ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, March 5, 2010

ਹਰਜੀਤ ਦੌਧਰੀਆ - ਨਜ਼ਮ

ਸਾਹਿਤਕ ਨਾਮ: ਹਰਜੀਤ ਦੌਧਰੀਆ

ਅਜੋਕਾ ਨਿਵਾਸ: ਸਰੀ, ਕੈਨੇਡਾ

ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ ਸੱਚੇ ਮਾਰਗ ਚਲਦਿਆਂ, ਹੈ ਭੀ ਸੱਚ ਹੋਸੀ ਭੀ ਸੱਚ, ਆਪਣਾ ਪਿੰਡ ਪਰਦੇਸ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਕਈ ਲੇਖਕਾਂ ਦੇ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਲਿਖੇ ਹੋਏ ਨਿਬੰਧਾਂ, ਨਜ਼ਮਾਂ, ਯਾਦਾਂ ਅਤੇ ਦਰਸ਼ਨ ਸਿੰਘ ਕੈਨੇਡੀਅਨ ਨਾਲ ਕੀਤੀ ਗਈ ਇੱਕ ਲੰਬੀ ਮੁਲਾਕਾਤ ਨੂੰ ਦਰਸ਼ਨ ਵਿਚ ਸ਼ਾਮਿਲ ਕਰਕੇ ਇਸ ਕਿਤਾਬ ਦਾ ਸੰਪਾਦਨ ਕੀਤਾ ਹੈ।

-----

ਦੋਸਤੋ! ਹਰਜੀਤ ਦੌਧਰੀਆ ਜੀ ਪਿੰਡ ਦੌਧਰ ਚ ਜਨਮੇ, 1967 ਵਿਚ ਇੰਗਲੈਂਡ ਆਏ ਤੇ ਬਹੁਤ ਸਾਲ ਉੱਥੇ ਬਿਤਾਉਣ ਪਿੱਛੋਂ ਹੁਣ ਸਰੀ, ਕੈਨੇਡਾ ਨਿਵਾਸ ਕਰਦੇ ਹਨ। ਉਹ ਕੈਨੇਡਾ ਦੀ ਕਮਿਊਨਿਸਟ ਸੈਂਟਰਲ ਕਮੇਟੀ ਦੇ ਆਲਟਰਨੇਟ ਮੈਂਬਰ ਵੀ ਹਨ। ਪਿਛਲੇ ਦਿਨੀਂ ਉਹਨਾਂ ਨੇ ਆਪਣਾ ਕਾਵਿ-ਸੰਗ੍ਰਹਿ ਆਪਣਾ ਪਿੰਡ ਪਰਦੇਸ ਡੈਡੀ ਜੀ ਬਾਦਲ ਸਾਹਿਬ ਹੱਥ ਮੇਰੇ ਪੜ੍ਹਨ ਲਈ ਘੱਲਿਆ ਸੀ। ਸਾਦੀ ਅਤੇ ਸਪੱਸ਼ਟ ਭਾਸ਼ਾ ਚ ਲਿਖੀਆਂ ਇਹਨਾਂ ਨਜ਼ਮਾਂ ਨੇ ਮੇਰੇ ਮਨ ਨੂੰ ਟੁੰਬਿਆ ਹੈ। ਉਹ ਲਿਖਦੇ ਨੇ ਕਿ:

...ਕਵਿਤਾ ਤੋਂ ਕੁਰਾਹੇ ਤਦ ਹੀ ਪੈ ਸਕਦਾ ਹਾਂ

ਜਾਂ ਤਾਂ ਵਿਕ ਜਾਵਾਂ

ਜਾਂ ਪਸੀਜ ਕੇ ਤਿਲ੍ਹਕ ਪਵਾਂ

ਪਰ ਸੱਚ ਅਤੇ ਹੱਕ ਲਈ ਤਾਂ

ਕਵਿਤਾ ਹੀ ਲਿਖ ਸਕਦਾ ਹਾਂ...

ਅੱਜ ਏਸੇ ਕਿਤਾਬ ਵਿੱਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਨਾਲ਼ ਦੌਧਰੀਆ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਜਦੋਂ ਅਣਖ ਜਾਗੇ

ਨਜ਼ਮ

ਬੱਚੀ ਜੁ ਹੋਈ

ਜ਼ਰਾ ਝਿਜਕ ਕੇ ਕਹਿੰਦੀ ਏ:

...ਬਾਪੂ ਤੇਰਾ ਕਮੀਜ਼ ਪਾਟ ਗਿਆ ਏ...

.........

...ਬੱਚੀ!

ਲੀੜਾ ਕਾਹਨੂੰ ਪਾਟਿਆ ਏ!!

