ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, February 9, 2010

ਮਰਹੂਮ ਸੰਤੋਖ ਸਿੰਘ ਧੀਰ - ਨਜ਼ਮ

ਦੋਸਤੋ! ਜਿਵੇਂ ਕਿ ਪਹਿਲਾਂ ਹੀ ਇਹ ਖ਼ਬਰ ਸਾਂਝੀ ਕੀਤੀ ਜਾ ਚੁੱਕੀ ਹੈ ਕਿ ਸ਼ਿਰੋਮਣੀ ਪੰਜਾਬੀ ਲੇਖਕ ਸੰਤੋਖ ਸਿੰਘ ਧੀਰ ਜੀ ਪਰਮਾਤਮਾ ਵੱਲੋਂ ਬਖ਼ਸ਼ੀ ਉਮਰ ਭੋਗ ਕੇ ਅੱਜ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ, ਆਰਸੀ ਚ ਉਹਨਾਂ ਦੀ ਕਿਤਾਬ ਪੈਰ ਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਸ਼ਾਮਿਲ ਕਰਨ ਜਾ ਰਹੀ ਹਾਂ। ਸੰਨ 2000 ਚ ਛਪੀ ਉਹਨਾਂ ਦੀ ਇਹ ਕਿਤਾਬ ਮੈਨੂੰ ਧੀਰ ਸਾਹਿਬ ਦੇ ਜਿਗਰੀ ਦੋਸਤ ਕੋਕਿਟਲਮ ਵਸਦੇ ਲੇਖਕ ਗੁਰਚਰਨ ਰਾਮਪੁਰੀ ਜੀ ਨੇ ਪੜ੍ਹਨ ਵਾਸਤੇ ਦਿੱਤੀ ਸੀ।

ਅਦਬ ਸਹਿਤ

ਤਨਦੀਪ ਤਮੰਨਾ

**********

ਟੁੱਟ ਚੁੱਕੇ ਤਾਰੇ ਨੂੰ

ਨਜ਼ਮ

( ਇਕ ਲੋਕ ਗੀਤ ਦੀ ਧੁਨ ਤੇ ਅਧਾਰਿਤ )

