ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, March 6, 2010

ਅੰਮ੍ਰਿਤ ਦੀਵਾਨਾ - ਨਜ਼ਮ

ਦੋਸਤੋ! ਕੱਲ੍ਹ ਮੈਨੂੰ ਸਰੀ, ਕੈਨੇਡਾ ਵਸਦੇ ਸ਼ਾਇਰ ਅੰਮ੍ਰਿਤ ਦੀਵਾਨਾ ਜੀ ਦੀ ਨਵੀਂ ਕਾਵਿ-ਪੁਸਤਕ ਖ਼ੁਸ਼ਆਮਦੀਦ ਪੜ੍ਹਨ ਦਾ ਮੌਕਾ ਮਿਲ਼ਿਆ। ਇਸ ਕਿਤਾਬ ਵਿਚਲੀਆਂ ਨਜ਼ਮਾਂ ਏਨੀਆਂ ਕੁ ਖ਼ੂਬਸੂਰਤ ਅਤੇ ਮਨ ਨੂੰ ਟੁੰਬਣ ਵਾਲ਼ੀਆਂ ਹਨ ਕਿ ਉਹਨਾਂ ਦੀ ਤਾਰੀਫ਼ ਕਰਨ ਲਈ ਹਰੇਕ ਨਜ਼ਮ ਤੇ ਵੱਖਰਾ-ਵੱਖਰਾ ਪਰਚਾ ਲਿਖਿਆ ਜਾ ਸਕਦਾ ਹੈ। ਅੱਜ ਏਸੇ ਕਿਤਾਬ ਵਿੱਚੋਂ ਦੋ ਨਜ਼ਮਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਕੇ, ਦੀਵਾਨਾ ਸਾਹਿਬ ਨੂੰ ਦਿਲੀ ਮੁਬਾਰਕਬਾਦ ਪੇਸ਼ ਕਰ ਰਹੀ ਹਾਂ। ਕਵਿਤਾ ਨਾਲ਼ ਮੋਹ ਰੱਖਣ ਵਾਲ਼ੇ ਹਰ ਸ਼ਖ਼ਸ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਆਉਣ ਵਾਲ਼ੇ ਦਿਨਾਂ ਵਿਚ ਏਸੇ ਸੰਗ੍ਰਹਿ ਚੋਂ ਹੋਰ ਨਜ਼ਮਾਂ ਆਪਾਂ ਸਾਂਝੀਆਂ ਕਰਦੇ ਰਹਾਂਗੇ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

********

ਧੀਆਂ ਘਰੋਂ ਤੁਰਦੀਆਂ ਹਨ

ਨਜ਼ਮ

ਧੀਆਂ ਜਦੋਂ ਘਰੋਂ ਤੁਰਦੀਆਂ ਹਨ

ਤਾਂ ਬੜਾ ਕੁਝ ਪਿੱਛੇ ਛੱਡ ਜਾਂਦੀਆਂ ਹਨ

ਮਾਂ ਦੀ ਅੱਖ ਵਿਚ ਸਦੀਵੀ ਸਲ੍ਹਾਭਾ

ਬਾਪ ਦੀ ਹਿੱਕ ਵਿਚ ਦਿਲ ਚੀਰਵਾਂ ਹਾਉਕਾ

ਤੇ ਘਰ ਵਿਚ ਸਦੀਆਂ ਤੁਰਾਣੇ

ਖੰਡਰਾਂ ਵਰਗੀ ਉਦਾਸੀ।

.............

ਧੀਆਂ ਜਦੋਂ ਘਰੋਂ ਤੁਰਦੀਆਂ ਹਨ

ਤਾਂ ਬੜਾ ਕੁਝ ਪਿੱਛੇ ਛੱਡ ਜਾਂਦੀਆਂ ਹਨ

ਜਿਵੇਂ ਸਰਦਲ ਉੱਤੇ ਕੁੰਜੀਆਂ ਅਤੇ ਸਰਦਾਰੀ

ਵਿਹੜੇ ਵਿਚ ਸਹਿਰਾਅ ਜਿਹੀ ਖ਼ਾਮੋਸ਼ੀ

ਛੱਤ ਉੱਪਰ ਲੰਬੀ ਉਡੀਕ ਵਾਲ਼ਾ ਪਰਚਮ

.............

ਧੀਆਂ ਜਦੋਂ ਘਰੋਂ ਤੁਰਦੀਆਂ ਹਨ

ਤਾਂ, ਘਰ, ਘਰ ਜਿਹਾ ਨਹੀਂ ਲਗਦਾ

ਬਿਨ ਮੂਰਤੀ ਮੰਦਰ ਲਗਦਾ ਹੈ

ਘਰ ਵਿਚਲੇ ਹਾਸੇ ਬੌਣੇ ਹੋ ਜਾਂਦੇ ਹਨ

ਰੌਣਕਾਂ ਨੀਵੀਂ ਪਾ ਲੈਂਦੀਆਂ ਹਨ

ਧੀਆਂ ਜਦੋਂ ਘਰੋਂ ਤੁਰਦੀਆਂ ਹਨ

ਚਿੜੀਆਂ ਜਦੋਂ ਦੂਰ ਉੱਡਦੀਆਂ ਹਨ

ਬੜਾ ਕੁਝ ਪਿੱਛੇ ਛੱਡ ਜਾਂਦੀਆਂ ਹਨ

=====

ਧਰਤੀ ਦੀ ਧੀ

ਨਜ਼ਮ

ਪਰਤ ਆਈ ਹੈ ਧਰਤੀ ਦੀ ਧੀ

ਲੱਖ ਆਕਾਸ਼ ਗਾਹ ਕੇ

ਤੇ ਸੁੱਟ ਆਈ ਹੈ,

ਡੂੰਘੇ ਪਤਾਲਾਂ ਵਿਚ ਮਨੂੰ ਸਿਮਰਤੀ

.........

ਨਾ ਮਸਲ਼ਿਆ ਕਰੋ

ਅੱਧ-ਖਿੜੀਆਂ ਕਲੀਆਂ ਨੂੰ ਪਾਪੀਉ!

ਪਤਾ ਨਹੀਂ ਕਿਸ ਕੁੱਖ ਵਿਚ

ਸੁਨੀਤਾ ਵਿਲੀਅਮਜ਼ ਬੈਠੀ ਹੋਵੇ।

1 comment:

सुभाष नीरव said...

अमृत दीवाना की दोनों ही कविताएं बहुत सुन्दर हैं। दिल को छू लेने वाली !