ਇਹ ਤਾਂ ਸਿਉਣਾਂ ਦਾ ਉਧੇੜ ਏ

ਠੇਕੇਦਾਰ ਨੇ ਕੱਪੜੇ ਚਕੋਤੇ ਤੇ ਸਿਲਵਾਏ ਨੇ

ਕੱਚਿਆਂ ਧਾਗਿਆਂ ਦੇ

ਅਲਗਰਜ਼ ਜਿਹੇ ਸੜੋਪੇ ਮਰਵਾਏ ਨੇ...

..........

...ਹਾਂ ਬਾਪੂ!

ਪਾਟਣ ਤੇ ਉੱਧੜਨ ਦੀ ਮੈਨੂੰ

ਹੁਣ ਸਮਝ ਪਈ ਏ

ਇਹ ਚੰਦਰੀਆਂ ਦਾਰੀਆਂ

ਸਾਡੇ ਨੰਗੇਜ਼ ਦੇ ਦੁਖਾਂਤ ਦਾ ਅਸਲੀ ਕਾਰਨ ਨੇ...!!!

=====

ਦੋ ਹੀਰੋ

ਨਜ਼ਮ

ਅੱਜ ਦਾ ਚੂਰੀ ਖਾਣਾ

ਰਾਂਝਾ

ਕੁਰਲਾਵੇ

...ਮੈਨੂੰ ਤਾਂ ਮੇਰੀ ਹੀਰ ਮਿਲ਼ੇ

ਭਾਵੇਂ ਮੱਝਾਂ ਦੇ ਢਰਾਕੇ ਚੋਂ

ਤੇ ਭਾਵੇਂ ਸੰਖੀਏ ਦੀ ਪੁੜੀ ਚੋਂ.....

ਦੁਨੀਆਂ ਨੂੰ ਭਾਵੇਂ ਕੁਝ ਵੀ ਹੋ ਜੇ

ਪਰ

ਮੇਰੀ ਹੀਰ ਨੂੰ ਕੁਝ ਨਾ ਹੋਵੇ

ਹਾਏ!

ਮੇਰੀ ਹੀਰ ਸਲੇਟੀ

ਮੈਨੂੰ ਮਿਲ਼ਜੇ...!

................

ਭਗਤ

ਸਰਾਭਾ

ਆਖੇ

...ਭਾਵੇਂ ਮੇਰਾ ਕੁਝ ਨਾ ਹੋਵੇ

ਲੋਕਾਂ ਦਾ ਸਭ ਕੁਝ ਹੋ ਜੇ

ਪਰ

ਲੋਕਾਂ ਨੂੰ ਕੁਝ ਨਾ ਹੋਵੇ...!!

........

ਆਸ਼ਕ਼

ਸੂਰੇ

ਆਗੂ

ਸਮਾਜੀ ਪੱਧਰ ਤੋਂ ਜਾਣੇ ਜਾਂਦੇ ਨੇ

ਅਕੀਦਿਆਂ ਦੀ ਪਕਿਆਈ ਤੋਂ

ਪਛਾਣੇ ਜਾਂਦੇ ਨੇ!!!

=====

ਸਦਕੇ

ਨਜ਼ਮ

ਸਦਕੇ!

ਤੇਰਾ ਤੱਤਾ ਠੰਡਾ ਮਿਜਾਜ਼

ਫਰਕਦੇ ਬੱਲ੍ਹਾਂ ਦੀ ਆਵਾਜ਼

ਚੁੱਪ ਬੋਲ

.........

