
ਨਜ਼ਮ
ਇਹ ਰਾਹ, ਇਹ ਪੈਂਡੇ
ਬੜੇ ਕੰਬਖ਼ਤ ਨੇ
ਜੋ ਰੋਜ਼ ਮੈਨੂੰ ਇਨ੍ਹਾਂ ਸਰਾਪੀਆਂ ਕੰਧਾਂ ਤੱਕ
ਪਹੁੰਚਾ ਦਿੰਦੇ ਹਨ
ਤੇ.....
ਤਾੜਦੇ ਹਨ, ਘੂਰਦੇ ਹਨ
ਕਿ ਮੈਂ ਇਨ੍ਹਾਂ ਕੰਧਾਂ ਨੂੰ ਘਰ ਕਹਾਂ।
...........
ਕਿਵੇਂ.......
ਕਹਾਂ ਇਨ੍ਹਾਂ ਚਹੁੰ ਕੰਧਾਂ ਤੇ
ਇਨ੍ਹਾਂ ਉੱਪਰ ਚੋਂਦੀ ਹੋਈ ਛੱਤ ਨੂੰ ਘਰ---?
ਜਿੱਥੇ ਨਾ ਕੋਈ
ਤੱਤਾ ਚੁੱਲ੍ਹਾ,ਨਿੱਘਾ ਬਿਸਤਰਾ
ਨਾ ਕੋਈ ਸੁਰਮੇ ਵਾਲੀ ਅੱਖ
ਲਲਚਾਉਂਦੀ ਮਟਕਣ ਲਈ।
ਨਾ ਕੋਈ ਵਿਹੜੇ ‘ਚ
ਮਾਸੂਮ ਹਾਸਾ ਘੁੰਮਦਾ
ਲਟਬੌਰਾ ਹੋਇਆ
ਚੌੜ ਕਰਦਾ।
...................
ਇਨ੍ਹਾਂ ਕੰਧਾਂ ਦੀ ਹਿੱਕ ‘ਚ
ਦਫ਼ਨ ਹਨ ਮੇਰੀ ਮਾਂ ਦੇ ਹਉਕੇ
ਉਸਦੀ ਵਿਲਕਦੀ ਹੋਂਦ ਦੀਆਂ ਘੜੀਆਂ।
ਕਿਉਂਕਿ ਮੈਂ ਸੱਤ ਮਹੀਨੇ ਬਾਅਦ ਜੰਮਿਆ ਸਾਂ
ਬਾਪੂ ਦੇ ਮਰਨ ਤੋਂ।
ਇਨ੍ਹਾਂ ਕੰਧਾਂ ਦੀ ਸਰਦਾਰੀ ਕਰਕੇ ਹੀ
ਉਹ ਸੁੱਚੀ ਹੁੰਦੀ ਹੋਈ ਵੀ
ਬਦਚਲਣ ਗਰਦਾਨੀ ਗਈ ਹੈ।
ਸਾਰੀ ਹਿਯਾਤੀ
ਇਨ੍ਹਾਂ ਕੰਧਾਂ ‘ਚ ਰਹਿੰਦੇ ਸੰਸਕਾਰਾਂ ਦੇ ਸਰਪੰਚਾਂ
ਉਸਨੂੰ ਬਦਨਾਮੀ ਦੀ ਸਲੀਬੇ
ਟੰਗੀ ਰੱਖਿਆ ਹੈ।
................
ਮਾਂ
ਹੁਣ ਬਹੁਤ ਬੁੱਢੀ ਹੋ ਗਈ ਹੈ
ਉਡੀਕ ਦੀ ਸਰਦਲ ਤੇ ਬੈਠੀ ਹਾਲੀ ਵੀ
ਇਨ੍ਹਾਂ ਦੀਵਾਰਾਂ ਤੋਂ ਬਾਹਰ
ਝਾਕਦੀ ਰਹਿੰਦੀ ਹੈ।
ਕਿ
ਇੱਕ ਦਿਨ ਉਸਦਾ
ਜੁਆਨ ਹੋ ਗਿਆ ਪੁੱਤ ਪਰਤੇਗਾ
ਹਰੇ ਰੰਗ ਦਾ ਮਾਂਡੀ ਲੱਗਿਆ ਦੁਪੱਟਾ ਲੈ ਕੇ
ਤੇ ਉਹ
ਫ਼ਖ਼ਰ ਨਾਲ਼
ਢਕ ਲਵੇਗੀ ਆਪਣਾ ਸਿਰ
ਜੋ ਉਮਰ ਭਰ ਨੰਗਾ ਰਿਹਾ ਹੈ।
ਤੋਹਮਤਾਂ ਕੋਈ ਦੁਪੱਟਾ
ਉਸਦੇ ਸਿਰ ‘ਤੇ ਟਿਕਣ ਨਹੀਂ ਦਿੱਤਾ।
ਉਹ ਸੁਰਖ਼ਰੂ ਹੋ ਕੇ ਬਚਦੇ ਦਿਨ ਲੰਘਾ ਸਕੇਗੀ
ਇਸ ਗੰਦੀ ਹਵਾੜ੍ਹ ਤੋਂ
ਇਸ ਲੁੱਚੀ ਹਾਹਾਕਾਰ ਤੋਂ।
ਤੇ ਮਿਲ ਜਾਏਗਾ ਹਰ ਇੱਕ ਨੂੰ
ਉਸਦੇ ਸੁੱਚੇ ਹੋਣ ਦਾ ਸਬੂਤ।
...................
