ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, March 11, 2010

ਸਰਬਜੀਤ ਕੌਰ ਰੰਧਾਵਾ - ਗੀਤ

ਸਾਹਿਤਕ ਨਾਮ: ਸਰਬਜੀਤ ਕੌਰ ਰੰਧਾਵਾ

ਅਜੋਕਾ ਨਿਵਾਸ: ਸਰੀ, ਕੈਨੇਡਾ

ਪ੍ਰਕਾਸ਼ਿਤ ਕਿਤਾਬਾਂ: ਹਾਲੇ ਰਚਨਾਵਾਂ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ, ਪਰ ਸਿਰਕੱਢ ਰਸਾਲਿਆਂ ਅਤੇ ਅਖ਼ਬਾਰਾਂ ਚ ਛਪਦੀਆਂ ਰਹਿੰਦੀਆਂ ਹਨ।

-----

ਦੋਸਤੋ! ਸਰਬਜੀਤ ਕੌਰ ਰੰਧਾਵਾ ਸਾਬ੍ਹੀ ਜੀ ਨੇ ਦੋ ਬੇਹੱਦ ਖ਼ੂਬਸੂਰਤ ਗੀਤਾਂ ਨਾਲ਼ ਆਰਸੀ ਵਿਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ। ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ, ਅੱਜ ਇਹਨਾਂ ਗੀਤਾਂ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਗੀਤ

ਅੱਜ ਵੀ ਯਾਦ ਮੇਰੀ ਵਿੱਚ ਵਸਿਆ

ਮੇਰੇ ਬੰਦ ਘਰ ਦਾ ਸਿਰਨਾਵਾਂ ,

ਧੁੰਦਲ਼ੇ ਧੁੰਦਲ਼ੇ ਚਿਹਰੇ ਚੇਤੇ

ਜਿਹੜੇ ਦੇਂਦੇ ਸੀ ਨਿੱਤ ਦੁਆਵਾਂ

ਅੱਜ ਵੀ ਯਾਦ ਮੇਰੀ ਵਿੱਚ...

-----

ਕਦੇ ਇਹ ਲੱਗੇ ਦੇਸ਼ ਪਰਾਇਆ

ਕਦੇ ਇਹ ਆਪਣਾ ਜਾਪੇ,

ਆਪਣਿਆਂ ਦੇ ਹੱਥੀਂ ਇੱਥੇ

ਆਪਣੇ ਜਾਣ ਸਰਾਪੇ

ਰੂਹ ਮੇਰੀ ਭੱਜ-ਭੱਜ ਪਿੰਡ ਵੱਲ ਜਾਵੇ

ਮੁੜ-ਮੁੜ ਮੋੜ ਲਿਆਵਾਂ,

ਅੱਜ ਵੀ ਯਾਦ ਮੇਰੀ ਵਿੱਚ...

-----

ਜੀਅ ਕਰਦਾ ਅੱਜ ਆਪਣੇ ਘਰ ਨੂੰ

ਆਪੇ ਲਿਖ ਖ਼ਤ ਪਾਵਾਂ,

ਨੌਂ ਵਰ੍ਹਿਆਂ ਦੀ ਵਿੱਥਿਆ ਆਪਣੀ

ਖ਼ਤ ਵਿੱਚ ਖੋਲ੍ਹ ਸੁਣਾਵਾਂ

ਵਕ਼ਤ ਦਾ ਪਹੀਆ ਪਿੱਛੇ ਗੇੜਾਂ

ਮੁੜ ਬਚਪਨ ਵਿੱਚ ਜਾਵਾਂ

ਅੱਜ ਵੀ ਯਾਦ ਮੇਰੀ ਵਿੱਚ...

-----

ਉਹ ਘਰ ਜਿਸ ਵਿੱਚ ਖੇਡੇ ਮੱਲੇ

ਪੜ੍ਹੇ ਤੇ ਵੱਡੇ ਹੋਏ,

ਆਪਣਿਆਂ ਸੰਗ ਰਲ਼ ਕੇ ਬੈਠੇ

ਸੁਪਨੇ ਕਈ ਪਰੋਏ,

ਮੁੜ-ਮੁੜੀ ਜ਼ਿਹਨ ਚ ਆਵੇ ਉਹ ਘਰ

ਯਾਦ ਚੋਂ ਕਿਵੇਂ ਭੁਲਾਵਾਂ

ਅੱਜ ਵੀ ਯਾਦ ਮੇਰੀ ਵਿੱਚ...