ਜਦੋਂ ਤੂੰ

ਚੁੰਨੀ ਦਾ ਲੜ

ਜਾਂ ਘਾਹ ਦੀ ਤਿੜ

ਦੰਦਾਂ ਚ ਲਵੇਂ

ਤਾਂ ਖੁੱਲ੍ਹੀ ਕਵਿਤਾ ਵਰਗੀ ਲੱਗੇਂ।

=====

ਨੰਗੀਆਂ ਮੂਰਤਾਂ

ਨਜ਼ਮ

ਸਧਾਰਨ ਘਰਾਂ ਦੀਆਂ ਇੱਜ਼ਤਾਂ

ਆਪਦੀ ਕੁੱਲ ਦੇ ਲੀੜੇ-ਲੱਤੇ ਲਾਹ

ਅਲਫ਼ ਨੰਗੀਆਂ ਹੋ

ਅੰਗਾਂ ਤੇ ਸਮੁੰਦਰ-ਝੱਗ ਮਲ਼ਦੀਆਂ

ਕੈਮਰਿਆਂ ਦੀਆਂ ਆਵਾਜ਼ਾਂ ਚ ਘਿਰ

ਪੁੱਠੇ-ਸਿੱਧੇ ਪੋਜ਼ ਬਣਾਉਂਦੀਆਂ

ਨਸੀਬਾਂ ਦੀਆਂ ਮਾਰੀਆਂ

ਭਟਕੀਆਂ ਹੋਈਆਂ

ਸਾਕ-ਸਬੰਧੀਆਂ ਤੋਂ ਨਿੱਖੜੀਆਂ

ਅਸਲਾ ਵਿੱਸਰੀਆਂ

ਚੰਗੀਆਂ ਪਤਨੀਆਂ ਤਾਂ ਕੀ ਬਣਨਾ ਸੀ

ਵੀਰਿਆਂ ਦੀਆਂ ਭੈਣਾਂ ਵੀ ਨਹੀਂ ਰਹੀਆਂ

.............

ਇਨ੍ਹਾਂ ਅੰਮੜੀ ਦੀਆਂ ਜਾਈਆਂ ਨੂੰ

ਬਾਣੀਆਂ ਨੇ ਵਸਤੂ ਬਣਾ ਦਿੱਤਾ

ਤੇ ਸਰੀਰ ਵੇਚਣ ਲਾ ਦਿੱਤਾ

................

ਪੈਸਾ, ਕਲੱਬਾਂ ਇਨ੍ਹਾਂ ਦੇ ਰਿਸ਼ਤੇ

ਗਿੱਟੀ ਝਾਂਜਰਾਂ ਪਾ

ਗ਼ੈਰਤ ਦੇ ਪੈਰੋਂ ਉੱਖੜੀਆਂ

ਹਯਾ ਦੀ ਲੋਟੀ ਪਾਉਂਦੀਆਂ

ਅੰਨ੍ਹੇ ਸ਼ੁਕੀਨ ਹਿਰਸੀ ਟੱਟੂ

ਨੰਗੇ ਪਿੰਡਿਆਂ ਚੋਂ ਲੈਂਦੇ ਚੁਸਕੀਆਂ

ਤਸਵੀਰਾਂ ਸੱਚੇ-ਝੂਠ ਦੀਆਂ

ਸ਼ਾਹਾਂ ਦੀ ਜੂਠ ਦੀਆਂ

ਬਿਜਲੀ ਦੇ ਖੰਭਿਆਂ ਨਾਲ਼ ਟੰਗੀਆਂ

ਕਾਮ ਦੇ ਭਾਂਬੜ ਬਾਲ਼ਦੀਆਂ

ਕਈਆਂ ਨੇ ਤਾਂ ਗੁਪਤ ਸਵਾਦ ਮਾਨਣ ਖ਼ਾਤਿਰ

ਸਰ੍ਹਾਣਿਆਂ ਥੱਲੇ ਲੁਕੋਈਆਂ

ਇਹ ਪਵਿੱਤਰ ਗੁੱਡੀਆਂ

ਸਮਾਜੀ ਦੁਰਘਟਨਾਵਾਂ ਦੇ

ਖੂਹੀਂ ਟੋਭੀਂ ਪਈਆਂ

.............

ਜਿੰਨਾਂ ਚਿਰ ਇਹ ਦੁਸ਼ਟ-ਦਾਰੀਆਂ

ਖ਼ਤਮ ਨਹੀਂ ਕੀਤੀਆਂ ਜਾਂਦੀਆਂ

ਉਨ੍ਹਾਂ ਚਿਰ ਇਹ ਕੁੜੀਆਂ ਚਿੜੀਆਂ

ਵਿਕਦੀਆਂ ਹੀ ਰਹਿਣਗੀਆਂ।

2 comments:

Unknown said...

ਨਜ਼ਮਾਂ ਚੰਗੀਆਂ ਲੱਗੀਆਂ । ਦੌਧਰੀਆ ਸਾਹਿਬ ਕੋਲ ਸਾਹਿਤਕ ਸੂਝ ਅਤੇ ਲਫ਼ਜ਼ ਹਨ,ਗੱਲ ਕਹਿਣ ਲਈ। ਵਧਾਈਆਂ ।

Rajinderjeet said...

ਦੌਧਰੀਆ ਸਾਹਬ ਨੂੰ ਮੈਂ ਯੂ.ਕੇ.'ਚ ਮਿਲਿਆ ਸੀ, ਬਹੁਤ ਸੰਵੇਦਨਸ਼ੀਲ ਕਵੀ ਨੇ...ਦੁਬਾਰਾ ਮਿਲਵਾਉਣ ਲਈ ਆਰਸੀ ਦੀ ਮਿਹਰਬਾਨੀ |