ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, March 12, 2010

ਮਨਜੀਤ ਮੀਤ - ਗੀਤ

ਸਾਹਿਤਕ ਨਾਮ: ਮਨਜੀਤ ਮੀਤ

ਜਨਮ: ਅਪ੍ਰੈਲ, 1954, ( ਪਿੰਡ ਸ਼ੇਖੂਪੁਰਾ, ਜ਼ਿਲ੍ਹਾ: ਲੁਧਿਆਣਾ)

ਅਜੋਕਾ ਨਿਵਾਸ: 1974 ਤੋਂ ਸਰੀ, ਕੈਨੇਡਾ

ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਰੰਗ-ਏ-ਸ਼ਿਕਸਤਾ, ਨਿਖੰਭੜੇ, ਸਵਾਲੀਆ ਨਿਸ਼ਾਨ, ਲੱਕੜ ਦੇ ਘੋੜੇ, ਕੰਕਰ ਤੇ ਗੁਲਦਾਨ, ਨੰਗੇ ਪੈਰੀਂ ਪੌਣ ਅਤੇ ਕਾਵਿ-ਨਾਟ: ਅਧੂਰੇ ਪੈਗ਼ੰਬਰ ਅਤੇ Lamps of Blood ਅੰਗਰੇਜ਼ੀ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਮੀਤ ਸਾਹਿਬ ਨੇ ਕਵੀ ਰਵਿੰਦਰ ਰਵੀ ਨਾਂ ਦੀ ਪੁਸਤਕ ਦਾ ਸੰਪਾਦਨ ਵੀ ਕੀਤਾ ਹੈ।

-----

ਇਨਾਮ-ਸਨਮਾਨ: ਕਾਵਿ-ਨਾਟ ਅਧੂਰੇ ਪੈਗ਼ੰਬਰ ਨੂੰ ਸਿਪਸਾ ਵੱਲੋਂ ਸੁਰਜੀਤ ਸਿੰਘ ਸੇਠੀ ਐਵਾਰਡ ਅਤੇ ਇਆਪਾ ਵੱਲੋਂ ਸਭ ਤੋਂ ਵਧੀਆ ਕਾਵਿ-ਨਾਟ ਪੁਸਤਕ ਦਾ ਹਾਲ ਹੀ ਵਿਚ ਐਵਾਰਡ ਦੇ ਸਨਮਾਨਿਆ ਗਿਆ ਹੈ।

-----

ਦੋਸਤੋ! ਸਰੀ, ਕੈਨੇਡਾ ਵਸਦੇ ਸ਼ਾਇਰ ਮਨਜੀਤ ਮੀਤ ਜੀ ਨੇ ਪਿਛਲੇ ਸ਼ਨੀਵਾਰ, ਸਿਪਸਾ ਅਤੇ ਇਆਪਾ ਵੱਲੋਂ ਹੋਏ ਸਨਮਾਨ ਸਮਾਰੋਹ ਦੌਰਾਨ ਆਪਣੀਆਂ ਤਿੰਨ ਕਿਤਾਬਾਂ: ਕੰਕਰ ਤੇ ਗੁਲਦਾਨ', 'ਅਧੂਰੇ ਪੈਗ਼ੰਬਰ' ਅਤੇ 'ਨੰਗੇ ਪੈਰੀਂ ਪੌਣ ਮੈਨੂੰ ਆਰਸੀ ਲਈ ਦਿੱਤੀਆਂ ਸਨ। ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਅੱਜ ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ, ਤਿੰਨ ਰਚਨਾਵਾਂ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਉਹਨਾਂ ਦੀ ਹਾਲ ਚ ਪ੍ਰਕਾਸ਼ਿਤ ਹੋਈ ਕਿਤਾਬ ਨੰਗੇ ਪੈਰੀਂ ਪੌਣ ਚ ਪ੍ਰਗੀਤਕ ਰੰਗ ਮੈਨੂੰ ਬੇਹੱਦ ਪਸੰਦ ਆਇਆ ਹੈ। ਬਾਕੀ ਕਿਤਾਬਾਂ ਅਜੇ ਪੜ੍ਹ ਰਹੀ ਹਾਂ। ਸਿਪਸਾ ਅਤੇ ਇਆਪਾ ਵੱਲੋਂ ਮਿਲ਼ੇ ਸਨਮਾਨਾਂ ਲਈ ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਵੀ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

