ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, November 23, 2009

ਕੁੰਜੂਆ ਤੇ ਚੈਂਚਲੋ - ਪਹਾੜੀ ਲੋਕ-ਗੀਤ

ਦੋਸਤੋ! ਜਦੋਂ ਮੈਂ ਲੁਧਿਆਣੇ ਐਮ.ਏ. ਅੰਗਰੇਜ਼ੀ ਕਰ ਰਹੀ ਸੀ ਉਦੋਂ ਸ਼ਿਮਲੇ ਦੀ ਇੱਕ ਲੜਕੀ ਸਾਡੀ ਸਹਿਪਾਠਣ ਹੁੰਦੀ ਸੀ। ਕਦੇ-ਕਦੇ ਉਹ ਹਿਮਾਚਲ ਤੇ ਪਹਾੜਾਂ ਨੂੰ ਯਾਦ ਕਰਦੀ, ਉਦਾਸ ਹੋ ਕੇ ਪਹਾੜੀ ਲੋਕ-ਗੀਤ ਗਾਉਂਦਿਆਂ ਰੋਣ ਲੱਗ ਪੈਂਦੀ ਸੀ। ਉਹਨਾਂ ਗੀਤਾਂ ਵਿਚਲਾ ਦਰਦ, ਹੌਸਟਲ ਦੇ ਮਾਹੌਲ ਨੂੰ ਵੈਰਾਗਮਈ ਕਰ ਦਿੰਦਾ ਅਤੇ ਸੁਣਨ ਵਾਲ਼ੀਆਂ ਸਾਰੀਆਂ ਕੁੜੀਆਂ ਦੀਆਂ ਅੱਖਾਂ ਆਪ ਮੁਹਾਰੇ ਵਹਿ ਤੁਰਦੀਆਂ।

-----

ਅੱਜ ਸੋਚਿਆ ਕਿਉਂ ਨਾ ਦੋ ਪਹਾੜੀ ਲੋਕ-ਗੀਤ ਤੁਹਾਡੇ ਨਾਲ਼ ਸਾਂਝੇ ਕੀਤੇ ਜਾਣ। ਇਹ ਦੋ ਅਲੱਗ-ਅਲੱਗ ਗੀਤ ਹੁੰਦਿਆਂ ਹੋਇਆਂ ਵੀ ਇਕੱਠੇ ਗਾਏ ਜਾਂਦੇ ਹਨ, ਕਿਉਂਕਿ ਪਹਿਲੇ ਗੀਤ ਵਿਚਲਾ ਸੰਵਾਦ, ਦੂਜੇ ਗੀਤ ਵਿਚ ਵੀ ਚੱਲਦਾ ਹੈ।

-----

ਕੁਝ ਜਾਣਕਾਰੀ: ਇਹ ਕਾਂਗੜੇ ਦਾ ਲੋਕ-ਗੀਤ ਹੈ। ਚੈਂਚਲੋ ਕਾਂਗੜੇ ਦੀ ਹੁਸੀਨ ਮੁਟਿਆਰ ਸੀ ਤੇ ਕੁੰਜੂਆ, ਗੱਦੀ ਉਸਦਾ ਪ੍ਰੇਮੀ। ਆਖਦੇ ਨੇ ਕੁੰਜੂਏ ਦੇ ਪ੍ਰੇਮ ਚ ਚੈਂਚਲੋ ਸਭ ਕੁਝ ਭੁਲਾ ਕੇ, ਆਪਣਾ ਘਰ-ਬਾਰ ਛੱਡ, ਉਸ ਨਾਲ਼ ਭੱਜ ਗਈ ਸੀ। ਅਨੇਕਾਂ ਪਹਾੜੀ ਲੋਕ- ਗੀਤਾਂ ਵਿਚ ਇਹਨਾਂ ਦੋਵਾਂ ਪ੍ਰੇਮੀਆਂ ਦਾ ਜ਼ਿਕਰ ਆਉਂਦਾ ਹੈ। ਨਾਲ਼ ਹੀ ਇਹਨਾਂ ਗੀਤਾਂ ਵਿਚ ਪਹਾੜੀ ਮੁਟਿਆਰ ਦੇ ਹੁਸਨ ਦਾ ਸ਼ਿੰਗਾਰ ਬਹੁਤ ਸਾਰੇ ਗਹਿਣਿਆਂ ਦਾ ਵੀ ਖ਼ੂਬਸੂਰਤ ਵਰਨਣ ਮਿਲ਼ਦਾ ਹੈ। ਆਸ ਹੈ ਕਿ ਲੋਕ ਗੀਤਾਂ ਦਾ ਇਹ ਵੱਖਰਾ ਜਿਹਾ ਤੇ ਖ਼ੂਬਸੂਰਤ ਰੰਗ ਤੁਹਾਨੂੰ ਜ਼ਰੂਰ ਪਸੰਦ ਆਵੇਗਾ।

ਅਦਬ ਸਹਿਤ

ਤਨਦੀਪ ਤਮੰਨਾ

********

ਕੁੰਜੂਆ ਤੇ ਚੈਂਚਲੋ

ਪਹਾੜੀ ਲੋਕ-ਗੀਤ

ਕੱਪੜੇ ਧੋਵਾਂ, ਨਾਲ਼ੇ ਰੋਵਾਂ, ਕੁੰਜੂਆ!

