
ਨਜ਼ਮ
ਅਹੁ ਚੱਲਿਆ, ਤੁਰ ਚੱਲਿਆ ਸੂਰਜ
ਧੁੰਦਲ਼ੀ ਸ਼ਾਮ ਮੇਰੀ ਦਾ,
ਮੇਰੇ ਗ਼ਮ ਨੂੰ ਲੋਰੀ ਦੇ ਕੇ
ਢਲ਼ ਚੱਲਿਆ ਪਰਛਾਵਾਂ।
.......
ਮੇਰੀ ਆਥਣ ਗ਼ਮ ਦੀ ਸਾਥਣ
ਕੈਫ਼ੇ ਦੇ ਵੱਲ ਤੁਰ ਪਈ,
ਨਵੀਂ ਸਦੀ ਦੇ ਸਦਾਚਾਰ ਦੇ
ਪਾ ਕੇ ਗਲ਼ ਵਿੱਚ ਬਾਹਵਾਂ।
.......
ਮੇਰੇ ਕੋਲ਼ ਜਗ੍ਹਾ ਨਹੀਂ, ਕਿ
ਦੁੱਖ ਦੇ ਕਿੱਸੇ ਸਾਂਭਾਂ,
ਤੇਰੇ ਕੋਲ਼ ਸਮਾਂ ਨਹੀਂ, ਕਿ
ਬਹਿ ਕੇ ਸੁਣੇਂ ਕਥਾਵਾਂ।
.......
ਜੀਭਾਂ ਵਾਲ਼ੇ ਮੋੜ ਮੋੜ ਤੇ
ਜੁੰਡੀਆਂ ਜੋੜੀ ਬੈਠੇ,
ਕੰਨਾਂ ਵਾਲ਼ਾ ਕੋਈ ਨਾ ਮਿਲ਼ਦਾ
ਕਿਸ ਨੂੰ ਵਿਥਾ ਸੁਣਾਵਾਂ?
.......
ਆ, ਕਿ ਇੰਤਜ਼ਾਰ ਦੀ ਸੀਮਾਂ
ਬਹੁਤ ਮੋਕਲ਼ੀ ਹੁੰਦੀ,
ਇਹ ਤਾਂ ਏਥੇ ਸਦਾ ਰਹੇਗਾ
ਮੈਂ ਭਾਵੇਂ ਤੁਰ ਜਾਵਾਂ।
.......
ਬਹਿਣਾ ਮੈਨੂੰ ਰਾਸ ਨਾ ਆਇਆ
ਤੁਰਨਾ ਵੀ ਇੱਕ ਜ਼ੋਖ਼ਮ,
ਤੁਰਦੇ ਰਹਿਣਾ, ਤੁਰਦੇ ਜਾਣਾ
ਬਦਲ ਬਦਲ ਕੇ ਥਾਵਾਂ।
........
ਆਪਣੇ ਗ਼ਮ ਨੂੰ ਤੇਰੇ ਨਾਂ ਦੀ
ਕਸਮ ਖੁਆ ਕੇ ਤੁਰਿਆ,
ਫੇਰ ਕਿਵੇਂ ਮੈਂ ਹੋਰ ਰੁੱਖ ਦੀ
ਛਾਂ ਹੇਠਾਂ ਬਹਿ ਜਾਵਾਂ?
.......
ਨਾ ਗ਼ਮ ਤੇਰੇ ਤੁਰ ਜਾਵਣ ਦਾ
ਨਾ ਗ਼ਮ ਆਪਣੇ ਗ਼ਮ ਦਾ,
ਗ਼ਮ ਤਾਂ ਹੈ ਕਿ ਮੋੜ ਮੋੜ ਤੇ
ਕਿਉਂ ਮੈਂ ਧੋਖੇ ਖਾਵਾਂ?
No comments:
Post a Comment