ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, March 13, 2010

ਜਸਵਿੰਦਰ ਮਹਿਰਮ - ਗ਼ਜ਼ਲ

ਗ਼ਜ਼ਲ

ਨਹੀਂ ਹੁੰਦੀ , ਨਹੀਂ ਹੁੰਦੀ , ਕਿ ਛੱਡ ਉਲਫ਼ਤ ਨਹੀਂ ਹੁੰਦੀ

ਕਿਸੇ ਦੇ ਨਾਲ਼ ਵੀ ਮੈਥੋਂ ਤਾਂ ਹੁਣ ਨਫ਼ਰਤ ਨਹੀਂ ਹੁੰਦੀ

-----

ਮੇਰੇ ਇਜ਼ਹਾਰ ਨੂੰ ਉਸ ਨੇ, ਪਤਾ ਨਈਂ ਕਿਸ ਤਰ੍ਹਾਂ ਲੈਣਾ ,

ਕਦੇ ਉਸ ਨਾਲ਼ ਖੁੱਲ੍ਹ ਕੇ ਗੱਲ ਕਰਾਂ, ਹਿੰਮਤ ਨਹੀਂ ਹੁੰਦੀ

-----

ਅਸੀਸਾਂ ਤੇ ਦੁਆਵਾਂ ਦੀ ਬੜੀ ਅਨਮੋਲ ਹੈ ਦੌਲਤ ,

ਇਹ ਮਿਲਦੀ ਹੈ ਬਜ਼ੁਰਗਾਂ ਤੋਂ, ਇਹਦੀ ਕੀਮਤ ਨਹੀਂ ਹੁੰਦੀ

-----

ਉਹ ਬੰਦਾ ਕੱਲਾ - ਕੈਰੈ, ਪਰ ਉਸਾਰੀ ਮਹਿਲ ਜਾਂਦਾ ,

ਨਿਰੀ ਬਿਲਡਿੰਗ ਹੀ ਤਾਂ ਦੁਨੀਆਂ ਦੇ ਵਿੱਚ ਸ਼ੁਹਰਤ ਨਹੀਂ ਹੁੰਦੀ

-----

ਜਦੋਂ ਪਾਸਾ ਪਵੇ ਉਲਟਾ, ਉਦਾਸੀ ਛਾ ਹੀ ਜਾਂਦੀ ਹੈ ,

ਹਮੇਸ਼ਾ ਖ਼ੁਸ਼ ਰਹੇ ਦਿਲ, ਕਿਸਦੀ ਇਹ ਹਸਰਤ ਨਹੀਂ ਹੁੰਦੀ

-----

ਨਾ ਦੂਜੇ ਦਾ ਭਲਾ ਹੁੰਦੈ, ਨਾ ਰਹਿੰਦੈ ਸ਼ਾਂਤ ਮਨ ਅਪਣਾ,

ਬਹਾਨੇ ਲਾਉਣ ਦੀ ਆਦਤ ਖ਼ਰੀ ਆਦਤ ਨਹੀਂ ਹੁੰਦੀ

-----

ਬਗ਼ਾਵਤ ਹੱਕ ਲਈ ਕਰੀਏ ਤਾਂ ਇਹ ਮਿਹਣਾ ਨਹੀਂ ਹੁੰਦਾ,

ਮਗਰ ਹੱਕ ਮੰਗਣਾ, ਹਰ ਇੱਕ ਦੀ ਕਿਸਮਤ ਨਹੀਂ ਹੁੰਦੀ

-----

ਕਦੋਂ ਆਵੇ , ਕਿਵੇਂ ਆਵੇ , ਉਹ ਆਵੇਗੀ ਬਿਨਾਂ ਦੱਸਿਆਂ ,

ਕਿਸੇ ਦੀ ਮੌਤ ਦਾ ਕਾਰਨ, ਘੜੀ, ਸੂਚਿਤ ਨਹੀਂ ਹੁੰਦੀ

-----

ਉਨ੍ਹਾਂ ਨੇ ਹੱਥ ਮਿਲਾਏ ਨੇ , ਮਿਲਾਏ ਉੱਪਰੋਂ - ਉੱਪਰੋਂ,

ਕਿ ਮੌਕਾ-ਪ੍ਰਸਤ ਲੋਕਾਂ ਵਿੱਚ ਦਿਲੀ-ਇੱਜ਼ਤ ਨਹੀਂ ਹੁੰਦੀ

-----

ਜੋ ਤੁਰਦੇ ਨੇ ਭਲੇ ਖ਼ਾਤਿਰ, ਉਹ ਹੱਦਬੰਦੀ ਨਹੀਂ ਕਰਦੇ ,

ਕਿਸੇ ਉਪਕਾਰ ਦੀ ਸੀਮਾ, ਕਦੇ ਸੀਮਤ ਨਹੀਂ ਹੁੰਦੀ

-----

ਉਹ ਕੱਲੇ-ਕੱਲੇ ਹੋ ਕੇ ਜ਼ੁਲਮ ਸਹਿੰਦੇ ਜਾਂਦੇ ਨੇ 'ਮਹਿਰਮ',

ਜੇ ਇੱਕ ਜੁੱਟ ਹੋ ਗਏ ਹੁੰਦੇ, ਤਾਂ ਇਹ ਹਾਲਤ ਨਹੀਂ ਹੁੰਦੀ

1 comment:

Unknown said...

Mehram Sahib,Uchi Udari li,tushi Mubarkan de haqdar ho.