ਕਿੱਥੇ ਕੱਟੇਂਗਾ ਰਾਤ

ਵੇ ਟੁੱਟਿਆ ਤਾਰਿਆ।

ਕਿਸੇ ਨਾ ਪੁੱਛਣੀ ਬਾਤ

ਵੇ ਟੁੱਟਿਆ ਤਾਰਿਆ।

-----

ਏਥੇ ਸ਼ਾਮ ਬਲੇਂਦੀ ਅੱਗ ਵੇ

ਨਿੱਤ ਭਟਕਣ ਲਾਟਾਂ,

ਏਥੇ ਖ਼ੂਨ ਚੋਣ ਪਰਭਾਤ

ਵੇ ਟੁੱਟਿਆ ਤਾਰਿਆ।

-----

ਅਸੀਂ ਨਾਦਰਸ਼ਾਹੀਆਂ ਭੋਗੀਆਂ

ਅਸੀਂ ਬਾਬਰਸ਼ਾਹੀਆਂ,

ਅੱਜ ਪੈ ਗਏ ਇਹ ਸਭ ਮਾਤ

ਵੇ ਟੁੱਟਿਆ ਤਾਰਿਆ।

-----

ਅੱਜ ਦੈਂਤ ਡਰਾਉਣੇ ਨਾ ਰਹੇ

ਨਾ ਬਾਘ-ਬਘੇਲੇ,

ਅੱਜ ਬਣੀ ਇਹ ਆਦਮਜ਼ਾਤ

ਵੇ ਟੁੱਟਿਆ ਤਾਰਿਆ।

-----

ਏਥੇ ਸੂਰਜ ਡਰ-ਡਰ ਸੁੰਗੜੇ

ਏਥੇ ਚੰਨ ਨਿਰਾਸੇ,

ਏਥੇ ਕੀ ਸਾਡੀ ਔਕ਼ਾਤ

ਵੇ ਟੁੱਟਿਆ ਤਾਰਿਆ।

=====

ਮੈਂ ਹਾਂ ਇਕ ਨਿੱਕਾ ਜਿਹਾ ਦੀਵਾ

ਨਜ਼ਮ

ਚਾਨਣ ਦਾ ਸ਼ਿਵ-ਮੁਖੜਾ ਚਮਕੇ

ਗਲ਼ ਵਿਚ ਨਾਗ ਹਨੇਰੇ ਦਾ,

ਸ਼ੇਰ-ਖੱਲ ਜਿਉਂ ਧੁੱਪਾਂ-ਰਾਤਾਂ

ਆਸਣ ਸੁਰਖ਼ ਸਵੇਰੇ ਦਾ।

-----

ਆ ਸ਼ੰਕਰ ਕੈਲਾਸ਼ ਤੋਂ ਹੇਠਾਂ

ਸੁਣ ਅਰਜੋਈ ਧਰਤੀ ਦੀ,

ਹੁਣ ਸਮਾਂ ਨਹੀਂ ਸਮਾਧੀਆਂ ਵਾਲ਼ਾ

ਸਮਾਂ ਹੈ ਤਾਂਡਵ ਤੇਰੇ ਦਾ।

-----

ਹਾ ਹਾ ਕਾਰ ਮੱਚੀ ਜੱਗ ਅੰਦਰ

ਦਾਨਵ ਬੜ੍ਹਕਾਂ ਮਾਰ ਰਹੇ,

ਦਾਵਾ ਅਗਨਿ ਬਹੁਤ ਤ੍ਰਿਣ ਜਾਲ਼ੇ

ਹਾਲ ਹੈ ਇਹ ਜੱਗ ਮੇਰੇ ਦਾ।

-----

ਚਾਰ-ਚੁਫ਼ੇਰੇ ਨਾਗ ਸ਼ੂਕਦੇ

ਪੌਣਾਂ ਦੂਸ਼ਿਤ ਹੋ ਗਈਆਂ,

ਨਾ ਕੋਈ ਏਥੇ ਦਿਸੇ ਗਾਰੜੂ

ਨਾ ਵੱਸ ਕਿਸੇ ਸਪੇਰੇ ਦਾ।

-----

ਨਾ ਕੋਈ ਕਦਰ, ਨਾ ਕੀਮਤ ਕੋਈ,

ਨਾ ਕੋਈ ਮਾਣ ਨਾ ਮਰਿਆਦਾ,

ਨਾ ਕੋਈ ਰੀਤ ਨਰੋਈ ਕਿਧਰੇ

ਪਾਸ ਨਾ ਤੇਰੇ-ਮੇਰੇ ਦਾ।

-----

ਸੂਰਜ-ਚੰਨ ਬੱਦਲਾਂ ਦੇ ਉਹਲੇ

ਨਾ ਛਬ ਰਹੀ ਉਹ ਤਾਰਿਆਂ ਦੀ,

ਰਿਹਾ ਨਾ ਹੁਣ ਉਹ ਅੰਮ੍ਰਿਤ ਵੇਲ਼ਾ

ਨਾ ਉਹ ਰੰਗ ਸਵੇਰੇ ਦਾ।

-----

ਮੈਂ ਹਾਂ ਇਕ ਨਿੱਕਾ ਜਿਹਾ ਦੀਵਾ

ਕੀ ਮੇਰੀ ਔਕ਼ਾਤ ਭਲਾ?

ਕਿੰਝ ਟਾਕਰਾ ਕਰਾਂ ਇਕੱਲਾ

ਕਲਯੁਗ ਜਿਹੇ ਹਨੇਰੇ ਦਾ।

-----

ਆ ਸ਼ੰਕਰ ਕੈਲਾਸ਼ ਤੋਂ ਹੇਠਾਂ

ਸੁਣ ਅਰਜੋਈ ਧਰਤੀ ਦੀ,

ਹੁਣ ਸਮਾਂ ਨਹੀਂ ਸਮਾਧੀਆਂ ਵਾਲ਼ਾ

ਸਮਾਂ ਹੈ ਤਾਂਡਵ ਤੇਰੇ ਦਾ।

=====

ਰਾਵਲਪਿੰਡੀ

ਨਜ਼ਮ

ਅੱਜ ਕੱਲ੍ਹ ਮੈਨੂੰ

ਕਦੇ-ਕਦਾਈਂ

ਸੁਫ਼ਨੇ ਦੇ ਵਿਚ ਨਜ਼ਰੀ ਆਉਂਦੀ

ਪਾਕਿਸਤਾਨ ਦੀ ਰਾਵਲਪਿੰਡੀ

..............

ਪਾਕਿਸਤਾਨ ਦੀ ਰਾਵਲਪਿੰਡੀ

ਕਦੇ ਸੀ ਕੇਵਲ ਰਾਵਲਪਿੰਡੀ

ਪਾਕਿਸਤਾਨ ਦਾ ਨਹੀਂ ਦੀ ਕਿਧਰੇ

ਨਾਂ ਤੇ ਥਾਂ

ਰਾਵਲਪਿੰਡੀ! ਅੱਜ ਮੈਂ ਉਹ ਦਿਨ

ਕਿੱਥੋਂ ਮੋੜ ਲਿਆਵਾਂ?

................

ਸੱਤ ਵਰ੍ਹੇ ਦੀ ਉਮਰ ਸੀ ਮੇਰੀ

ਜਦ ਮੈਂ ਤੱਕੀ ਪਹਿਲੀ ਵਾਰੀ

ਰਾਵਲਪਿੰਡੀ

ਅੱਖੀਂ ਕੱਜਲ

ਹੋਂਠ ਦੰਦਾਸਾ

ਆਸਾਂ-ਜਾਸਾਂ" ਬੋਲਣ ਵਾਲ਼ੀ

ਪੋਠੋਹਾਰ ਦੀ ਸੁੰਦਰ ਨੱਢੀ।

..............

ਸੋਲ੍ਹਾਂ ਵਰ੍ਹੇ ਦੀ ਉਮਰ ਸੀ ਮੇਰੀ

ਜਦ ਮੈਂ ਤੱਕੀ ਦੂਜੀ ਵਾਰੀ

ਰਾਵਲਪਿੰਡੀ

ਮਿੱਠੀ-ਮਿੱਠੀ

ਪਿਆਰੀ-ਪਿਆਰੀ

ਪਰਸਤਾਨ ਦੀਆਂ ਪਰੀਆਂ ਵਰਗੀ

ਡੁੱਲ੍ਹ-ਡੁੱਲ੍ਹ ਪੈਂਦੀ ਸ਼ਹਿਦ-ਕਟੋਰੀ।

.............

ਏਧਰ ਛਾਉਣੀ

ਏਧਰ ਸ਼ਹਿਰ

ਵਿੱਚੋਂ ਲੰਘਦੀ

ਦੂਰ ਪਿਸ਼ਾਵਰ ਜਾਂਦੀ ਰੇਲ

ਛਾਉਣੀ ਪਾਸੇ ਸਦਰ ਬਾਜ਼ਾਰ

ਸ਼ਹਿਰ ਦੇ ਪਾਸੇ ਰਾਜਾ ਬਾਜ਼ਾਰ

ਕੁੱਲਿਆਂ ਤੇ ਸਲਵਾਰਾਂ ਵਾਲ਼ੇ

ਡਾਹਢੀ ਸ਼ਾਨ ਏ ਆਖਣ ਵਾਲ਼ੇ

ਛੈਲ-ਛਬੀਲੇ ਇਹ ਬਾਜ਼ਾਰ।

............

ਰਾਵਲਪਿੰਡੀ ਵਿੱਚੋਂ ਹੀ ਮੈਂ

ਆਪਣੇ ਕਵੀ ਦੀ ਕਲਮ ਸੀ ਚੁੱਕੀ

ਅੱਖਰ ਜੋੜੇ

ਬੈਂਤ ਬਣਾਏ

ਰੰਗ ਗੁਲਾਬੀ ਕਾਗ਼ਜ਼ ਉੱਤੇ

ਆਪਣੀ ਪਹਿਲੀ ਕਵਿਤਾ ਲਿਖੀ

ਆਪਣੀ ਪਹਿਲੀ ਪਿਆਰ ਦੀ ਚਿੱਠੀ।

...............

