
ਚਲਨ ਅਪਣਾ ਫਬਨ ਅਪਣੀ ਤੇ ਰੂਹ ਨੂੰ ਮਾਰ ਆਇਆ ਸੀ।
ਮੈਂ ਆਉਂਦਾ ਅਸਤ ਅਪਣੇ ਇਕ ਨਦੀ ਵਿਚ ਤਾਰ ਆਇਆ ਸੀ।
----
ਉਹ ਪਰਛਾਵੇਂ ਉਨ੍ਹਾਂ ਦੀ ਪੈੜ ਮੇਰੇ ਤੀਕ ਆ ਪਹੁੰਚੀ,
ਜਿਨ੍ਹਾਂ ਤੋਂ ਦੌੜ ਕੇ ਮੈਂ ਸੱਤ ਸਮੁੰਦਰ ਪਾਰ ਆਇਆ ਸੀ।
----
ਧਰਮ ਚਿੰਨ੍ਹ ਕੀ, ਧਰਮ ਖ਼ੁਦ ਵੀ ਹੈ ਮੇਰੇ ਘਰ ‘ਚ ਆ ਘੁਸਿਆ,
ਜਿਨ੍ਹਾਂ ਨੂੰ ਪਹਿਨਣੇ ਤੋਂ ਕਰ ਕੇ ਮੈਂ ਇਨਕਾਰ ਆਇਆ ਸੀ।
----
ਨਾ ਮੁੜ ਉਸਦੀ ਸ਼ਕਲ ਦੇਖੀ ਦਿਖਾਇਆ ਜਗਤ ਸੀ ਜਿਸ ਨੇ,
ਮੈਂ ਉਸ ਨੂੰ ਹਰ ਵਰ੍ਹੇ ਮਿਲ਼ਣੇ ਦਾ ਕਰ ਇਕਰਾਰ ਆਇਆ ਸੀ।
----
ਨਦੀਮਾ! ਕਹਿ ਗਏ ਨੇ ਅਲਵਿਦਾ ਉਹ ਵੀ ਜਿਨ੍ਹਾਂ ਵੱਲੋਂ,
ਕਦੀ ਚਿੱਠੀ, ਕਦੀ ਹੱਥੀਂ ਸੁਨੇਹਾ, ਪਿਆਰ ਆਇਆ ਸੀ।
1 comment:
very nice ............
Post a Comment