ਮੈਂ ਹੈਰਾਨ ਹਾਂ ਕਿ ਕਿਉਂ
ਅਜੇ ਤੱਕ ਵੀ ਲਟਕਾਈ ਰੱਖੀ ਹੈ ਉਸਨੇ
ਚੁਬਾਰੇ ਵਿੱਚ
ਮੇਰੇ ਫੌਜੀ ਪਿਉ ਦੀ ਤਸਵੀਰ।
ਜਿਸਨੂੰ ਉਹ ਰੋਜ਼
ਉਦਾਸ ਨਜ਼ਰਾਂ ਨਾਲ ਵੇਖਦੀ ਹੈ।
ਤੇ ਖ਼ਾਮੋਸ਼ੀ ‘ਚ ਕੁਝ ਕਹਿੰਦੀ ਹੈ।
ਜੋ ਅੱਜ ਤੱਕ ਕਿਸੇ ਨਹੀਂ ਸੁਣਿਆ।
ਕਿੰਝ ਅਦਨਾ ਜਿਹਾ ਲੱਗ ਰਿਹਾ ਹੈ
ਖਾਕੀ ਨਿੱਕਰ ਤੇ ਫੰਬਿਆਂ ਵਾਲੀ ਪੱਗ ‘ਚ।
ਉਸਦੀ ਹਿੱਕ ਤੇ ਲਟਕਦਾ ਤਗਮਾ
ਮੈਨੂੰ ਸਦਾ ਹੀ ਸ਼ਰਮਸਾਰ ਕਰਦਾ ਰਹਿੰਦੈ।
ਜਿਸਨੂੰ ਜਿੱਤਣ ਲਈ
ਉਸਨੇ ਚਲਾਈ ਸੀ ਗੋਲੀ
ਬੜੀ ਖੁੱਲ੍ਹਦਿਲੀ ਨਾਲ਼
ਆਪਣੇ ਹੀ ਅਜ਼ਾਦੀ ਮੰਗਦੇ ਭਰਾਵਾਂ ਤੇ।
.....................
ਪਰ ਮੈਂ...........
ਇਸ ਤਸਵੀਰ ਨੂੰ ਕੁਝ ਨਹੀਂ ਕਰ ਸਕਦਾ
ਨਾ ਹੱਥ ਲਾ ਸਕਦਾ ਹਾਂ
ਨਾ ਚੁਬਾਰੇ ‘ਚੋਂ ਬਾਹਰ ਹੀ ਸੁੱਟ ਸਕਦਾ ਹਾਂ
ਮਾਂ ਵੀ
ਇਹੋ ਚਾਹੁੰਦੀ ਹੈ ਕਿ ਮੈਂ
ਚੁਬਾਰੇ ‘ਚ ਇਸ ਤਸਵੀਰ ਨੂੰ
ਲਟਕਦੀ ਰਹਿਣ ਦਿਆਂ
ਕਿਉਂਕਿ
ਇਸ ਨਾਲ ਮੇਰਾ ਤੇ ਮੇਰੀ ਮਾਂ ਦਾ ਸਬੰਧ ਹੈ।
ਇਹੋ ਹੀ
ਉਸਦੇ ਸੁੱਚੇ ਹੋਣ ਦਾ
ਇੱਕੋ ਇੱਕ ਸਬੂਤ ਹੈ।
4 comments:
nazam rua den wali hai... kinne hii gharan di kahani...
Behad bhaavpurat..
ਭਾਵਨਾਤਮਕ ਦਵੰਧ ਛੇੜਦੀ ਧਾਲੀਵਾਲ ਜੀ ਦੀ ਇਹ ਨਜ਼ਮ ਬਹੁਤ ਵਧੀਆ ਲੱਗੀ। ਵਧਾਈ ਧਾਲੀਵਾਲ ਜੀ।
ਜਸਵੰਤ ਸਿੱਧੂ
ਸਰੀ
ਧਾਲੀਵਾਲ ਸਾਹਿਬ ਏਨਾ ਹੀ ਆਖੂੰਗਾ ਕਿ ਇਹ ਨਜ਼ਮ ਕਿਆਮਤ ਢਾਹੁੰਦੀ ਹੈ।
ਮਨਧੀਰ ਦਿਓਲ
ਕੈਨੇਡਾ
Post a Comment