ਮੁੱਖੋਂ ਬੋਲ ਜਵਾਨੀ ਹੋ।

.......

ਹੱਥ ਵਿਚ ਰੇਸ਼ਮੀ ਰੁਮਾਲ, ਚੈਂਚਲੋ!

ਬਿਚ ਛੱਲਾ ਨਿਸ਼ਾਨੀ ਹੋ।

.......

ਗੋਰੀਆਂ ਬਾਹਾਂ ਬਿਚ ਚੂੜਾ, ਚੈਂਚਲੋ!

ਬਿਚ ਗਜਰਾ ਨਿਸ਼ਾਨੀ ਹੋ।

.......

ਗਲ਼ ਨੂੰ ਕੁੜਤੀ ਕਾਲ਼ੀ, ਚੈਂਚਲੋ!

ਉੱਤੇ ਬੀੜੇ ਨਿਸ਼ਾਨੀ ਹੋ।

.......

ਸਿਰ ਤੇਰੇ ਕਾਲ਼ੇ ਕੇਸ, ਚੈਂਚਲੋ!

ਉੱਤੇ ਚੱਕ ਨਿਸ਼ਾਨੀ ਹੋ।

.......

ਪੈਰ ਤੇਰੇ ਬੇਲਣ ਬੇਲੇ, ਚੈਂਚਲੋ!

ਪੰਜੇਬਾਂ ਨਿਸ਼ਾਨੀ ਹੋ।

.......

ਗੋਰਾ ਗੋਰਾ ਤੇਰਾ ਮੂੰਹ, ਚੈਂਚਲੋ!

ਉੱਤੇ ਬਾਲੂ ਨਿਸ਼ਾਨੀ ਹੋ।

........

ਲਟ-ਪਟ ਜਵਾਨੀ ਤੇਰੀ ਦੇਖੀ, ਕੁੰਜੂਆ!

ਅਸਾਂ ਫੋਟੋ ਖਿਚਾਨੀ ਹੋ।

*****

ਗਲ਼ ਨੂੰ ਹੱਥ ਨਾ ਲਾਈਂ, ਕੁੰਜੂਆ!

ਮੇਰੇ ਟੁੱਟਣ ਗਲ਼ੇ ਦੇ ਬੀੜੇ ਹੋ।

........

ਬੀੜਿਆਂ ਦਾ ਗ਼ਮ ਨਾ ਕਰੀਂ, ਚੈਂਚਲੋ!

ਚੰਬੇ ਵਿਕਦੇ ਬਥੇਰੇ ਹੋ।

........

ਬਾਹਵਾਂ ਤੋਂ ਮੈਨੂੰ ਨਾ ਫੜ, ਕੁੰਜੂਆ!

ਟੋਕੇ ਟੁੱਟ ਗਏ ਮੇਰੇ ਹੋ।

.......

ਟੋਕਿਆਂ ਦਾ ਗ਼ਮ ਨਾ ਕਰੀਂ, ਚੈਂਚਲੋ!

ਚੰਬੇ ਸੁਨਿਆਰੇ ਬਥੇਰੇ ਹੋ।

........

ਉੱਠ ਕੇ ਸ਼ਿਕਾਰ ਬਣਾ, ਚੈਂਚਲੋ!

ਅੱਜ ਮਹਿਮਾਨ ਤੇਰੇ ਹੋ।

........

ਕੀਆਂ ਸ਼ਿਕਾਰ ਬਣਾਵਾਂ, ਕੁੰਜੂਆ!

ਬਾਪੂ ਜਾਗਦਾ ਡੇਰੇ ਹੋ।


1 comment:

Rajinderjeet said...

ਹਿਮਾਚਲੀ ਰੰਗ ਬਹੁਤ ਚੰਗਾ ਤੇ ਮਾਸੂਮ ਜਿਹਾ ਲੱਗਿਆ...ਆਰਸੀ ਦੇ ਮੋਕਲ਼ੇ ਘੇਰੇ ਨੂੰ ਵੇਖਦਿਆਂ ਕੁਝ ਲੋਕ ਬੌਖਲ਼ਾਏ ਜਿਹੇ ਦਿਸਦੇ ਹਨ | ਸਾਰਾ ਪਾਠਕ ਵਰਗ ਆਰਸੀ ਦੇ ਨਾਲ਼ ਹੈ,ਤਕੜੇ ਹੋ ਕੇ ਲੱਗੇ ਰਹੋ | ਤੁਸੀਂ ਸੱਚੀਓਂ ਪੰਜਾਬੀ ਸਾਹਿਤ ਵਾਸਤੇ ਕੰਮ ਕਰ ਰਹੇ ਹੋ |