=====

ਮੈਂ ਹੋਰ ਨਦੀ ਦੀ ਬੇੜੀ ਹਾਂ

ਗੀਤ

ਮੈਂ ਹੋਰ ਨਦੀ ਦੀ ਬੇੜੀ ਹਾਂ

ਤੂੰ ਹੋਰ ਨਦੀ ਦਾ ਜਲ ਸੱਜਣਾ!

ਤੇਰੇ ਨੈਣੀਂ ਵਗੇ ਝਨਾਂ ਅੱਥਰਾ

ਮੇਰੇ ਮਸਤਕ ਦੇ ਵਿਚ ਥਲ ਸੱਜਣਾ!

ਮੈਂ ਹੋਰ ਨਦੀ ਦੀ ਬੇੜੀ....

-----

ਸਾਡੀ ਹੋਂਦ ਦੀ ਕਥਾ ਨਿਰਾਲੀ ਏ

ਕੰਢਿਆਂ ਵਿਚ ਰਹਿਣਾ ਪੈਂਦਾ ਏ

ਫੁੱਲਾਂ ਦੀ ਇਹੀ ਕਿਸਮਤ ਏ

ਕੰਡਿਆਂ ਵਿਚ ਰਹਿਣਾ ਪੈਂਦਾ ਏ

ਜਲ ਜ਼ਿੰਦਗੀ ਏ, ਜਲ ਮੌਤ ਮੇਰੀ

ਵਿਚ ਜਿਉਣ ਜੋਗਾ ਇਕ ਪਲ ਸੱਜਣਾ....

ਮੈਂ ਹੋਰ ਨਦੀ ਦੀ ਬੇੜੀ....

-----

ਦਿਨ ਰਾਤ ਮੰਜ਼ਿਲ ਵੱਲ ਟੁਰਨਾ ਹੀ

ਜਲ ਦੀ ਵੀ ਇਹ ਮਜਬੂਰੀ ਹੈ

ਜਲ, ਬੇੜੀ, ਰਿਸ਼ਤਾ ਤਨ-ਮਨ ਦਾ

ਲੇਖਾਂ ਵਿਚ ਡਾਢੀ ਦੂਰੀ ਏ

ਖਾ ਖਾ ਕੇ ਥਪੇੜੇ ਝੱਖੜਾਂ ਦੇ

ਤਦ ਜੀਣ ਦਾ ਆਇਆ ਵੱਲ ਸੱਜਣਾ....

ਮੈਂ ਹੋਰ ਨਦੀ ਦੀ ਬੇੜੀ....

-----

ਮੈਂ ਕੰਢੇ ਬੈਠੀ ਰਹਿ ਜਾਸਾਂ

ਜਲ ਨਾਲ਼ ਲਿਜਾਣਾ ਚਾਹੁੰਦਾ ਏ

ਮੈਂ ਬੇਵੱਸ ਉਹਨੂੰ ਕੀ ਆਖਾਂ

ਗਲ਼ ਬਾਹਵਾਂ ਪਾਉਣੀਆਂ ਚਾਹੁੰਦਾ ਏ

ਇਹ ਪੱਤਣਾਂ ਦੇ ਮਲਾਹ ਚੰਦਰੇ

ਮਸਤਕ ਵਿਚ ਕਰਦੇ ਸੱਲ ਸੱਜਣਾ...

ਮੈਂ ਹੋਰ ਨਦੀ ਦੀ ਬੇੜੀ....

