ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, March 8, 2010

ਰਵਿੰਦਰ ਰਵੀ - ਅੱਜ ਜਨਮ-ਦਿਨ 'ਤੇ ਵਿਸ਼ੇਸ਼ - ਨਜ਼ਮ

ਦੋਸਤੋ! ਅੱਜ ਅੱਸੀ ਤੋਂ ਵੱਧ ਕਿਤਾਬਾਂ ਦੇ ਰਚੇਤਾ ਪੰਜਾਬੀ ਦੇ ਸੰਸਾਰ-ਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਦਾ ਜਨਮ-ਦਿਨ ਹੈ। 8 ਮਾਰਚ, 1937 ਨੂੰ ਜਨਮੇ ਰਵੀ ਜੀ, ਸੁਖਿੰਦਰ ਜੀ ਦੇ ਆਖਣ ਅਨੁਸਾਰ ਸੱਚ-ਮੁੱਚ ਹੀ ਸਰਪਟ ਘੋੜੇ ਵਾਂਗ ਦੌੜਦੇ ਲੇਖਕ ਹਨ। ਕਿਤਾਬ 'ਬਾਜ਼ ਦੀ ਨਜ਼ਰ' ਦੀ ਪਹਿਲੀ ਨਜ਼ਮ ਚ ਹੀ ਉਹ ਖ਼ੁਦ ਵੀ ਲਿਖਦੇ ਹਨ ਕਿ:

...ਮੇਰੇ ਨਾਲ਼ ਤੁਰੋਗੇ,

ਤਾਂ ਰੁਕੋਗੇ ਨਹੀਂ...!

ਸਾਡੀ ਖ਼ੁਸ਼ਕਿਸਮਤੀ ਹੈ ਕਿ ਰਵੀ ਜੀ ਪਿਛਲੇ ਕਈ ਦਿਨਾਂ ਤੋਂ ਸਰੀ/ਵੈਨਕੂਵਰ ਆਏ ਹੋਏ ਹਨ। ਅੱਜ ਉਹਨਾਂ ਦੇ ਜਨਮ-ਦਿਨ ਦੇ ਮੌਕੇ ਤੇ ( ਯੂ.ਬੀ.ਸੀ ਦੀ ਏਸ਼ੀਅਨ ਲਾਇਬ੍ਰੇਰੀ ਦੀ 50ਵੀਂ ਵਰ੍ਹੇ-ਗੰਢ ਦੇ ਸੰਦਰਭ ਵਿਚ ), ਉਹਨਾਂ ਦੇ ਮਾਣ ਵਿਚ ਇਕ ਸ਼ਾਨਦਾਰ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਮੌਕੇ ਤੇ ਰਵਿੰਦਰ ਰਵੀ ਜੀ ਦੇ ਨਾਲ਼-ਨਾਲ਼ ਮਨਜੀਤ ਮੀਤ ਜੀ, ਹਰਚੰਦ ਸਿੰਘ ਬਾਗੜੀ ਜੀ ਵੀ ਆਪਣੀਆਂ ਰਚਨਾਵਾਂ ਲੇਖਕਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ਼ ਸਾਂਝੀਆਂ ਕਰਨਗੇ। ਜੇਕਰ ਤੁਸੀਂ ਅੱਜ ਵੈਨਕੂਵਰ ਦੇ ਇਲਾਕੇ ਚ ਹੋਂ ਤਾਂ ਇਸ ਮੌਕੇ ਤੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਆਪਣੀ ਹਾਜ਼ਰੀ ਨਾਲ਼ ਸ਼ੋਭਾ ਜ਼ਰੂਰ ਵਧਾਓ।

-----

ਮੈਂ ਆਰਸੀ ਪਰਿਵਾਰ ਵੱਲੋਂ ਰਵੀ ਜੀ ਨੂੰ ਜਨਮ-ਦਿਨ ਮੁਬਾਰਕ ਆਖਦੀ ਹੋਈ, ( ਮੈਨੂੰ ਪਤੈ ਉਹਨਾਂ ਨੇ ਮੈਨੂੰ ਤਮੰਨਾ, ਸੇਮ ਟੂ ਯੂ ਆਖਣਾ ਹੈ ) ਉਹਨਾਂ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਕਾਵਿ-ਪੁਸਤਕ ਬਾਜ਼ ਦੀ ਨਜ਼ਰ ਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਸ਼ਾਮਿਲ ਕਰਨ ਜਾ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

=====

ਬਾਜ਼ ਦੀ ਨਜ਼ਰ

ਨਜ਼ਮ

ਮੇਰੇ ਨਾਲ਼ ਤੁਰੋਗੇ,

ਤਾਂ ਰੁਕੋਗੇ ਨਹੀਂ!

...........

ਮੈਂ ਖੜ੍ਹਾ ਖੜ੍ਹੋਤਾ ਵੀ,

ਸੋਚ ਦੇ ਅਸਗਾਹ ਪੈਂਡਿਆਂ ਤੇ

ਤੁਰਦਾ ਰਿਹਾ ਹਾਂ ਲਗਾਤਾਰ।

.........

ਡਿਗ ਕੇ ਉੱਠਣ ਦਾ ਸੁਫ਼ਨਾ ਲੈਂਦਾ ਰਿਹਾ ਹਾਂ

ਕਲਪਨਾ ਦੇ ਨਾਲ਼-ਨਾਲ਼, ਹਮਸਫ਼ਰ

ਉੱਡਦਾ ਰਿਹਾ ਹਾਂ।

.............

ਟੁੱਟਣ ਚੋਂ ਹੀ ਜੁੜਨ ਦੀ

ਚੇਤਨਾ ਜਨਮਦੀ ਹੈ

ਖੜ੍ਹਨ ਚੋਂ ਤੁਰਨ ਦੀ।

.............

