ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, February 10, 2010

ਗੁਰਮੀਤ ਬਰਾੜ - ਨਜ਼ਮ

ਦੋਸਤੋ! ਸ੍ਰੀਗੰਗਾਨਗਰ, ਰਾਜਸਥਾਨ ਵਸਦੇ ਲੇਖਕ ਗੁਰਮੀਤ ਬਰਾੜ ਜੀ ਦਾ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਨਵਾਂ ਕਾਵਿ-ਸੰਗ੍ਰਹਿ ਕੱਚੇ ਕੱਚ ਦੇ ਕੰਙਣ ਆਰਸੀ ਲਈ ਪਹੁੰਚਿਆ ਹੈ। ਇਸਨੂੰ 12 ਫਰਵਰੀ, 2010, ਦਿਨ ਸ਼ੁੱਕਰਵਾਰ ਨੂੰ ਸ੍ਰੀਗੰਗਾਨਗਰ ਵਿਚ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਅੱਜ ਏਸੇ ਕਿਤਾਬ ਵਿੱਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਚ ਸ਼ਾਮਿਲ ਕਰਕੇ, ਆਰਸੀ ਪਰਿਵਾਰ ਵੱਲੋਂ ਗੁਰਮੀਤ ਜੀ ਨੂੰ ਮੁਬਾਰਕਬਾਦ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*********

ਕੰਜਕੀ ਲੋਅ

ਨਜ਼ਮ

ਹਰ ਮਰਦ

ਨਾ ਪਰਾਇਆ

ਨਾ ਹਰ ਮਰਦ ਹੈ

ਆਪਣਾ

ਇਹ ਘੁਣਤਰਾਂ

ਟਿੱਚਰਾਂ

ਚੋਭਾਂ

ਘਿਰਣਤਾਂ

ਖਚਰਪੁਣਾ

ਵਹਿਵਤਾਂ

ਸੁਣ-ਸੁਣ ਕੇ

ਐਵੇਂ ਨਾ ਦੁਖਾ ਲਈਂ

ਪੁੜਪੁੜੀਆਂ

ਦੀਵਿਆਂ ਦੁਆਲ਼ੇ

ਭਮੱਤਰੇ ਭਮੱਕੜ

ਆਪੇ ਸੜ ਜਾਣਗੇ

ਪਲ-ਖਿਣ ਦੀ

ਉਮਰ ਹੰਢਾ ਕੇ

ਬਸ ਤੂੰ

ਕੰਜਕੀ ਲੋਅ

ਗੁੱਡੀਆਂ ਦੇ ਬਸਤਰ

ਸਿਉਂਦੀ ਰਹਿ

=====

ਅੰਤਿਕਾ

ਨਜ਼ਮ

ਤੂੰ

ਕਿਤਾਬ ਵਾਂਗ

ਖੁੱਲ੍ਹ ਰਹੀ ਹੈਂ

ਪਲ-ਪਲ

ਛਿਣ-ਛਿਣ

ਪਰ

ਮੈਂ ਤਾਂ ਅਜੇ

ਤਤਕਰਾ ਪੜ੍ਹ ਰਿਹਾ ਹਾਂ

ਡਰਦਾ ਹਾਂ

ਕਿਤੇ ਮੇਰੇ

ਸਰਾਪੇ ਜ਼ਰਦ

ਹੱਥਾਂ ਨਾਲ਼

ਤੇਰੇ

ਸਫ਼ੈਦ ਸੋਹਲ

ਸਫ਼ਿਆਂ ਨੂੰ

ਪੀਲ਼ਕ ਨਾ ਚੜ੍ਹ ਜਾਵੇ

ਰਾਤਾਂ

ਬਾਤਾਂ ਸੁਣਦੀ

ਕਿਤਾਬ ਦੇ ਅਖ਼ੀਰ ਬੈਠੀ

ਅੰਤਿਕਾ

ਤੈਥੋਂ

ਮੇਰਾ ਮੁਹਾਂਦਰਾ

ਜ਼ਰੂਰ ਪੁੱਛੇਗੀ

ਤੂੰ ਇਹ ਜ਼ਿਕਰ ਨਾ ਕਰੀਂ

ਕਿ

ਮੈਂ

ਤਤਕਰੇ ਚੋਂ

ਅੰਤਿਕਾ ਭਾਲ਼ਦਾ ਸੀ

====

ਕਾਠ ਦੇ ਘੋੜੇ

ਨਜ਼ਮ

ਸਾਡੇ ਸੰਨ੍ਹ

ਕੌਤਰ ਸੌ ਹੱਦਾਂ

ਤੇ ਨੌਤੀ ਸੌ ਸਮੁੰਦਰ

ਮੇਰੇ ਮਹਿਬੂਬ!

ਜੇ ਤੂੰ

ਤੁਰ ਪਿਆ ਹੈਂ

ਚੜ੍ਹਦੇ ਵੱਲ

ਮੂੰਹ ਕਰਕੇ

ਤਾਂ

ਮਸ਼ਕਾਂ ਬੰਨ੍ਹ ਲੈ

ਘੁੰਘਟ ਦੇ ਪਟ

ਬੁੱਲ੍ਹੀਂ ਚਿੱਥ ਕੇ

ਕਰ ਲੈ ਹੋਰ ਭੀੜੇ

ਹੋਰ ਪੀਢੇ

ਤੇਰੇ ਰਾਹਾਂ ਦੇ

ਉਜਾੜ ਬੀਆਬਾਨ

ਹੈ ਥੋਹਰਾਂ ਦਾ

ਸਾਮਰਾਜ

ਪਹਿਰੇਦਾਰੀ ਕਰਦੇ

ਉੱਡਣੇ ਸਪੋਲ਼ੀਏ

ਤੇਰੇ ਮੱਥੇ ਨੂੰ ਡੰਗਣਗੇ

ਮੈਂ ਤਾਂ

ਤਪਦੇ ਮਾਰੂਥਲ

ਊਠਾਂ ਤੋਂ ਲਾਹ ਪਲਾਣੇ

ਕਾਠ ਦੇ ਘੋੜੇ

ਬੀੜ ਬੈਠਾ ਹਾਂ

====

ਮਾਇਆ-ਮਿਰਗ

ਨਜ਼ਮ

ਮਰਿਆਦਾ ਪੁਰਸ਼ੋਤਮ!

ਤੁਸੀਂ

ਕੀਹਦੇ ਮਗਰ

ਕਿੱਧਰ ਨੂੰ ਚੱਲੇ!

ਇਹ ਸੋਨੇ ਦਾ ਮਿਰਗ

ਮ੍ਰਿਗਣੀਆਂ ਦੇ ਢਿੱਡੋਂ

ਨਹੀਂ ਜੰਮਿਆ

ਇਹ ਮਾਇਆ-ਮਿਰਗ ਤਾਂ

ਪੁੰਗਰਦੇ ਹਨ

ਅਣਹੋਂਦ ਚੋਂ

ਪਾਉਂਦੇ ਹਨ ਭਰਮਾਂ

ਕੀ ਮਾਨਵ

ਕੀ ਦਾਨਵ

ਕੀ ਦੇਵ

ਬਣਦੇ ਨੇ ਸਬੱਬ

ਤ੍ਰੀਮਤਾਂ ਦੇ ਉਧਾਲ਼ੇ

ਭਾਈਆਂ ਦੇ ਨਖੇੜੇ

ਰਾਜਿਆਂ ਦੇ ਦੀਵਾਲ਼ੇ

ਤੇ ਲੰਕਾ ਦੇ ਸਾੜੇ ਦਾ

No comments: