ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, March 11, 2010

ਦਾਦਰ ਪੰਡੋਰਵੀ - ਗ਼ਜ਼ਲ

ਗ਼ਜ਼ਲ

ਰਾਤ ਦਾ ਵਕ਼ਤ ਹੈ, ਨਾ ਪਰਿੰਦੇ ਉਡਾ,

ਰਹਿਮ ਕਰ, ਹੁਣ ਇਹ ਉਡਕੇ ਕਿਧਰ ਜਾਣਗੇ

ਇਹ ਹਨੇਰ੍ਹੇ ਚ ਉੱਡਣ ਦੇ ਆਦੀ ਨਹੀਂ,

ਹਾਦਸੇ ਸੰਗ ਇਨ੍ਹਾਂ ਦੇ ਗੁਜ਼ਰ ਜਾਣਗੇ।

-----

ਜੁਗਨੂੰਆਂ ਨੂੰ ਕਹੋ, ਨਾ ਘਰੀਂ ਜਾਣ ਉਹ,

ਰਾਤ ਬਾਕੀ ਹੈ, ਹੋਇਆ ਸਵੇਰਾ ਨਹੀਂ,

ਹਾਰ ਕੇ ਬਹਿ ਗਏ ਉਹ ਅਗਰ ਇਸ ਤਰ੍ਹਾਂ,

ਹੌਸਲੇ ਦੀਵਿਆਂ ਦੇ ਵੀ ਹਰ ਜਾਣਗੇ।

-----

ਜ਼ਿੰਦਗੀ ਨਿਤ ਨਵੇਂ ਇਮਤਿਹਾਨਾਂ ਚ ਹੈ,

ਜ਼ਿੰਦਗੀ ਹਰ ਕਦਮ ਤੇ ਕਸੌਟੀ ਨਵੀਂ,

ਜ਼ਿੰਦਗੀ ਹਾਦਸਾ, ਹਾਦਸਾ ਜ਼ਿੰਦਗੀ,

ਹਾਦਸੇ ਹਮਸਫ਼ਰ ਦਰ-ਬ-ਦਰ ਜਾਣਗੇ।

-----

ਵਕ਼ਤ ਹੈ, ਤੂੰ ਹੁਣੇ ਹੀ ਮੁਕਾ ਲੈ ਸਫ਼ਰ,

ਖੋਹ ਨਾ ਜਾਵੇ ਕਿਤੇ ਕੱਲ੍ਹ ਤੀਕਰ ਡਗਰ,

ਅੱਜ ਦੀ ਰਾਤ ਹੈ ਚੰਨ ਦੀ ਚਾਨਣੀ,

ਕੱਲ੍ਹ ਨੂੰ ਫਿਰ ਹਨੇਰ੍ਹੇ ਪਸਰ ਜਾਣਗੇ।

-----

ਖ਼ੂਬਸੂਰਤ ਸੀ ਬਚਪਨ, ਜਵਾਨੀ ਬੜੀ,

ਵਾਂਗ ਤੀਆਂ ਦੇ ਦਿਨ ਸੀ ਗੁਜ਼ਰਦੇ ਮਗਰ,

ਪੈ ਕੇ ਰੁਜ਼ਗਾਰ ਦੇ ਚੱਕਰੀਂ, ਸੀ ਪਤੈ?,

ਆਲ੍ਹਣੇ ਸੁਪਨਿਆਂ ਦੇ ਬਿਖ਼ਰ ਜਾਣਗੇ।

-----

ਚੂਰੀਆਂ ਤੇ ਗਿਝਾਏ ਸੀ ਪੰਛੀ ਤੂੰ ਜੋ,

ਸੀ ਜਿਨ੍ਹਾਂ ਦੀ ਵਸੀਅਤ ਚ ਪਿੰਜਰੇ ਲਿਖੇ,

ਉਹ ਤੜਪਦੇ ਨੇ ਐਨਾ ਉਡਾਨਾਂ ਨੂੰ ਹੁਣ,

ਤੋੜ ਸੁੱਟਣਗੇ ਪਿੰਜਰੇ ਜਾਂ ਮਰ ਜਾਣਗੇ।

-----

ਤੇਜ਼ ਬਰਸਾਤ ਹੁੰਦੀ ਹੈ ਹੋ ਜਾਣਦੇ,

ਗਰਦ ਅੰਬਰ ਚ ਵੀ ਤਾਂ ਚੜ੍ਹੀ ਹੈ ਬਹੁਤ,

ਗ਼ਮ ਨਾ ਕਰ, ਰੰਗ ਮੌਸਮ ਦਾ ਲਹਿੰਦਾ ਨਹੀਂ,

ਬਲਕਿ ਦਿਨ-ਰਾਤ ਮੁੜਕੇ ਨਿਖਰ ਜਾਣਗੇ।

-----

ਦੀਵਿਆਂ ਚੋਂ ਚੁਰਾਉਂਦੇ ਰਹੇ ਤੇਲ ਤਾਂ,

ਰੌਸ਼ਨੀ ਦੀ ਤਮੰਨਾ ਕਰੋਗੇ ਕਿਵੇਂ,

ਨ੍ਹੇਰੀਆਂ ਨੇ ਇਨ੍ਹਾਂ ਨੂੰ ਬੁਝਾਉਣੈ ਕੀ ਇਹ,

ਆਪਣੀ ਮੌਤ ਆਪੇ ਹੀ ਮਰ ਜਾਣਗੇ।

3 comments:

ਤਨਦੀਪ 'ਤਮੰਨਾ' said...

ਉਇ ਦਾਦਰ ਪੰਡੋਰਵੀ,
ਵੇਖ ਖ਼ਿਆਲ ਕਿਵੇਂ ਰਲ਼ ਗਏ:
ਤੇਰੇ ਮੋਮੀ ਬਦਨ ਉੱਤੇ ਨਹੀਂ ਹੁੰਦਾ ਅਸਰ ਕੋਈ।
ਹੈ ਤੇਰੇ ਕੋਲ਼ ਅੱਗ ਦੇ ਨਾਲ਼ ਖੇਡਣ ਦਾ ਹੁਨਰ ਕੋਈ।
ਤੁਹਾਡੇ ਪੈਰ ਠੋਕਰ ਖਾਣ ਦੇ ਆਦੀ ਨਹੀਂ ਲਗਦੇ,
ਤੁਸੀਂ ਕੀਤਾ ਨਹੀਂ ਲਗਦਾ ਹਨ੍ਹੇਰੇ ਵਿਚ ਸਫ਼ਰ ਕੋਈ।
ਇਤਫ਼ਾਕ ਕਮਾਲ ਦਾ ਹੋਇਆ ਹੈ
ਸੁਰਿੰਦਰ ਸੋਹਲ
ਯੂ.ਐੱਸ.ਏ.

Roop said...

bahut khoob dadar bai ji...

agah vi sanjhe karde raho,
roop
RAB RAKHA!!

ਜਸਵਿੰਦਰ ਮਹਿਰਮ said...

ਬਹੁਤ ਖੂਬ ਦਾਦਰ, ਗ਼ਜ਼ਲ ਦੇ ਸਾਰੇ ਹੀ ਸ਼ਿਅਰ ਕਮਾਲ ਦੇ ਨੇ। ਦਾਦ ਕਬੂਲ ਕਰੋ। ਤੇ ਇਸੇ ਤਰਾਂ ਹੀ ਰਚਨਾਵਾਂ ਸਾਂਝੀਆਂ ਕਰਦੇ ਰਿਹਾ ਕਰੋ।