ਢੀਂਗਰੇ ਦਾ ਇਹ ਕੰਮ ਨਹੀਂ ਸੀ
ਨਜ਼ਮ
ਗ਼ੁਲਾਮੀ ਵਾਲਾ ਜੀਵਨ ਜੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
ਢੀਠਾਂ ਵਾਂਗੂੰ ਹੋਣਾ ਹੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
----
ਸੱਤ ਸਮੁੰਦਰ ਪਾਰ ਕਰੇ ਕੋਈ, ਸਾਡੀ ਅਣਖ ਵੰਗਾਰਨ ਲਈ,
ਜ਼ਰ, ਜ਼ੋਰੂ, ਜ਼ਮੀਨ ਹੜੱਪੇ, ਆਪਣੇ ਮੁਲਕ ਸੰਵਾਰਨ ਲਈ,
ਅੱਖਾਂ ਮੀਟ ਕੇ ਜ਼ਹਿਰ ਇਹ ਪੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
ਢੀਠਾਂ ਵਾਂਗੂੰ ਹੋਣਾ ਹੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
----
ਕੁੱਝ ਛਿਲੜਾਂ ਦੀ ਲਾਲਸਾ ਪਿੱਛੇ, ਆਪਣਿਆਂ ਨਾਲ ਗ਼ੱਦਾਰੀ ਕਰਨਾ,
ਮੁਰੱਬਿਆਂ ਅਤੇ ਜਗੀਰਾਂ ਖ਼ਾਤਰ, ਧੀਆਂ ਹਾਕਮਾਂ ਅੱਗੇ ਧਰਨਾ,
ਝੋਲੀ ਚੁੱਕ ਕੇ ਵਖਤ ਟਪੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
ਢੀਠਾਂ ਵਾਂਗੂੰ ਹੋਣਾ ਹੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
----
ਚੋਰੀ, ਲੁੱਟ ਤੇ ਠੱਗੀ ਕਰਕੇ, ਮਾਲ ਪਰਾਇਆ ਖਾਈ ਜਾਣਾ,
ਵਿਦੇਸ਼ੀ ਹਾਕਮ ਦੇ ਚਾਬੁਕ ਤੋਂ, ਤਨ ਅਪਣਾ ਕੁਟਵਾਈ ਜਾਣਾ,
ਜ਼ਾਲਮ ਦੀ ਨਿੱਤ ਚੱਕੀ ਪੀਹਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
ਢੀਠਾਂ ਵਾਂਗੂੰ ਹੋਣਾ ਹੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
----
ਕੁਨਬੇ ਦੀ ਪਰਵਾਹ ਨਹੀਂ ਉਸਨੂੰ, ਜਿਸ ਦਾ ਦੇਸ਼ ਗੁਲਾਮ ਕਹਾਵੇ,
ਸਾਰੇ ਦੇਸ਼ ਨੂੰ ਕੁਨਬਾ ਸਮਝੇ, ਉਸ ਤੋਂ ਜਾਨ ਲੁਟਾਈ ਜਾਵੇ,
ਕੁਰਬਾਨੀ ਤੋਂ ਜਿੰਦ ਲੁਕੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
ਢੀਠਾਂ ਵਾਂਗੂੰ ਹੋਣਾ ਹੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
----
ਜੱਗੋਂ ਬਾਹਰੀ ਉਸ ਨਾਲ ਬੀਤੀ, ਮਾਪੇ ਕੁਮਾਪੇ ਹੋ ਬੈਠੇ ਸਨ,
ਸਮਾਜੀ ਰਿਸ਼ਤਿਆਂ ਦੇ ਦਰਵਾਜ਼ੇ, ਉਸ ਦੇ ਵੱਲੋਂ ਢੋ ਬੈਠੇ ਸਨ,
ਪੁੱਤਰ ਤੋਂ ਕਪੁੱਤ ਸਦੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
ਢੀਠਾਂ ਵਾਂਗੂੰ ਹੋਣਾ ਹੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
----
ਗੁਲਾਮੀ ਵਾਲਾ ਜੀਵਨ ਜੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
ਢੀਠਾਂ ਵਾਂਗੂੰ ਹੋਣਾ ਹੀਣਾ, ਢੀਂਗਰੇ ਦਾ ਇਹ ਕੰਮ ਨਹੀਂ ਸੀ।
No comments:
Post a Comment