇ ਦਰਬਾਰ।
ਚੋਗ ਚਿਰਾਗ਼ਾਂ ਦਾ ਜਦ ਚੁਗਦੀ ਰੋਵੇ ਧਾਹਾਂ ਮਾਰ।
ਲੀਕੋਂ ਪਾਰ ਗਈ ਨਾ ਉੱਡ ਕੇ ਜੋ ਕਬਰਾਂ ਦੀ ਡਾਰ।
ਅਜਿਹੇ ਸ਼ਿਅਰ ਪੜ੍ਹ ਕੇ ਕਿਹੜਾ ਹੈ ਜੋ ਧਾਹਾਂ ਮਾਰ ਰੋ ਨਾ ਪਵੇ। ਗ਼ਜ਼ਲ ਤੇ ਕਾਹਣੀ ਦਾ ਰੋਮ ਰੋਮ ਆਪ ਵੀ ਧਾਹਾਂ ਮਾਰ ਮਾਰ ਕੇ ਰੋ ਰਿਹਾ ਹੈ। ਸੰਤਾਲੀ ਦੇ ਸੰਤਾਪ ’ਤੇ ਲਿਖੀਆਂ ਉਂਗਲਾਂ ’ਤੇ ਗਿਣੀਆਂ ਜਾਣ ਵਾਲੀਆਂ ਵਧੀਆ ਕਹਾਣੀਆਂ ’ਚ ਸਾਂਵਾਲ ਧਾਮੀ ਦੀ ‘ਮੱਲ੍ਹਮ’ ਕਹਾਣੀ ਦਾ ਨਾਂ ਆਉਂਦਾ ਹੈ, ਜਿਸਦੀ ਸਾਹਿਤਕ ਹਲਕਿਆਂ ਵਿਚ ਬਹੁਤ ਚਰਚਾ ਹੋਈ। ਮੈਂ ਆਪ ਵੀ ‘ਮੱਲ੍ਹਮ’ ਕਹਾਣੀ ਪੜ੍ਹ ਕੇ ਪ੍ਰਭਾਵਿਤ ਤੇ ਭਾਵੁਕ ਹੋਏ ਬਿਨਾਂ ਨਾ ਰਹਿ ਸਕਿਆ ਤੇ ਧਾਮੀ ਸਾਹਿਬ ਨੂੰ ਫੋਨ ਮਿਲਾ ਲਿਆ। ਪਹਿਲੀ ਮੁਲਾਕਾਤ ਸੀ, ਗੱਲਬਾਤ ਤੋਂ ਮਹਿਸੂਸ ਹੋਇਆ ਜਿਵੇਂ ਮੈਂ ‘ਮੱਲ੍ਹਮ’ ਕਹਾਣੀ ਦੇ ਪਾਤਰ ਫ਼ਜ਼ਲੇ ਨਾਲ ਗੱਲਾਂ ਕਰ ਰਿਹਾ ਹੋਵਾਂ। ਇਸ ਤੋਂ ਬਾਅਦ ਇਹ ਪਿਆਰ ਸਾਹਿਤਕ ਸਾਂਝ ਵੱਲ ਵਧਦਾ ਗਿਆ ਤੇ ਮੈਂ ਇਹਨਾਂ ਦੀਆਂ ਸਾਰੀਆਂ ਛਪੀਆਂ-ਅਣਛਪੀਆਂ ਕਹਾਣੀਆਂ ਪੜ੍ਹੀਆਂ। ਤਮੰਨਾ ਜੀ ਜੇ ਹੋ ਸਕੇ ਤਾਂ ਇਹਨਾਂ ਦੀਆਂ ਦੋ ਮਾਸਟਰ ਪੀਸ ਕਹਾਣੀਆਂ ‘ਮੱਲ੍ਹਮ’ ਤੇ ‘ਸੁੱਖਮਣੀ’ ਆਰਸੀ ਦੇ ਪਾਠਕਾਂ ਦੀ ਨਜ਼ਰ ਜ਼ਰੂਰ ਕਰਿਓ।
ਯਾਰਾਂ ਦਾ ਯਾਰ ਤੇ ਸੁੱਚੀ ਚੁੱਪ ਵਰਗਾ ਹੈ ਸਾਂਵਲ ਧਾਮੀ। ਅੱਜ ਕੱਲ੍ਹ ਮੈਂ ਇਹਨਾਂ ਵਲੋਂ ਭੇਜੀਆਂ ਕਿਤਾਬਾਂ ਵਿੱਚੋਂ ‘ਦ ਬੁੱਕ ਆਫ਼ ਮੀਰਦਾਦ’ (ਮੀਰਦਾਦ ਦੀ ਪੁਸਤਕ) ਦਾ ਪਾਠ ਕਰ ਰਿਹਾ ਹਾਂ। ਆਰਸੀ ’ਤੇ ਇਹਨਾਂ ਦਾ ਨਾਮ ਦੇਖ ਕੇ ਮਨ ਗਦ ਗਦ ਕਰ ਉੱਠਿਆ।
ਸੁਰਿੰਦਰ ਸੋਹਲ ਦਾ ਧੰਨਵਾਦ ਕੀਤੇ ਤੋਂ ਬਿਨਾਂ ਇਹ ਟਿੱਪਣੀ ਅਧੂਰੀ ਰਹੇਗੀ। ਤਮੰਨਾ ਜੀ, ਸੁਰਿੰਦਰ ਸੋਹਲ ਨੂੰ ਹੁਣ ‘ਪੰਜਾਬੀ ਲੇਖਕਾਂ ਦਾ ਅੰਬੈਸੇਡਰ’ ਖ਼ਿਤਾਬ ਦੇਣ ਬਾਰੇ ਤੁਹਾਡਾ ਕੀ ਖ਼ਿਆਲ ਹੈ?
