
ਨਜ਼ਮ
ਜੇਕਰ, ਸ਼ਬਦ ਗੂੰਗੇ ਹੁੰਦੇ
ਤਾਂ ਮੈਂ ਵੀ, ਇੱਕ ਪੱਥਰ ਦਾ
ਬੁੱਤ ਹੋਣਾ ਸੀ-
..........
ਤੁਸੀਂ, ਜਦੋਂ ਵੀ
ਜਿੱਥੇ ਕਿਤੇ ਵੀ
ਮੈਨੂੰ ਰੱਖ ਸਕਦੇ ਸੋ
ਜਾਂ ਰੱਖੇ ਹੋਏ ਨੂੰ
ਪੁੱਟ ਸਕਦੇ ਸੋ
............
ਪਰ ਮੇਰੇ ਜ਼ਿਹਨ ਵਿੱਚ
ਤਾਂ, ਰੀਂਗਦੇ ਹੋਏ ਸ਼ਬਦ
ਚੁੱਪ ਰਹਿ ਨਹੀਂ ਸਕਦੇ
.............
ਜਦ ਵੀ, ਪ੍ਰਦੂਸ਼ਿਤ ਹਵਾ ਦਾ ਬੁੱਲਾ
ਮੇਰੇ ਬਦਨ ਨਾਲ
ਖਹਿ ਕੇ ਲੰਘਦਾ ਹੈ
ਮੈਂ ਵਿਦਰੋਹ ਵਿੱਚ
ਬੋਲ ਉੱਠਦਾ ਹਾਂ
...............
ਪ੍ਰਦੂਸ਼ਿਤ ਹਵਾ ਦਾ ਇਹ ਬੁੱਲਾ
ਸੜ੍ਹਾਂਦ ਮਾਰਦੀਆਂ
ਸਮਾਂ ਵਿਹਾ ਚੁੱਕੀਆਂ
ਕਦਰਾਂ-ਕੀਮਤਾਂ ‘ਚੋਂ
ਉੱਠਿਆ ਹੋਵੇ
ਬੌਣੇ ਹੋ ਚੁੱਕੇ
ਧਾਰਮਿਕ ਰਹੁ-ਰੀਤਾਂ
ਰਿਵਾਜਾਂ ‘ਚੋਂ
ਮੁਖੌਟਿਆਂ ਦਾ ਰੂਪ ਧਾਰ ਚੁੱਕੇ
ਦਰਸ਼ਨੀ ਚਿਹਰਿਆਂ ਦੀ
ਧਰਮੀ ਦਿੱਖ ‘ਚੋਂ
ਜਾਂ
ਇਹ ਹਵਾ ਦਾ ਬੁੱਲਾ
ਭ੍ਰਿਸ਼ਟ ਰਾਜਨੀਤੀ ਦੀਆਂ
ਭੱਠੀਆਂ ‘ਚ ਉਬਲ਼ ਰਹੀ
ਸ਼ਰਾਬ ਦੀ ਮਹਿਕ ਨਾਲ਼
ਭਿੱਜਿਆ ਹੋਵੇ-
................
ਇਹ ਜਿਉਂਦੇ ਜਾਗਦੇ
ਸ਼ਬਦ ਮੇਰੇ-
ਮੇਰਾ ਆਪਾ, ਮੇਰੀ ਰੂਹ
ਮੇਰੀ ਆਤਮਾ, ਮੇਰੀ ਆਵਾਜ਼
ਚੁੱਪ ਤਾਂ ਰਹਿ ਸਕਦੇ ਹਨ
ਕੁਝ ਪਲਾਂ ਲਈ
ਪਰ, ਗੂੰਗੇ ਬਣ ਨਹੀਂ ਸਕਦੇ
.................
ਜੇਕਰ, ਸ਼ਬਦ ਗੁੰਗੇ ਹੁੰਦੇ
ਤਾਂ, ਮੈਂ ਵੀ ਇੱਕ ਪੱਥਰ ਦਾ
ਬੁੱਤ ਹੋਣਾ ਸੀ.....!
No comments:
Post a Comment