ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, March 10, 2010

ਅਵਤਾਰ ਸਿੰਘ ਸੰਧੂ - ਗੀਤ

ਸਾਹਿਤਕ ਨਾਮ; ਅਵਤਾਰ ਸਿੰਘ ਸੰਧੂ

ਜਨਮ 10 ਅਗਸਤ, 1951

ਅਜੋਕਾ ਨਿਵਾਸ: ਨਵਾਂ ਸ਼ਹਿਰ ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਬਾਲ-ਗੀਤ: ਗੁੱਡੀ ਦੀ ਪਟਾਰੀ, ਬਾਲ-ਕਹਾਣੀਆਂ: ਪਹਿਲਾ ਸਬਕ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸਤੋਂ ਇਲਾਵਾ ਸੰਧੂ ਸਾਹਿਬ ਦੀਆਂ ਰਚਨਾਵਾਂ ਸਿਰਕੱਢ ਅਖ਼ਬਾਰਾਂ ਅਤੇ ਸਾਹਿਤਕ ਰਸਾਲਿਆਂ ਚ ਛਪਦੀਆਂ ਰਹਿੰਦੀਆਂ ਹਨ। ਕੁਝ ਗੀਤ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਵੀ ਹੋ ਚੁੱਕੇ ਹਨ। ਦੂਸਰੀ ਤੋਂ ਅੱਠਵੀਂ ਜਮਾਤ ਦੇ ਪੰਜਾਬੀ ਦੇ ਸਿਲੇਬਸ ਵਿਚ ਲਗਭਗ ਅੱਸੀ ਕਵਿਤਾਵਾਂ/ ਕਾਹਣੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਅਧਿਆਪਨ ਤੋਂ ਸੇਵਾ-ਮੁਕਤ ਹੋ ਕੇ ਉਹ ਹੁਣ ਲਗਾਤਾਰ ਲਿਖ ਰਹੇ ਹਨ।

-----

ਦੋਸਤੋ! ਸੰਧੂ ਸਾਹਿਬ ਨੇ ਆਪਣੀਆਂ ਲਿਖਤਾਂ ਡਾਕ ਰਾਹੀਂ ਘੱਲੀਆਂ ਨੇ, ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਅੱਜ ਸੰਧੂ ਸਾਹਿਬ ਦਾ ਇਕ ਬੇਹੱਦ ਖ਼ੂਬਸੂਰਤ ਗੀਤ ਆਪਾਂ ਆਰਸੀ ਚ ਸ਼ਾਮਿਲ ਕਰ ਰਹੇ ਹਾਂ, ਬਾਕੀ ਰਚਨਾਵਾਂ ਆਉਣ ਵਾਲ਼ੇ ਦਿਨਾਂ ਵਿਚ ਸਾਂਝੀਆਂ ਕੀਤੀਆਂ ਜਾਣਗੀਆਂ। ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸਆਮਦੀਦ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

=====

ਗੀਤ

ਮੇਰੇ ਨਿੱਕੜੇ ਵੀਰਾ ਤੂੰ ਛੇਤੀ ਵੱਡਾ ਹੋ।

ਬਣ ਡੰਗੋਰੀ ਬਾਪੂ ਦੀ, ਵਿਹੜੇ ਵਿਚ ਖਲੋ।

ਮੇਰੇ ਨਿੱਕੜੇ ਵੀਰਾ....

-----

ਕਾਲ਼ੀਆਂ ਰਾਤਾਂ ਵਿਚ ਗੁੰਮ ਹੋਇਆ ਚੰਨ ਵਰਗਾ ਇਕ ਵੀਰਾ।

ਭਾਬੋ ਅੱਜ ਤੱਕ ਸਾਂਭੀ ਬੈਠੀ, ਰੱਤ ਚ ਰੰਗਿਆ ਚੀਰਾ।

ਹੰਝੂਆਂ ਦੇ ਵਿਚ ਰੁੜ੍ਹ ਗਈ, ਬੇਬੇ ਦੇ ਨੈਣਾਂ ਦੀ ਲੋਅ....

ਮੇਰੇ ਨਿੱਕੜੇ ਵੀਰਾ....

-----

ਅੱਗ ਵਰ੍ਹੀ ਸੀ ਪੈਲ਼ੀਆਂ ਦੇ ਵਿਚ, ਖੜ੍ਹੀਆਂ ਫ਼ਸਲਾਂ ਜਲ਼ੀਆਂ।

ਗਈ ਧੁਆਂਖੀ ਮਹਿੰਦੀ ਮੇਰੀ, ਛਾਲੇ-ਛਾਲੇ ਤਲ਼ੀਆਂ।

ਨ੍ਹੇਰਾ ਪਾ ਗਈ ਸੱਥ ਅੰਦਰ, ਸਿਵਿਆਂ ਦੀ ਚੰਦਰੀ ਲੋਅ....

ਮੇਰੇ ਨਿੱਕੜੇ ਵੀਰਾ....

-----

ਸਹਿਮੀਆਂ ਚਿੜੀਆਂ ਕੀਕਣ ਉੱਡਣ, ਅੱਗ ਵਰ੍ਹੇ ਹਰ ਪਾਸੇ।

ਅੰਮੜੀ ਸਾਡੀ ਲੁਕ-ਲੁਕ ਰੋਵੇ, ਦੇਵੇ ਕੌਣ ਦਿਲਾਸੇ।

ਤੱਕ ਕੇ ਬਾਬਲ ਦੀ ਖ਼ਾਮੋਸ਼ੀ, ਕੰਧਾਂ ਰਹੀਆਂ ਰੋ...

ਮੇਰੇ ਨਿੱਕੜੇ ਵੀਰਾ....

-----

ਰੱਬ ਕਰੇ ਇਹ ਜ਼ਖ਼ਮੀ ਬਾਤਾਂ ਮੁੜ ਨਾ ਕੋਈ ਪਾਵੇ।

ਵਿਹੜੇ ਦੇ ਵਿਚ ਖ਼ੁਸ਼ੀਆਂ ਨੱਚਣ, ਸੰਧੂ ਸ਼ਗਨ ਮਨਾਵੇ।

ਤੂੰ ਹੀ ਮੋੜ ਲਿਆਉਣੀ ਘਰ ਵਿਚ, ਵੱਟਣੇ ਦੀ ਖ਼ੁਸ਼ਬੋ...

ਮੇਰੇ ਨਿੱਕੜੇ ਵੀਰਾ....

No comments: