ਬੜੀ ਉਮੀਦ ਲੈ ਕੇ ਮੈਂ ਤੇਰੇ ਬੂਹੇ ‘ਤੇ ਆਈ ਹਾਂ।
ਕਿ ਤੂੰ ਭਰਪੂਰ ਸਾਗਰ ਤੇ ਮੈਂ ਜਨਮਾਂ ਦੀ ਤਿਹਾਈ ਹਾਂ।
-----
ਜਵਾਨੀ ਵੇਖ ਲੈ ਮੇਰੀ ਕਿਵੇਂ ਮਿੱਟੀ ‘ਚ ਰੁਲ਼ਦੀ ਏ,
ਮੈਂ ਦਰਦਾਂ ਨੂੰ ਵਿਆਹੀ ਹਾਂ ਤੇ ਬਿਰਹੋਂ ਦੀ ਕਮਾਈ ਹਾਂ।
-----
ਨਾ ਅਪਣੇ ਹੀ ਰਹੇ ਅਪਣੇ, ਬਿਗਾਨੇ ਤਾਂ ਬਿਗਾਨੇ ਨੇ,
ਮੈਂ ਪੇਕੇ ਵੀ ਪਰਾਈ ਸੀ ਤੇ ਸਹੁਰੇ ਵੀ ਪਰਾਈ ਹਾਂ।
-----
ਬੜਾ ਜ਼ਾਲਮ ਜ਼ਮਾਨਾ ਹੈ, ਇਹ ਦੁਨੀਆ ਵੇਖ ਨ੍ਹੀਂ ਜਰਦੀ,
ਕਿ ਸੱਚੇ ਪਿਆਰ ਦੇ ਬਦਲੇ ਮੈਂ ਸੂਲ਼ੀ ‘ਤੇ ਚੜ੍ਹਾਈ ਹਾਂ।
-----
ਜੇ ਮੇਰਾ ਪਿਆਰ ਤੱਕਿਆ ਈ, ਸਜ਼ਾ ਵੀ ਵੇਖ ਤੂੰ ਇਸਦੀ,
ਬੜੀ ਝੰਬੀ, ਨਿਚੋੜੀ ਹਾਂ, ਤਵੀ ‘ਤੇ ਧਰ ਸੁਕਾਈ ਹਾਂ।
-----
ਬਹੁਤ ਗ਼ੈਰਾਂ ‘ਚ ਹੁੰਦੀ ਏ ‘ਗ਼ਜ਼ਲ ਕੁਲਜੀਤ’ ਦੀ ਚਰਚਾ,
ਹਮੇਸ਼ਾ ਜਿੱਤਦੀ ਹਾਂ ਪਰ ਮੁਹੱਬਤ ਦੀ ਹਰਾਈ ਹਾਂ।
4 comments:
ਕਿੰਨੀ ਦਲੇਰੀ ਨਾਲ ਕੋਮਲ ਅਹਿਸਾਸਾਂ ਨੂੰ ਪੇਸ਼ ਕਰਦੀ ਹੈ ਕੁਲਜੀਤ ਦੀ ਇਹ ਗਜ਼ਲ
110% ਸਹਿਮਤ ਹਾਂ ਬਲਜੀਤ ਪਾਲ ਸਿੰਘ ਜੀ ਤੁਹਾਡੇ ਨਾਲ਼
mainu bahut changgi laggi ih ghazal
Bahut suhani hai tuhadi likhat...tuhadi kalam di umar lambi hove ! Surjit.
Post a Comment