
ਨਜ਼ਮ
ਤੇਰੀ ਨਿੱਕੀ-ਨਿੱਕੀ ਚਾਪ ‘ਚੋਂ ਮੈਂ ਤੈਨੂੰ ਸਿਰਜਦਾ
ਤੂੰ ਮੇਰੇ ਨਿੱਕੇ-ਨਿੱਕੇ ਡਰਾਂ ‘ਚੋਂ
ਬੁੱਕ ਦੇ ਪਾਣੀ ਵਾਂਗ ਸਰਕ ਜਾਂਦੀ
ਅਸੀਂ ਭੂਗੋਲ ਦੀਆਂ ਹੱਦਾਂ ਨੂੰ ਤੋੜਦੇ
ਤਹਿਜ਼ੀਬ ਦੇ ਹਨੇਰਿਆਂ ਨੂੰ ਦੰਦੀਆਂ ਵੱਢਦੇ
ਅਸੀਂ ਸਿੰਮਦੇ ਭਰਦੇ
ਅੱਖਾਂ ਵਿਚ ਕਿਣਕਿਆਂ ਵਾਂਗੂੰ ਰੜਕਦੇ
ਰੁੱਖਾਂ ਵਾਂਗ ਆਪਣੇ ਪੱਤੇ ਬਦਲਦੇ
ਮਨ ਵਿਚ
ਇੱਕ ਦੂਜੇ ਨੂੰ ਪੂਰੇ ਦਾ ਪੂਰਾ ਪਾਉਂਣ ਦੀ ਇੱਛਾ ਲਈ
ਹਰ ਵਾਰ ਜਿਸਮ ਦੀ ਸੀਮਾ ‘ਤੇ ਆ ਕੇ ਗਰਕ ਜਾਂਦੇ...
..................
ਯੁੱਗਾਂ ਯੁਗਾਂਤਰਾਂ ਤੋਂ ਇਹੋ ਸਿਲਸਿਲਾ
ਅਸੀਂ ਪੁਰਖੇ ਬਣਦੇ
ਅਸੀਂ ਬੱਚੇ ਬਣਦੇ
ਜਿਸਮ ਨੂੰ ਤਬਦੀਲ ਕਰਦੇ
ਸਭਿਆਤਾਵਾਂ ਨੂੰ ਫਰੇਬ ਦਿੰਦੇ
ਕਦੇ ਅਸੀਂ ਅਨਪੜ੍ਹ ਗਵਾਰ, ਡੰਗਰ
ਕਦੇ ਅਨੰਤਾਂ ਫਲਸਫ਼ਿਆਂ ਦੇ ਅਧਿਐਨ ‘ਚ ਮਗਨ
..................
ਪਰ ਪਤਾ ਨਹੀਂ ਕਿਉਂ
ਹਰ ਵਾਰ ਵਰਜਿਤ ਫਲ ਚੱਖਦੇ
ਤੂੰ ਧਰਤੀ ਦੀ ਪਹਿਲੀ ਨਾਰੀ
ਮੈਂ ਧਰਤੀ ਦਾ ਪਹਿਲਾ ਪੁਰਸ਼
ਤੂੰ ਫਿਰ ਫਿਰ ਔਰਤ ਬਣਦੀ
ਮੈਂ ਫਿਰ ਫਿਰ ਮਰਦ।
..............
ਅਸੀਂ ਅਨੇਕਾਂ ਰਿਸ਼ਤਿਆਂ, ਖ਼ਾਮੋਸ਼ੀਆਂ
ਬਦਸ੍ਵਰਾਂ, ਅਨਹਦਾਂ ‘ਚ ਵਿਚਰਦੇ
ਹਰ ਦਿਨ ਮੈਂ ਤੇਰੇ ਲਈ ਨਹਿਸ਼ ਨਸ਼ੱਤਰ
ਹਰ ਦਿਨ ਤੂੰ ਮੇਰੇ ਲਈ ਰਿਸਦੇ ਜ਼ਖ਼ਮ ਵਾਂਗੂੰ
....................
ਪਰ ਕੁਝ ਛਿਣਾਂ ਲਈ ਅਸੀਂ
ਇਕ ਦੂਜੇ ਦੇ ਪੂਰਵਕ
ਇਕ ਅਮੁੱਕ ਅਸੀਮ ਸਿਲਸਿਲੇ ‘ਚ
ਅਸੰਖ ਜੂਨੀਆਂ ‘ਚੋਂ ਹੁੰਦੇ ਹੋਏ
ਆਪਾਂ ਉਂਝ ਹੀ ਤੱਤਪਰ ਹਾਂ ਠਰਦੇ, ਮਘਦੇ ਤੇ ਦਗਦੇ!
No comments:
Post a Comment