-----

ਮੈਨੂੰ ਤਾਂ ਬਲ਼ਦੇ ਦਿਲ ਲਗਦੇ

ਕੰਢਿਆਂ ਤੇ ਬਲ਼ਦੇ ਦੀਵੇ ਜੋ

ਉਹ ਆਸ਼ਿਕ਼ ਸੱਚੇ ਜ਼ਿੰਦਗੀ ਦੇ

ਵਿਚ ਪਿਆਰ ਦੀ ਮਸਤੀ ਖੀਵੇ ਜੋ

ਜ਼ਿੰਦਗੀ ਦੇ ਸ਼ਬਦ ਅਨੋਖੇ ਦੀ

ਕਰ ਅਰਥਾਂ ਵਾਲ਼ੀ ਗੱਲ ਸੱਜਣਾ....

ਮੈਂ ਹੋਰ ਨਦੀ ਦੀ ਬੇੜੀ....

=====

ਦਿਲ ਕਾਗ਼ਜ਼, ਕਾਨੀ ਇਸ਼ਕ਼ੇ ਦੀ

ਗੀਤ

ਮੈਂ ਹਰਦਮ ਚਾਹੁੰਨਾਂ ਇਹ ਸੱਜਣਾ

ਤੇਰੇ ਪਿਆਰਾਂ ਵਰਗੇ ਗੀਤ ਲਿਖਾਂ

ਦਿਲ ਕਾਗ਼ਜ਼, ਕਾਨੀ ਇਸ਼ਕ਼ੇ ਦੀ,

ਮੈਂ ਯਾਰਾਂ ਵਰਗੇ ਗੀਤ ਲਿਖਾਂ

ਦਿਲ ਕਾਗ਼ਜ਼, ਕਾਨੀ ਇਸ਼ਕ਼ੇ....

-----

ਮੈਨੂੰ ਵਾਰਿਸ ਹੀਰ ਸੁਣਾਉਂਦਾ ਏ

ਮੇਰੇ ਅੰਦਰ ਬੁੱਲ੍ਹਾ ਨੱਚਦਾ ਏ

ਮੈਂ ਸੁਣਿਆ ਮਿਰਜ਼ਾ ਪੀਲੂ ਦਾ

ਟੁੱਟੇ ਦਿਲ ਨੂੰ ਹਾਸ਼ਮ ਜੱਚਦਾ ਏ

ਜਦ ਯਾਦ ਕਰੇ ਮੈਨੂੰ ਹੀਰ ਕੋਈ

ਤਾਂ ਮੈਂ ਜੋਗੀ ਬਣ ਕੇ ਆਉਂਦਾ ਹਾਂ

ਕਦੇ ਬੈਠ ਝਨਾਂ ਦਿਆਂ ਪੱਤਣਾਂ ਤੇ

ਕੋਈ ਪੀੜ ਸੋਹਣੀ ਦੀ ਗਾਉਂਦਾ ਹਾਂ

ਮੈਂ ਹਲਫ਼ ਲਿਆ ਏ ਗ਼ਮ ਕੋਲ਼ੋਂ

ਕਿ ਦਿਲਦਾਰਾਂ ਵਰਗੇ ਗੀਤ ਲਿਖਾਂ...

ਦਿਲ ਕਾਗ਼ਜ਼, ਕਾਨੀ ਇਸ਼ਕ਼ੇ....

-----

ਸੁਰ ਛੇੜ ਮੈਂ ਮਨ ਦੀ ਵੀਣਾ ਤੇ

ਕੋਈ ਗੀਤ ਲਿਖਾਂ ਤੇਰੇ ਬੋਲ ਜਿਹਾ

ਤੇਰੇ ਮੁੱਖ ਤੇ ਦਗਦੇ ਨੂਰ ਜਿਹਾ

ਜਾਂ ਸ਼ਬਨਮ ਵਰਗਾ ਸੋਹਲ ਜਿਹਾ

ਤੇਰੇ ਮੱਥਿਉਂ ਚੜ੍ਹਦੇ ਸੂਰਜ ਨੂੰ

ਮੈਂ ਗੀਤਾਂ ਵਿਚ ਉਤਾਰਾਂਗਾ

ਮੈਂ ਰੂਹ ਬਣਕੇ ਇਹਨਾਂ ਗੀਤਾਂ ਦੀ

ਤੈਨੂੰ ਸਦੀਆਂ ਤੀਕ ਪੁਕਾਰਾਂਗਾ

ਫੁੱਲ ਕਰ ਅਰਪਿਤ ਤੈਨੂੰ ਸ਼ਰਧਾ ਦੇ

ਸਤਿਕਾਰਾਂ ਵਰਗੇ ਗੀਤ ਲਿਖਾਂ....