-----

ਚੇਤਨ ਜਾਂ ਅਵਚੇਤਨ ਮਨ ਨਾਲ਼

ਰੋਜ਼ ਮੈਂ ਘਰ ਨੂੰ ਜਾਵਾਂ,

ਲੱਭਦੀ ਫਿਰਦੀ ਸੁਫ਼ਨਿਆਂ ਵਿੱਚੋਂ

ਸਾਬ੍ਹੀ ਆਪਣਾ ਹੀ ਪਰਛਾਵਾਂ

ਹੋਂਦ ਮੇਰੀ ਮੈਨੂੰ ਧੁੰਦਲੀ ਜਾਪੇ

ਇਹਨੂੰ ਕਿਵੇਂ ਬਚਾਵਾਂ

ਅੱਜ ਵੀ ਯਾਦ ਮੇਰੀ ਵਿੱਚ...

-----

ਚਾਰ ਅਸੀਂ ਤੇ ਚਾਰ ਦਿਸ਼ਾਵਾਂ,

ਮੱਲੀ ਬੈਠੇ ਅਸੀਂ ਸਰਾਪੇ,

ਸਭ ਦੇ ਰਾਹ ਨੇ ਵੱਖਰੇ ਵੱਖਰੇ

ਸਾਰੇ ਹੀ ਇਕਲਾਪੇ,

ਫਿਰ ਵੀ ਅੰਮੀ ਜਾਇਆਂ ਦੀ ਮੈਂ

ਯਾਦ ਨੂੰ ਗਲ਼ ਨਾਲ਼ ਲਾਵਾਂ

ਅੱਜ ਵੀ ਯਾਦ ਮੇਰੀ ਵਿੱਚ...

=====

ਗੀਤ

ਮਨ ਦੀ ਸੋਚ ਦੇ ਸੁੱਚੇ ਮੋਤੀ

ਬਿਖ਼ਰੇ ਬਿਖ਼ਰੇ ਰਹਿੰਦੇ,

ਜਦ ਦੇ ਅਸੀਂ ਪਰਾਏ ਦੇਸ਼ ਨੂੰ

ਆਪਣਾ ਆਪਣਾ ਕਹਿੰਦੇ।

ਮਨ ਦੀ ਸੋਚ ਦੇ ਸੁੱਚੇ....

-----

ਰੂਹ ਦੇ ਮੇਚ ਹਵਾ ਨਾ ਆਈ

ਮਨ ਦੇ ਮੇਚ ਨਾ ਸਪਨੇ

ਹਰ ਪਲ ਯਾਦ ਚ ਆਏ ਰਹਿੰਦੇ

ਵਿਛੜੇ ਸਾਡੇ ਆਪਣੇ

ਗੁੰਮ-ਸੁੰਮ ਗੁੰਮ-ਸੁੰਮ ਰਹਿ ਕੇ ਆਪਾਂ

ਮੂੰਹੋਂ ਕੁਝ ਨਾ ਕਹਿੰਦੇ।

ਮਨ ਦੀ ਸੋਚ ਦੇ ਸੁੱਚੇ...

-----

ਪਿੰਡ ਦੇ ਰਿਸ਼ਤੇ ਸੁਫ਼ਨੇ ਹੋ ਗਏ

ਭੂਆ, ਫੁੱਫੜ ਚਾਚੇ,

ਹਰ ਕੋਈ ਵੱਖਰੀ ਹੋਂਦ ਦਾ ਇੱਥੇ

ਵੱਖਰਾ ਰਾਗ ਅਲਾਪੇ,

ਬੀਤੇ ਕੱਲ੍ਹ ਨੂੰ ਯਾਦ ਕਰਨ ਤੇ

ਛਮ-ਛਮ ਅੱਥਰੂ ਵਹਿੰਦੇ

ਮਨ ਦੀ ਸੋਚ ਦੇ ਸੁੱਚੇ....

-----

ਵਿਛੜਨ ਵੇਲ਼ੇ ਆਪਣੇ ਘਰ ਤੋਂ

ਮਿਲ਼ੀਆਂ ਸੀ ਕਈ ਦੁਆਵਾਂ

ਅੱਜ ਉਸ ਘਰ ਵਿੱਚ ਕੋਈ ਰੁੱਖ ਨਾਹੀਂ,

ਨਾ ਹੀ ਠੰਡੀਆਂ ਛਾਵਾਂ,

ਪਤਾ ਨਹੀਂ ਕਿਉਂ ਯਾਦ ਚ ਆਵੇ

ਸਾਬ੍ਹੀ ਘਰ ਉਹ ਉੱਠਦੇ ਬਹਿੰਦੇ।

ਮਨ ਦੀ ਸੋਚ ਦੇ ਸੁੱਚੇ....

No comments: