ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, February 11, 2010

ਰਵਿੰਦਰ ਸਹਿਰਾਅ - ਨਜ਼ਮ

ਰਵਿੰਦਰ ਸਹਿਰਾਅ ਦਾ ਜਨਮ 15 ਦਸੰਬਰ 1954 ਨੂੰ ਪਿੰਡ ਹਰਦੋ ਫ਼ਰਾਲਾ ਜ਼ਿਲ੍ਹਾ ਜਲੰਧਰ ਵਿਚ ਹੋਇਆਉਸਨੇ ਐਮ ਏ ਪੰਜਾਬੀ ਕੀਤੀਉਹ ਪਾਸ਼ ਦੇ ਨੇੜਲੇ ਸਾਥੀਆਂ ਵਿਚੋਂ ਇਕ ਹੈਉਹ ਪੰਜਾਬ ਸੂਟਡੈਂਟ ਯੂਨੀਅਨ ਦਾ ਸੂਬਾ ਪ੍ਰਧਾਨ ਰਿਹਾ80ਵਿਆਂ ਦੇ ਸ਼ੁਰੂ ਵਿਚ ਉਹ ਅਮਰੀਕਾ ਆ ਗਿਆਉਹ ਤ੍ਰੈ-ਮਾਸਿਕ ਪੱਤਰ ਦਸਤਕਵੀ ਕੱਢਦਾ ਰਿਹਾ

-----

ਉਸ ਨੇ ਹੇਠ ਲਿਖੇ ਕਾਵਿ-ਸੰਗ੍ਰਹਿ ਰਚੇ ਹਨ-

ਚੁਰਾਏ ਪਲਾਂ ਦਾ ਹਿਸਾਬ (1980), ਜ਼ਖ਼ਮੀ ਪਲ (1989), ਰਿਸ਼ਤਾ ਸ਼ਬਦ ਸਲੀਬਾਂ ਦਾ (1998), ਅੱਖਰਾਂ ਦੀ ਲੋਅ (2007), ਕਾਗਦ ਕਲਮ ਕਿਤਾਬ (ਸਮੁੱਚੀ ਰਚਨਾ-2009), ਅਮਰੀਕੀ ਪੰਜਾਬੀ ਕਵਿਤਾ (ਸਹਿ-ਸੰਪਾਦਨ. ਪਹਿਲੀ ਵਾਰ 1990, ਦੂਜੀ ਵਾਰ 2009)

------

ਰਵਿੰਦਰ ਸਹਿਰਾਅ ਜ਼ਿੰਦਗੀ ਦੀ ਭਰਪੂਰ ਬਹਾਰ ਵਿਚ ਦੀ ਲੰਘਿਆ ਹੈ ਅਤੇ ਸਿਖਰ ਦੀ ਪਤਝੜ ਉਸਦੀ ਰੂਹ ਵਿਚਦੀ ਗੁਜ਼ਰੀ ਹੈਉਸਨੇ ਪਰਦੇ ਪਸੀਨੇ ਨੂੰ ਆਪਣੇ ਖ਼ੂਨ ਨਾਲੋਂ ਵੱਧ ਜਾਣਿਆ ਹੈ ਅਤੇ ਆਪਣੇ ਨਿੱਜਦੇ ਹੰਝੂਆਂ ਨੂੰ ਖ਼ਾਮੋਸ਼, ਤਨਹਾ ਹਨ੍ਹੇਰਿਆਂ ਵਿਚ ਆਪਣੀਆਂ ਪਲਕਾਂ ਤੋਂ ਵੀ ਚੋਰੀ ਅੰਦਰੇ ਅੰਦਰ ਪੀਤਾ ਹੈਬਹਾਰ ਤੇ ਪਤਝੜ ਦੇ ਪਾਸਾਰ ਜਦੋਂ ਕਾਇਨਾਤ ਤੱਕ ਫੈਲਦੇ ਹਨ ਤਾਂ ਰਵਿੰਦਰ ਸਹਿਰਾਅ ਦੀ ਕਵਿਤਾ ਜਨਮ ਲੈਂਦੀ ਹੈਹੰਝੂ, ਪਸੀਨਾ ਤੇ ਖ਼ੂਨ ਆਪਸ ਵਿਚ ਘੁਲਦੇ ਹਨ ਤਾਂ ਉਸਦੀ ਕਵਿਤਾ ਦਾ ਸੁਹਜ ਨਿਵੇਕਲੇ ਅੰਦਾਜ਼ ਵਿਚ ਪਰਗਟ ਹੁੰਦਾ ਹੈਰਵਿੰਦਰ ਸਹਿਰਾਅ ਦੀ ਕਵਿਤਾ ਦਿਲ ਤੇ ਦਿਮਾਗ਼ ਨੂੰ ਇਕੋ ਵੇਲੇ, ਇਕੋ ਜਿੰਨਾਂ ਹੁਲਾਰਾ ਦੇਣ ਤੇ ਚੇਤਨਾ ਪ੍ਰਦਾਨ ਕਰਨ ਦੇ ਸਮਰੱਥ ਹੈ