ਦਿਲ ਕਾਗ਼ਜ਼, ਕਾਨੀ ਇਸ਼ਕ਼ੇ....

-----

ਇਕ ਹਰਫ਼ ਲਿਖਾਂ ਤੇਰੀ ਚੁੱਪ ਵਰਗਾ

ਜੋ ਸੱਚ ਨੇ ਕੁੱਖ ਵਿਚ ਪਾਇਆ ਏ

ਇਕ ਸਤਰ ਲਿਖਾਂ ਉਸ ਪੀੜ ਜੇਹੀ

ਜੀਹਨੂੰ ਜਿੰਦ ਨੇ ਹੋਠੀਂ ਲਾਇਆ ਏ

ਇਕ ਦਰਦ ਲਿਖਾਂ ਉਸ ਰੂਹ ਵਰਗਾ

ਜੀਹਦਾ ਬਲ਼ਦਾ ਅੱਜ ਤੱਕ ਸਾਇਆ ਏ

ਇਕ ਗੀਤ ਲਿਖਾਂ ਤੇਰੀ ਯਾਦ ਜਿਹਾ

ਜੋ ਸੰਗ ਜਨਮਾਂ ਤੋਂ ਆਇਆ ਏ

ਜੋ ਨਿਭਣ ਜਨਮ ਹਰ ਸੱਜਣਾ ਵੇ

ਇਕਰਾਰਾਂ ਵਰਗੇ ਗੀਤ ਲਿਖਾਂ....

ਦਿਲ ਕਾਗ਼ਜ਼, ਕਾਨੀ ਇਸ਼ਕ਼ੇ....

-----

ਮੇਰੀ ਕਲਮ ਚੋਂ ਮੇਰੀ ਰੱਤ ਵਹਿੰਦੀ

ਹਰ ਧੁਨ ਧੜਕਣ ਮੇਰੇ ਦਿਲ ਦੀ ਏ

ਸੌ ਵਾਰ ਮਰੇ ਕੋਈ ਪੀ ਬਿਰਹੋਂ

ਕਿਤੇ ਫੇਰ ਮੁਹੱਬਤ ਮਿਲ਼ਦੀ ਏ

ਜੇ ਕੋਈ ਭੌਰ ਮਰੇ ਖਾ ਗ਼ਮ ਕਾਲ਼ਾ

ਤਦ ਕਲੀ ਪੀੜ ਦੀ ਖਿਲਦੀ ਏ

ਇਹ ਦੁਨੀਆਂ, ਖੰਡ, ਬ੍ਰਹਿਮੰਡ ਸਾਹਵੇਂ

ਕੀ ਹਸਤੀ ਤਨ ਦੇ ਤਿਲ਼ ਦੀ ਏ

ਮੈਂ ਤੋੜਨ ਲਈ ਚੁੱਪ ਸੋਚਾਂ ਦੀ

ਛਣਕਾਰਾਂ ਵਰਗੇ ਗੀਤ ਲਿਖਾਂ....

ਦਿਲ ਕਾਗ਼ਜ਼, ਕਾਨੀ ਇਸ਼ਕ਼ੇ....