ਪਾਕਿਸਤਾਨ!

ਨਾ ਬੁਰਾ ਮਨਾਈਂ

ਅੱਜ ਕੱਲ੍ਹ ਮੈਨੂੰ

ਕਦੇ-ਕਦਾਈਂ

ਸੁਫ਼ਨੇ ਦੇ ਵਿਚ ਨਜ਼ਰੀਂ ਆਉਂਦੀ

ਤੇਰੀ ਪਿਆਰੀ ਰਾਵਲਪਿੰਡੀ।

...............

ਤੇਰੀ ਪਿਆਰੀ ਰਾਵਲਪਿੰਡੀ

ਮਿੱਠੀ-ਮਿੱਠੀ

ਪਿਆਰੀ-ਪਿਆਰੀ

ਖੰਡ-ਮਿਸ਼ਰੀ ਦੀਆਂ ਡਲੀਆਂ ਵਰਗੀ

ਡੁੱਲ੍ਹ-ਡੁੱਲ੍ਹ ਪੈਂਦੀ ਸ਼ਹਿਦ-ਕਟੋਰੀ

ਅੱਜ ਵੀ ਮੈਨੂੰ ਜਾਪ ਰਹੀ ਹੈ

ਜਿਵੇਂ ਇਹ ਹੋਵੇ ਮੇਰੀ-ਮੇਰੀ।

................

ਪਾਕਿਸਤਾਨ!

ਨਾ ਬੁਰਾ ਮਨਾਈਂ

ਇਹ ਨਹੀਂ ਤੇਰੀ ਰਾਵਲਪਿੰਡੀ

ਇਹ ਹੈ ਮੇਰੀ ਰਾਵਲਪਿੰਡੀ

ਮੇਰੀ ਵੀ ਹੈ ਰਾਵਲਪਿੰਡੀ।

ਮੇਰੀ ਪਿਆਰੀ ਰਾਵਲਪਿੰਡੀ!

ਜੁਗ-ਜੁਗ ਜੀਵੇਂ

ਖ਼ੁਸ਼ੀਆਂ ਮਾਣੇਂ

ਘੋਲ਼ੀ ਜਾਵਾਂ

ਵਾਰੀ ਜਾਵਾਂ

ਹੋਵਣ ਤੇਰੀਆਂ ਦੂਰ ਬਲਾਵਾਂ।

1 comment:

ਤਨਦੀਪ 'ਤਮੰਨਾ' said...