ਸ਼ਿਕਾਰ, ਅਕਾਸ਼ ਤੇ ਧਰਤੀ-

ਬਾਜ਼ ਦੀ ਨਜ਼ਰ ਵਿਚ ਹੁੰਦੇ ਹਨ,

ਚੁੰਝ ਅਤੇ ਪੰਜਿਆਂ ਵਿਚ ਨਹੀਂ।

............

ਮੇਰੇ ਨਾਲ਼ ਤੁਰੋਗੇ,

ਤਾਂ ਰੁਕੋਗੇ ਨਹੀਂ!

=====

ਸ਼ੀਸ਼ੇ ਵਿਚ ਦਰਾੜਾਂ

ਨਜ਼ਮ

ਉਬਾਸੀ ਆਉਂਦੀ ਹੈ

ਪਰ ਨੀਂਦ ਨਹੀਂ ਨਹੀਂ ਆਉਂਦੀ

...........

ਦਿਨ ਭਰ ਦੇ ਅਨੁਭਵ

ਅੱਖਾਂ ਚ ਰੜਕਦੇ ਹਨ

.........

ਬੂਹੇ ਆਪਣੇ ਹੀ ਹਨ

ਪਰ ਬੰਦ ਹਨ

............

ਕੰਧਾਂ

ਤਣ ਕੇ ਖਲੋਤੀਆਂ ਹਨ

ਨਜ਼ਰ ਸੌਹੇਂ

ਮੇਰਾ ਆਸਮਾਨ

ਮੇਰੀ ਛੱਤ ਹੇਠ ਸੁੰਗੜ ਆਇਆ ਹੈ

ਮੇਰੀ ਦੁਨੀਆਂ

ਮੇਰੇ ਆਪ ਤੱਕ ਸੀਮਤ

...........

ਟੁਕੜਿਆਂ ਵਿਚ

ਕੱਚ ਕੰਕਰਾਂ ਬਣੇ ਰਿਸ਼ਤੇ

ਸ਼ੀਸ਼ੇ ਚੋਂ

ਦਰਾੜਾਂ ਵਾਂਗ ਦਿਖਦੇ ਹਨ

ਇਸ ਟੁੱਟ-ਭੱਜ ਵਿਚ-

ਜਿੰਨੇ ਵੀ ਟੁਕੜੇ ਹਨ,

ਮੇਰੇ ਹਨ!

.........

ਟੁਕੜਿਆਂ ਵਿਚ ਮਿਲ਼ੀ

ਇਸ ਆਜ਼ਾਦੀ ਦਾ

ਕੀ ਕਰਾਂ???

======

ਚੱਕ੍ਰਵਯੂਹ ਵਿਚ ਰਿਸ਼ਤੇ

ਨਜ਼ਮ

ਰਿਸ਼ਤੇ ਸੋਚ ਤੋਂ, ਅਲਹਿਦਾ ਹੋ ਗਏ ਹਨ।

ਸੁੱਕੇ ਪਿਆਜ਼ ਤੋਂ, ਪੱਤ ਵਾਂਗ ਲੱਥ ਗਏ ਹਨ।

.............

ਇਸ ਨਾਟਕ ਵਿਚ ਅਭਿਨੇਤਾ,

ਆਦਿ ਤੋਂ ਅੰਤ ਤੱਕ,

ਆਪਣੇ ਹੀ ਬੋਲ ਬਾਰੇ ਸੋਚਦਾ ਹੈ।

...............

ਅਸਤਿੱਤਵ ਨੂੰ ਬਣਾਈ ਰੱਖਣ ਲਈ,

ਮਰਨ, ਮਾਰਨ ਦੀ ਖੇਡ, ਖੇਡਦਾ, ਉਹ-

ਅੰਤਿਮ ਦਮ ਤੱਕ,

ਇਸੇ ਚੱਕ੍ਰਵਯੂਹ ਵਿਚ ਵਿਚਰਦਾ ਹੈ।

...............

ਯੁੱਧ ਵਿਚ ਯੋਧੇ ਦਾ ਰਿਸ਼ਤਾ-

ਜੋਰ ਕਿਸੇ ਨਾਲ਼ ਨਹੀਂ-

ਵਿਰੋਧੀ ਦੀ ਮੌਤ ਨਾਲ਼ ਹੁੰਦਾ ਹੈ।

...........

ਏਸ ਚੱਕ੍ਰਵਯੂਹ ਵਿਚ, ਹਰ ਕੋਈ-

ਇਕ ਦੂਜੇ ਦੇ ਵਿਰੋਧ ਵਿਚ ਖੜ੍ਹਾ ਹੈ!!!

............

ਰਿਸ਼ਤੇ ਸੋਚ ਤੋਂ, ਅਲਹਿਦਾ ਹੋ ਗਏ ਹਨ।

ਸੁੱਕੇ ਪਿਆਜ਼ ਤੋਂ, ਪੱਤ ਵਾਂਗ ਲੱਥ ਗਏ ਹਨ।

1 comment:

harpal said...

ਗ਼ਾਲਿਬ ਦੇ ਕਿਸੇ ਸ਼ੇਅਰ ਵਰਗੀਆਂ ਹਨ ਇਹ ਸਤਰਾਂ :
ਸ਼ਿਕਾਰ, ਅਕਾਸ਼ ਤੇ ਧਰਤੀ-
ਬਾਜ਼ ਦੀ ਨਜ਼ਰ ਵਿਚ ਹੁੰਦੇ ਹਨ,
ਚੁੰਝ ਅਤੇ ਪੰਜਿਆਂ ਵਿਚ ਨਹੀਂ।
ਕਮਾਲ ।