ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, March 10, 2010

ਇਕਵਿੰਦਰ - ਗ਼ਜ਼ਲ

ਸਾਹਿਤਕ ਨਾਮ: ਇਕਵਿੰਦਰ ਸਿੰਘ

ਜਨਮ: 3 ਅਪ੍ਰੈਲ, 1955

ਪਿੰਡ ਤੇ ਡਾਕਖ਼ਾਨਾ-ਪੁਰਹੀਰਾਂ (ਹੁਸ਼ਿਆਰਪੁਰ) (ਉਸਦਾ ਜੱਦੀ ਪਿੰਡ ਕੰਧਾਲੀ ਨਾਰੰਗਪੁਰ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਹੈ)

ਪ੍ਰਕਾਸ਼ਿਤ ਕਿਤਾਬਾਂ: ਇਕਵਿੰਦਰ ਸਿੰਘ ਦਾ ਇਕ ਮੌਲਿਕ ਗ਼ਜ਼ਲ-ਸੰਗ੍ਰਹਿ ਪਾਣੀ ਮੈਲ਼ਾ ਮਾਟੀ ਗੋਰੀ ਪ੍ਰਕਾਸ਼ਿਤ ਹੋ ਚੁੱਕਾ ਹੈਅੰਬ ਦੁਸਹਿਰੀ ਚੂਪਣ ਆਇਓ!ਇਕਵਿੰਦਰ ਵਲੋਂ ਸੰਪਾਦਿਤ ਕੀਤਾ ਗਿਆ ਮੁੱਲਵਾਨ ਗ਼ਜ਼ਲ-ਸੰਗ੍ਰਹਿ ਹੈਇਸ ਵਿਚ ਉਸਨੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਿੱਧੇ-ਅਸਿੱਧੇ ਰੂਪ ਵਿਚ ਜੁੜੇ ਹੋਏ 144 ਗ਼ਜ਼ਲਗੋਅ ਇਕੱਤਰ ਕੀਤੇ ਹਨ400 ਸਫ਼ੇ ਦਾ ਇਹ ਸੰਗ੍ਰਹਿ ਪੜ੍ਹਨ ਉਪਰੰਤ ਇਕਵਿੰਦਰ ਸਿੰਘ ਦੀ ਕੀਤੀ ਮਿਹਨਤ ਅੱਗੇ ਸਿਰ ਝੁਕ ਜਾਂਦਾ ਹੈਗ਼ਜ਼ਲ-ਪ੍ਰੇਮੀਆਂ ਅਤੇ ਗ਼ਜ਼ਲ-ਆਲੋਚਕਾਂ ਲਈ ਇਹ ਸੰਗ੍ਰਹਿ ਬੇਸ਼ਕੀਮਤੀ ਹੈ

-----

ਸਾਧੂ ਸਿੰਘ ਹਮਦਰਦ ਮੁਤਾਬਕ ਇਕਵਿੰਦਰ ਸਿੰਘ ਨੇ ਗ਼ਜ਼ਲ-ਲਹਿਰ ਤੋਂ ਪ੍ਰਭਾਵਿਤ ਹੋ ਕੇ 1973 ਵਿਚ ਗ਼ਜ਼ਲ ਲਿਖਣੀ ਸ਼ੁਰੂ ਕੀਤੀ ਇਕਵਿੰਦਰ ਦੀਆਂ ਗ਼ਜ਼ਲਾਂ ਵਿਚਲਾ ਮਿੱਠਾ ਮਿੱਠਾ ਵਿਅੰਗ ਪਾਠਕ ਨੂੰ ਟੁੰਬਦਾ ਹੈਮਿਸਰੇ ਵਿਚ ਸ਼ਬਦ ਬੀੜਨ ਦਾ ਹੁਨਰ ਉਸ ਅੰਦਰ ਕਮਾਲ ਦਾ ਹੈਇਸੇ ਕਰਕੇ ਉਸਦੇ ਸ਼ਿਅਰ ਕਮਾਨ ਦੀ ਤੰਦ ਵਾਂਗ ਕੱਸੇ ਹੁੰਦੇ ਹਨ ਅਤੇ ਖ਼ਿਆਲ ਦੇ ਤੀਰ ਨੂੰ ਦਿਲ ਦੇ ਆਰ-ਪਾਰ ਕਰਨ ਦੀ ਸਮਰੱਥਾ ਰੱਖਦੇ ਹਨ

-----

ਦੋਸਤੋ! ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਜੀ ਨੇ ਇਕਵਿੰਦਰ ਜੀ ਦੀ ਇਕ ਬੇਹੱਦ ਖ਼ੂਬਸੂਰਤ ਗ਼ਜ਼ਲ ਆਰਸੀ ਲਈ ਭੇਜ ਕੇ ਉਹਨਾਂ ਦੀ ਹਾਜ਼ਰੀ ਲਵਾਈ ਹੈ। ਸੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ। ਇਕਵਿੰਦਰ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਅੱਜ ਇਸ ਗ਼ਜ਼ਲ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਗ਼ਜ਼ਲ

ਦੂਰੀਆਂ-ਬੇਨੂਰੀਆਂ-ਮਜਬੂਰੀਆਂ

ਪਿਆਰ ਵਿਚ ਕਦ ਪੈਂਦੀਆਂ ਨੇ ਪੂਰੀਆਂ?

-----

ਹਰ ਕਿਸੇ ਦੇ ਭਾਗ ਵਿਚ ਹੁੰਦੀਆਂ ਨਹੀਂ,

ਦੌਲਤਾਂ-ਫ਼ਨਕਾਰੀਆਂ-ਮਸ਼ਹੂਰੀਆਂ

-----

ਲੋੜ ਨਾ ਹੋਵੇ ਤਾਂ ਪਾਉਂਦਾ ਕੌਣ ਹੈ?

ਚਿੱਠੀਆਂ-ਸਾਂਝਾਂ-ਮੁਹੱਬਤਾਂ-ਚੂਰੀਆਂ

-----

ਹੁਸਨ ਦੀ ਬਸਤੀ ਦੀਆਂ ਦਰਬਾਨ ਹਨ,

ਤਿਊੜੀਆਂ- ਲਬ-ਟੁਕਣੀਆਂ - ਘਣ-ਘੂਰੀਆਂ

-----

ਆਪਣੇ ਹਿੱਸੇ ਨਾ ਆਈਆਂ ਉਮਰ ਭਰ,

ਤਿਤਲੀਆਂ-ਸਰਦਾਰੀਆਂ-ਮਸ਼ਹੂਰੀਆਂ

-----

ਚੰਗਿਆਂ-ਭਲਿਆਂ ਨੂੰ ਕਰ ਦਿੰਦੀਆਂ ਖ਼ਰਾਬ,

ਲਾਲਸਾਵਾਂ-ਦੌਲਤਾਂ-ਕਸਤੂਰੀਆਂ

-----

ਹੁਸਨ ਦੀ ਫ਼ਿਤਰਤ ਹੈ ਉਹ ਸਿੱਖਦਾ ਨਹੀਂ,

ਸ਼ੋਖ਼ੀਆਂ-ਦਿਲਦਾਰੀਆਂ-ਮਗ਼ਰੂਰੀਆਂ

-----

ਔਖੀਆਂ ਹੀ ਮਿਟਦੀਆਂ ਪੈ ਜਾਣ ਜੇ,

ਆਦਤਾਂ-ਪਗਡੰਡੀਆਂ-ਦਿਲ-ਦੂਰੀਆਂ

-----

ਕਰਨੀਆਂ ਪੈ ਜਾਣ ਤਾਂ ਮਿਹਣਾ ਨਹੀਂ,

ਮਿਹਨਤਾਂ-ਹਮਦਰਦੀਆਂ-ਮਜ਼ਦੂਰੀਆਂ

-----

ਇਸ਼ਕ਼ ਇਕਵਿੰਦਰਨਹੀਂ ਜੇ ਲੱਥ ਜਾਣ,

ਮਸਤੀਆਂ-ਮਦਹੋਸ਼ੀਆਂ-ਮਖ਼ਮੂਰੀਆਂ

2 comments:

sarbjit said...

kamaal dee gazal hai ass hai hor vee changa lekh ke bhejoge

baljitgoli said...

bahut vadhya gazal hai.........