=====

ਚੇਤਨਾ ਦੀ ਚਾਂਦਨੀ

ਨਜ਼ਮ

ਉਹ

ਜਦੋਂ ਵੀ ਆਉਂਦੀ ਹੈ

ਤਾਂ ਅਨੁਭਵ ਦੇ ਸੱਖਣੇ ਆਲ਼ਿਆਂ

ਅਹਿਸਾਸ ਦੇ ਗੁਲਾਬੀ ਦੀਪ

ਜਗ ਪੈਂਦੇ ਨੇ

ਸੰਵੇਦਨਾ ਦੇ ਬੁਰਸ਼ ਚੋਂ

ਰੰਗ ਵਗਣ ਲਗਦਾ ਹੈ

ਮਨ ਦੀ ਕੈਨਵਸ ਤੇ

ਕੁਝ ਆਪ ਮੁਹਾਰੇ

ਉਦੈ ਹੋਣ ਲੱਗ ਪੈਂਦਾ ਹੈ

ਪੋਟੇ ਮਘ ਪੈਂਦੇ ਨੇ

ਮੇਰੇ ਤੇ ਉਹਦੇ ਦੁਮੇਲ਼ ਤੋਂ

ਅਨੇਕਾਂ ਸੂਰਜ

ਆਪ ਮੁਹਾਰੇ ਚੜ੍ਹ ਪੈਂਦੇ ਨੇ।

..........

ਉਹ ਹੈ ਵੀ ਇਹੋ ਜੇਹੀ

ਜਦੋਂ ਵੀ ਮੇਰੇ ਵੱਲ ਆਉਂਦੀ ਹੈ

ਮੈਂ ਸੁਭਾਵਿਕ ਹੀ

ਆਪਣੇ ਆਪ ਚੋਂ ਗ਼ੈਰ-ਹਾਜ਼ਿਰ ਹੁੰਦਾ ਹਾਂ

ਉਹਦਾ ਇਹ ਕਹਿਣਾ ਕਿ

ਮੇਰੇ ਚੋਂ ਉਦੈ ਹੋ

ਮੇਰੇ ਅੰਦਰ ਮੇਰੀ ਗ਼ੈਰ-ਹਾਜ਼ਰੀ ਦਾ ਅਹਿਸਾਸ

ਹੋਰ ਵੀ ਡੂੰਘਾ ਹੋਣ ਲਗਦਾ ਹੈ

ਹਰ ਵਾਰ ਉਹ

ਨਵੀਂ ਦਿੱਖ, ਨਵੇਂ ਲਿਬਾਸ, ਨਵੇਂ ਅੰਦਾਜ਼

ਨਵੇਂ ਅਰਥ ਲੈ ਕੇ ਆਉਂਦੀ ਹੈ

ਮੇਰੇ ਅਵਚੇਤਨ ਦੀ

ਹਰ ਹਨੇਰੀ ਨੁੱਕਰ ਨੂੰ ਰੁਸ਼ਨਾਉਂਦੀ ਹੈ

ਮੇਰੇ ਅੰਦਰ ਭਾਵਨਾ ਦੀ ਤੀਖਣਾ ਜਗਾਉਂਦੀ ਹੈ

.............

ਉਹਦੀ ਪੈੜ-ਚਾਲ ਸੁਣ

ਜਿੰਦੇ-ਕੁੰਡੇ ਸਭ ਟੁੱਟ ਜਾਂਦੇ ਨੇ

ਉਹ ਬਿਨ ਜਿੰਦਰੇ;

ਬੰਦ ਦਰਵਾਜ਼ੇ ਤੇ ਦਸਤਕ ਦਿੰਦੀ ਹੈ

ਇਸ ਤੋਂ ਪਹਿਲਾਂ

ਕਿ ਤਨ, ਮਨ ਤੇ ਸੋਚ ਦਾ ਬੂਹਾ ਖੁੱਲ੍ਹੇ

ਉਹਦੀ ਮਹਿਕ

ਅੰਦਰ ਬਾਹਰ ਫ਼ੈਲ ਜਾਂਦੀ ਹੈ

ਸਾਰੀ ਕਾਇਨਾਤ ਮਹਿਕ ਜਾਂਦੀ ਹੈ

ਕਈ ਵਾਰ ਇੰਝ ਹੋਇਆ ਹੈ

ਮੈਂ ਖ਼ੁਦ ਚੋਂ ਗ਼ੈਰ-ਹਾਜ਼ਿਰ ਹੁੰਦਾ ਹਾਂ

ਉਹਦੇ ਸਹਿਜ-ਸੁਭਾਅ ਆਉਣ ਤੇ

ਮੈਨੂੰ ਸਵੈ ਦਾ ਅਹਿਸਾਸ ਹੋਇਆ ਹੈ

ਜਿਵੇਂ ਜੁੱਗਾਂ ਦੇ ਹਨੇਰੇ ਅੰਦਰ

ਸੂਰਜ ਦਾ ਪ੍ਰਕਾਸ਼ ਹੋਇਆ ਹੈ

.............

ਇਕ ਦਿਨ ਉਹ

ਸੰਧਿਆ ਵੇਲ਼ੇ ਆਈ ਤੇ ਕਹਿਣ ਲੱਗੀ:

...ਉੱਠ! ਚਲ ਕਿਧਰੇ ਚੱਲੀਏ

ਕਿਤੇ ਕੋਈ ਆਪਣਾ

ਗੁਆਚਿਆ ਟਾਪੂ ਲੱਭੀਏ

ਜਿੱਥੇ ਕੁਝ ਤੇਰੇ ਮੇਰੇ ਵਰਗਾ ਹੋਵੇ

ਜਿੱਥੇ ਕੁਝ ਆਪਣਾ ਸਹਿਜ ਜਿਹਾ ਹੋਵੇ

ਚੜ੍ਹਦੀ ਸੁਬਹ ਤੇ ਜਾਗਦੇ ਲੋਕਾਂ ਜਿਹਾ ਹੋਵੇ

ਕੁਝ ਮਨ ਦੀ ਟਿਕੀ ਝੀਲ ਜਿਹਾ ਹੋਵੇ

ਜਾਂ ਕੁਝ ਅਹਿਸਾਸ ਦੇ ਡੂੰਘੇ ਸਾਗਰ ਜਿਹਾ ਹੋਵੇ...

...............

ਇਹ ਪੁਰਨੂਰ ਚੇਤਨਾ ਦੀ ਚਾਂਦਨੀ

ਜੋ ਇਕ ਨਜ਼ਮ ਵਰਗੀ ਹੈ

ਇਹ ਨਜ਼ਮ

ਜੋ ਉਸ ਪੁਰਨੂਰ ਕੁੜੀ ਵਰਗੀ ਹੈ

ਮੇਰੇ ਅਵਚੇਤਨ ਦੀ ਹਰ ਹਨੇਰੀ ਨੁੱਕਰ ਨੂੰ

ਰੁਸ਼ਨਾਉਂਦੀ ਹੈ

ਉਹਦੀ ਸੋਚ ਦੀ ਝਾਂਜਰ

ਉਹਦੇ ਅਨੁਭਵ ਦਾ ਝੂੰਮਰ

ਉਹਦੇ ਸ਼ਬਦਾਂ ਦੀ ਥਿਰਕਣ

ਮੇਰੀ ਭਾਵਨਾ ਦੇ ਪਿੜ

ਪੈਲਾਂ ਪਾਉਂਦੀ ਹੈ

.............

ਉਹ

ਜਦੋਂ ਵੀ ਆਉਂਦੀ ਹੈ

ਤਾਂ ਅਨੁਭਵ ਦੇ ਸੱਖਣੇ ਆਲ਼ਿਆਂ

ਅਹਿਸਾਸ ਦੇ ਗੁਲਾਬੀ ਦੀਪ

ਜਗ ਪੈਂਦੇ ਨੇ

3 comments:

Gurmail-Badesha said...

bahut hi vadhia ! Meet mubarak !!

ਦਿਨ ਰਾਤ ਮੰਜ਼ਿਲ ਵੱਲ ਟੁਰਨਾ ਹੀ

ਜਲ ਦੀ ਵੀ ਇਹ ਮਜਬੂਰੀ ਹੈ
............