ਸੁਪ੍ਰਸਿੱਧ ਲੇਖਕ ਸ: ਸੰਤੋਖ ਸਿੰਘ ਧੀਰ ਜੀ ਦੇ ਅਕਾਲ ਚਲਾਣੇ ਤੇ ਡੂੰਘਾ ਅਫ਼ਸੋਸ
..........
ਉਥੇ ਜਾਣ ਪਹਿਚਾਣ ਦੀ ਕੋਈ ਲੋੜ ਨਹੀ ਹੁੰਦੀ, ਉਸ ਆਦਮੀ ਨੂੰ ਭਾਵੇਂ ਮਿਲੇ ਹੋਵੋ ਜਾ ਨਾ ਮਿਲੇ ਹੋਵੋ ,ਦਿਲ ਬਦੋ-ਬਦੀ ਉਸ ਵਾਸਤੇ ਸੋਗ ਮਨਾਉਣ ਲੱਗ ਪੈਂਦਾ ਹੈ, ਜਦੋ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਂਦਾ ਹੈ ।ਉਹਨਾਂ ਦੇ ਸਮਾਜ ਵਿਚ ਕੀਤੇ ਚੰਗੇ ਕੰਮਾਂ ਨੂੰ ਵੇਖ, ਸੋਚ, ਐਸੀਆਂ ਸ਼ਖ਼ਸੀਅਤਾਂ ਦੀ ਬਹੁਤ ਘਾਟ ਤੇ ਥੋੜ੍ਹ ਮਹਿਸੂਸ ਹੁੰਦੀ ਹੈ ।ਜਦੋਂ ਸਮਾਜ ਇਹ ਘਾਟ ਮਹਿਸੂਸ ਕਰਦਾ ਹੈ ਤਾਂ ਸਮਝੋ ਉਹ ਇਨਸਾਨ ਅਮਰ ਹੋ ਗਿਆ ਹੈ। ਉਹਨਾਂ ਸ਼ਖ਼ਸੀਅਤਾਂ ਵਿਚ ਅੱਜ ਉਹ ਨਾਮ ਵੀ ਸ਼ਾਮਿਲ ਹੋ ਗਿਆ ਜੋ ਅਪਣੀਆਂ 50 ਤੋ ਵੱਧ ਕਿਤਾਬਾਂ ਸਾਹਿਤ ਦੀ ਝੋਲੀ ਵਿਚ ਪਾ ,ਪੰਜਾਬੀ ਮਾਂ ਬੋਲੀ ਨੂੰ ਮਾਣ ਨਾਲ, ਬੁਲੰਦੀਆਂ ਤੱਕ ਲੈ ਕੇ ਜਾਣ ਲਈ, ਆਪਣੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਲਿਖਤਾਂ ਦੇ ਰੂਪ ਵਿਚ ਬਹੁਤ ਅਣਮੋਲ ਖ਼ਜ਼ਾਨਾ ਦੇ ਗਏ ਹਨ ।ਸ: ਸੰਤੋਖ ਸਿੰਘ ਜੀ ਧੀਰ ਜਿੰਨਾ ਦੇ ਅਕਾਲ ਚਲਾਣੇ ਬਾਰੇ ਕੈਨੇਡਾ ਤੋ ਆਰਸੀ ਵਿਚ ਪੜ੍ਹਿਆ, ਦਿਲ ਉਹਨਾਂ ਦੀਆਂ ਲਿਖਤਾ ਨੂੰ ਪੜ੍ਹ ਗ਼ਮਗੀਨ ਹੋ ਗਿਆ ,ਕਿਉਂਕਿ ਐਸੀਆਂ ਰੂਹਾਂ ਦੀ ਅੱਜ ਸਾਡੇ ਸਮਾਜ ਨੂੰ ਬਹੁਤ ਲੋੜ ਹੈ । ਅੱਖੀਆਂ ਦਾਨ ਤਾਂ ਪਹਿਲਾ ਹੀ ਕਰ ਗਏ, ਬਾਅਦ ਵਿਚ ਸਾਰਾ ਸਰੀਰ ਵੀ ਇਸ ਦੁਨੀਆਂ ਨੂੰ ਦਾਨ ਕਰ ਦਿਤਾ ਜਿਊਂਦੇ ਜੀਅ ਦੁਨੀਆਂ ਵਿਚ ਸੇਵਾ ਕਰਦੇ ਰਹੇ ਤੇ ਜਾਣ ਤੋਂ ਬਾਅਦ ਵੀ ਕਿਸੇ ਨੂੰ ਜ਼ਿੰਦਗੀ ਮਿਲ ਸਕੇ ਇਹ ਵਿਚਾਰ ਕੇ ਸਰੀਰ ਲੇਖੇ ਲਾ ਗਏ । ਵਾਹਿਗੁਰੂ ਅੱਗੇ ਕੋਈ ਕਿਸੇ ਦਾ ਜ਼ੋਰ ਨਹੀ ਚਲਦਾ , ਦਾਤਾ ਉਹਨਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਤੇ ਆਵਾਗਵਣ ਤੋ ਮੁਕਤ ਕਰੇ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ । ਇਸ ਵਿਛੜੀ ਰੂਹ ਲਈ ਪੂਰੇ ਚੰਨ ਪਰੀਵਾਰ ਵੱਲੋਂ ਡੂੰਘੇ ਅਫਸੋਸ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ।

ਦੁੱਖ ਵਿਚ ਸ਼ਰੀਕ
ਕੁਲਵੰਤ ਕੋਰ ਚੰਨ
ਜੰਮੂ ਪੈਰਿਸ ਫਰਾਂਸ