ਸੁਰਿੰਦਰ ਸੋਹਲ

ਯੂ.ਐੱਸ.ਏ.

*********

ਦੋਸਤੋ! ਸੁਰਿੰਦਰ ਸੋਹਲ ਜੀ ਨੇ ਯੂ.ਐੱਸ.ਏ. ਵਸਦੇ ਲੇਖਕ ਰਵਿੰਦਰ ਸਹਿਰਾਅ ਜੀ ਦੀਆਂ ਇਹ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਭੇਜੀਆਂ ਹਨ। ਉਹਨਾਂ ਦਾ ਬੇਹੱਦ ਸ਼ੁਕਰੀਆ। ਸਹਿਰਾਅ ਸਾਹਿਬ ਨੂੰ ਆਰਸੀ ਦੇ ਤਮਾਮ ਲੇਖਕ/ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਨਜ਼ਮਾਂ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

**********

ਮੰਡੀਧਾਰੀ

ਨਜ਼ਮ

ਉਹਨਾਂ ਦੀ ਅੱਖ ਲਈ

ਹਰ ਵਸਤ ਵਿਕਾਊ ਹੈ

ਕਲਮ

ਕਿਤਾਬ

ਸੰਸਥਾ

ਕੁਝ ਵੀ ਨਾਂਅ ਲੈ ਲਉ

ਮੌਕੇ ਮੁਤਾਬਕ

ਉਹਨਾਂ ਦੀ ਹਾਂ ਲੈ ਲਉ

ਕਹਿਣ ਨੂੰ ਉਹ

ਕਲਾ ਪ੍ਰੇਮੀ ਹਨ

ਮਹਾਂਦਾਨੀ ਹਨ

ਪ੍ਰਵਚਨੀ ਹਨ

ਕਲਾ ਕਾਮਿਆਂ ਦਾ

ਸਤਿਕਾਰ ਕਰਦੇ ਹਨ

ਉਹਨਾਂ ਦੀ ਹਰ ਲੋੜ ਤੇ

ਖ਼ਿਆਲ ਧਰਦੇ ਹਨ

ਸਤਿਅਮ

ਸ਼ਿਵਮ

ਸੁੰਦਰਮ ਦੇ

ਪੁਜਾਰੀ ਹਨ

ਵਿਰਸੇ ਨੂੰ ਸਾਂਭਣ ਵਾਲੇ

ਪੂਰਨ ਆਗਿਆਕਾਰੀ ਹਨ

ਪਰ ਫਿਰ ਵੀ ਕਦੀ ਕਦੀ

ਉਹਨਾਂ ਦੀ

ਨੀਂਦ ਉੱਡ ਜਾਂਦੀ ਹੈ

ਤੇ ਇਹ ਗੱਲ ਉਹਨਾਂ ਨੂੰ

ਦਿਨ ਰਾਤ ਸਤਾਉਂਦੀ ਹੈ

ਕਿ ਉਹ ਖ਼ਰੀਦ ਨਹੀਂ ਸਕਦੇ