ਮੈਨੂੰ ਵਾਰਿਸ ਹੀਰ ਸੁਣਾਉਂਦਾ ਏ

ਮੇਰੇ ਅੰਦਰ ਬੁੱਲ੍ਹਾ ਨੱਚਦਾ ਏ

ਮੈਂ ਸੁਣਿਆ ਮਿਰਜ਼ਾ ਪੀਲੂ ਦਾ

ਟੁੱਟੇ ਦਿਲ ਨੂੰ ਹਾਸ਼ਮ ਜੱਚਦਾ ਏ
---------
“...ਉੱਠ! ਚਲ ਕਿਧਰੇ ਚੱਲੀਏ

ਕਿਤੇ ਕੋਈ ਆਪਣਾ

ਗੁਆਚਿਆ ਟਾਪੂ ਲੱਭੀਏ

ਜਿੱਥੇ ਕੁਝ ਤੇਰੇ ਮੇਰੇ ਵਰਗਾ ਹੋਵੇ

ਜਿੱਥੇ ਕੁਝ ਆਪਣਾ ਸਹਿਜ ਜਿਹਾ ਹੋਵੇ

ਚੜ੍ਹਦੀ ਸੁਬਹ ਤੇ ਜਾਗਦੇ ਲੋਕਾਂ ਜਿਹਾ ਹੋਵੇ

kia baat hai.............!!

harpal said...

ਕੋਈ ਲਫ਼ਜ਼ ਨਹੀਂ ਸਿਫ਼ਤ ਕਰਨ ਲਈ । ਗੀਤਾਂ ਦੀ ਇੱਕ ਇਕ ਸਤਰ ਕਮਾਲ। ਸਾਡੇ ਕੋਲ ਕਿੰਨੇ ਸੋਹਣੇ ਗੀਤਕਾਰ ਬੈਠੇ ਹਨ ਤੇ ਅਸੀਂ ਮੰਡੀ ਵਿਚ ਕੀ ਸੁਣ ਰਹੇ ਹਾਂ ? ਤਨਦੀਪ ਜੀ ਵਧੀਆ ਸਾਹਿਤ ਨੂੰ ਉਤਸ਼ਾਹਤ ਅਤੇ ਉਪਲਭਤ ਕਰਨ ਲਈ ਤੁਹਾਡੀ ਮੇਹਰਬਾਨੀ ।

ਮੈਂ ਹੋਰ ਨਦੀ ਦੀ ਬੇੜੀ ਹਾਂ
ਤੂੰ ਹੋਰ ਨਦੀ ਦਾ ਜਲ ਸੱਜਣਾ!
ਤੇਰੇ ਨੈਣੀਂ ਵਗੇ ਝਨਾਂ ਅੱਥਰਾ
ਮੇਰੇ ਮਸਤਕ ਦੇ ਵਿਚ ਥਲ ਸੱਜਣਾ!
ਮੈਂ ਹੋਰ ਨਦੀ ਦੀ ਬੇੜੀ....

ਸਾਡੀ ਹੋਂਦ ਦੀ ਕਥਾ ਨਿਰਾਲੀ ਏ
ਕੰਢਿਆਂ ਵਿਚ ਰਹਿਣਾ ਪੈਂਦਾ ਏ
ਫੁੱਲਾਂ ਦੀ ਇਹੀ ਕਿਸਮਤ ਏ
ਕੰਡਿਆਂ ਵਿਚ ਰਹਿਣਾ ਪੈਂਦਾ ਏ
ਜਲ ਜ਼ਿੰਦਗੀ ਏ, ਜਲ ਮੌਤ ਮੇਰੀ
ਵਿਚ ਜਿਉਣ ਜੋਗਾ ਇਕ ਪਲ ਸੱਜਣਾ....
ਮੈਂ ਹੋਰ ਨਦੀ ਦੀ ਬੇੜੀ....

rup said...

Meet Sahib,tushi vdia Geet likhan li vakia vdadi de haqdar ho.