ਇਕ ਵਾਰ ਫਿਰ ਤਮੰਨਾ ਜੀ, ਸੋਹਲ ਜੀ ਤੇ ਧਾਮੀ ਜੀ ਵਧੀਆ ਰਚਨਾਵਾਂ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਹਰਪਾਲ ਸਿੰਘ ਭਿੰਡਰ
Both ghazals are beautiful. Tamanna ji thanks for publishing such rich literature on Aarsi.
Amol Minhas
California
ਸਾਂਵਲ ਧਾਮੀ ਸਾਹਿਬ, ਤੁਹਾਨੂੰ ਵੀ ਪਹਿਲੀ ਵਾਰ ਆਰਸੀ ਤੇ ਹੀ ਪੜ੍ਹਿਆ ਹੈ। ਦੋਵੇਂ ਗ਼ਜ਼ਲਾਂ ਕਮਾਲ, ਹਰ ਖ਼ਿਆਲ ਗ਼ਜ਼ਬ ਕਰਦਾ ਹੈ। ਤਮੰਨਾ ਬੇਟਾ ਇੱਕ ਪਾਠਕ ਨੇ ਲਿਖਿਆ ਹੈ ਕਿ ਧਾਮੀ ਸਾਹਿਬ ਕਹਾਣੀਆਂ ਵੀ ਬਹੁਤ ਸੋਹਣੀਆਂ ਲਿਖਦੇ ਹਨ, ਕਹਾਣੀ ਵੀ ਕਦੇ ਜ਼ਰੂਰ ਛਾਪੋ। ਸੁਰਿੰਦਰ ਸੋਹਲ ਜੀ ਦਾ ਵੀ ਧੰਨਵਾਦ ਜੋ ਇਸ ਸ਼ਾਇਰ ਨੂੰ ਆਰਸੀ ਤੇ ਪੇਸ਼ ਕੀਤਾ।
ਬਿਰਖਾਂ ਤੋਂ ਝਾੜ ਕੇ ਵੀ ਹੋਈ ਰੂਹ ਨਾ ਰਾਜ਼ੀ
ਪੱਤਿਆਂ ਨੂੰ ਪੌਣ ਤਾਂਹੀ, ਮਿੱਟੀ 'ਚ ਰੋਲਦੀ ਏ
ਜਸਵੰਤ ਸਿੱਧੁ
ਸਰੀ
ਸਾਂਵਲ ਜੀ ਨੂੰ ਆਮ ਤੌਰ ਤੇ ਮੈਂ ਮਿਲਦਾ ਰਹਿੰਦਾ ਹਾਂ ! ਇਹ ਗੱਲ ਅਲੱਗ ਹੈ ! ਕੇ ਅਸੀਂ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਨਾਲ ਮਿਲਦੇ ਹਾਂ , ਪਰ ਹਰ ਇੱਕ ਭੇਂਟ ਕੁਝ ਅਨਮੁੱਲਾ ਸਿੱਖਾ ਦਿੰਦੀ ਹੈ ।
ਬੜੀ ਕਮਾਲ ਦੀ ਸ਼ਖਸ਼ੀਅਤ ਨੇ ਸ਼ਾਂਵਲ ਧਾਮੀ ਜੀ ! ਕਿਸੇ ਵੀ ਵਿਦਿਆਰਥੀ ਦਾ ਉਹਨਾ ਦੇ ਕੋਲੋਂ ਉਠਣੇ ਨੂੰ ਮਨ ਨਹੀਂ ਕਰਦਾ !
ਕੁਝ ਸੱਤਰਾਂ ਧਾਮੀ ਸਾਹਿਬ ਲਈ -"ਜਿਉਂਦੇ ਵਸਦੇ ਰਹਿਣ ਉਹ ਮਹਾਨ ਇਨਸਾਨ , ਜਿਹਨਾ ਨੇ ਸਾਨੂੰ ਇਸ ਕਾਬਿਲ ਬਣਾ ਦਿੱਤਾ !
ਅਸੀਂ ਉਹਨਾ ਦੀਆਂ ਕੁਝ ਗੱਲਾਂ ਸੁਣ ਕੇ ਇਕੱਠੇ ਕਰ ਕੇ ਅੱਜ ਉਹਨਾ ਨੂੰ ਹੀ ਸੁਣਾ ਦਿੱਤਾ !
Post a Comment