ਹਵਾ ਦੀ ਸਰ ਸਰ

ਮਿੱਟੀ ਦੀ ਮਹਿਕ

ਅੱਖਰਾਂ ਦੀ ਲੋਅ

=====

ਖੁੱਡਾਂ ਵਾਲੇ ਲਿਖਾਰੀ

ਨਜ਼ਮ

ਉਹਨਾਂ ਕੋਲ ਭਾਵੇਂ

ਆਪੋ ਆਪਣੀ ਖੁੱਡ ਹੈ

ਕਦੇ ਕਦੇ ਪਰ

ਵੜ ਹੀ ਜਾਂਦੇ ਹਨ ਦੂਜੀ ਖੁੱਡ ਵਿਚ ਵੀ

ਕਵਿਤਾ ਦੀ, ਕਹਾਣੀ ਦੀ

ਗ਼ਜ਼ਲ ਜਾਂ ਨਾਵਲ ਦੀ

ਜਾਂ ਕਿਤੇ ਕਿਤੇ

ਦਾਅ ਲੱਗਣ ਤੇ ਸਫ਼ਰਨਾਮੇ ਦੀ

ਮੌਸਮ ਦੇਖ ਕੇ

ਉਹ ਖੁੱਡਾਂ ਚੋਂ ਬਾਹਰ ਆਉਂਦੇ ਹਨ

ਖੁੱਲ੍ਹੇ ਆਕਾਸ਼ ਵੱਲ ਮੂੰਹ ਕਰਕੇ

ਨਾਸਾਂ ਸੁੰਗੇੜ ਕੇ ਸੁੰਘਦੇ ਹਨ

ਇੰਝ ਉਹ ਵਾਰ ਵਾਰ ਕਰਦੇ ਹਨ

ਪਰ ਮਨੁੱਖਤਾਦੀ ਪੈੜ ਚਾਪ ਸੁਣ ਕੇ

ਉਹ ਫਿਰ ਖੁੱਡੀਂ ਜਾ ਵੜਦੇ ਹਨ

======

ਮਿਲ਼ੇ ਜੇ ਫਿਰ ਕਦੀ

ਨਜ਼ਮ

ਤੇਰੇ ਕੋਲ਼ ਹੋਵੇਗੀ

ਸਾਂਭ ਸਾਂਭ ਰੱਖੀ

ਗਿਲਿਆਂ-ਸ਼ਿਕਵਿਆਂ ਦੀ ਪੰਡ

ਸਾਹਾਂ ਦੀ ਧੜਕਣ ਤੇਜ਼ ਹੋਵੇਗੀ

ਬਿਨਾਂ ਅੱਖ ਝਪਕਿਆਂ ਤੱਕਣਾ

ਬੋਲਦੇ ਤੇ ਬੋਲਦੇ ਜਾਣਾ

ਉਲਾਂਭਿਆਂ ਦੀ ਬਰਸਾਤ ਲੱਗੇਗੀ

ਕਹਿਣ ਲਈ ਤਾਂ ਬਿਨਾਂ ਸ਼ੱਕ ਭਾਵੇਂ

ਹੋਏਗਾ ਬੜਾ ਕੁਝ

ਮੇਰੇ ਕੋਲ ਵੀ ਪਰ...

ਮੈਂ ਚੁੱਪ-ਚਾਪ ਰਹਾਂਗਾ

ਤੇਰੇ ਖ਼ਾਮੋਸ਼ ਹੋਵਣ ਦੀ

ਉਡੀਕ ਕਰਾਂਗਾ

ਤਾਂ ਜੋ

ਧੁਖਦੇ ਪਲਾਂ ਨੂੰ ਚੈਨ ਆ ਜਾਵੇ


No comments: