ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, March 27, 2010

ਗੁਰਮੀਤ ਬਰਾੜ - ਨਜ਼ਮ

ਪੋਟਾ-ਪੋਟਾ ਦਰਦ

ਨਜ਼ਮ

ਜਦੋਂ ਵੀ ਮਿਲ਼ੇ

ਤੂੰ ਸੂਰਜ ਤੋਂ

ਆਪਣੇ ਚਿਹਰੇ ਤੇ

ਛਪੇ ਦਿਨ

ਤੇ

ਮੇਰੇ ਚਿਹਰੇ ਤੇ

ਛਪੀਆਂ ਰਾਤਾਂ ਦਾ

ਹਿਸਾਬ ਮੰਗੀਂ

ਤੇ ਮੈਂ

ਸਲੀਬ ਤੇ ਟੰਗੇ

ਸੱਚ ਨੂੰ

ਪੁੱਛੂੰਗਾ ਕਿ

ਮੇਰੀਆਂ ਪੀੜਾਂ ਨੂੰ

ਗਿਣਦਾ ਗਿਣਦਾ

ਹਾਰ ਕੇ

ਕਿਉਂ ਦੇ ਗਿਆ ਗਵਾਹੀ

ਆਵਦੇ ਹੀ ਖ਼ਿਲਾਫ਼…?

=====

ਰਾਤ ਨੂੰ ਰੁਖ਼ਸਤ

ਨਜ਼ਮ

ਨਹੀਂ ਆਉਂਦੀ ਊਂਘ ਤਾਂ

ਨਾ ਆਵੇ

ਤੇਰੇ ਆਇਆਂ

ਉਨੀਂਦਰਾ ਨੀਂਦ ਹੋਇਆ

...........

ਮੈਂ ਇੱਕ ਯਾਦ ਚੱਬ ਕੇ

ਥੁੱਕ ਦਿੱਤੀ

ਇੱਕ ਦੁਪਹਿਰ

ਮਸਲ਼ ਕੇ

ਸੁੱਟ ਦਿੱਤੀ

.............

ਇਹ ਰਾਤ

ਕਿਸੇ ਫ਼ਨੀਅਰ ਦੀ

ਜੇਠੀ ਧੀ

ਕੁੰਡਲ਼ੀ ਮਾਰ

ਮੇਰੀ ਜੀਭ ਤੇ ਬਹਿ ਗਈ

ਹੁਣ ਚਿੱਤ ਨੂੰ

ਔੜ ਨਹੀਂ ਆਉਂਦੀ

ਕਿ ਕੀ ਕਰੂੰ

ਜੇ ਇਹਨੇ ਕੁੰਜ ਉਤਾਰੀ

............

ਇਹਨੂੰ ਤੜਕਸਾਰ ਹੀ

ਪੁੱਛ ਲਵੀਂ

ਮੇਰੇ ਕਿੰਨੇ ਸਾਹ

ਪੀ ਗਈ ਤੇ

ਕਿੰਨੇ ਬਾਕੀ ਨੇ

ਜਾਂ ਮੈਨੂੰ ਹੀ

ਜੂਨ ਨਾਗ ਦੀ ਪੈਣਾ ਪਊ

=====

ਮੰਡੀ

ਨਜ਼ਮ

ਆਪੇ ਦੀ ਭਾਲ਼

ਆਪ ਨੂੰ ਹਾਰ ਕੇ

ਬੇਗਾਨਗੀ ਦੇ

ਕੋਰੇ ਹਲ਼ਫ਼ਨਾਮੇ ਤੇ

ਦਸਤਖ਼ਤ ਕਰਨ

ਮੰਡੀ ਗਿਆ

ਮੇਰਾ ਪਿੰਡ

ਅਜੇ ਤੱਕ ਨਹੀਂ ਮੁੜਿਆ

.............

ਗੁਆਚੇ ਦੀ ਦੱਸ

ਕਿਸੇ ਨੇ ਨਾ ਪਾਈ

ਫਿਰ ਇੱਕ ਦਿਨ

ਅੱਖ ਬਚਾ ਕੇ

ਕਾਰੇ-ਹੱਥੀ

ਵਹਿਵਤਣ

ਮੋਮੋਠੱਗਣੀ

ਮੰਡੀ ਆਪੇ ਹੀ

ਮੇਰੇ ਪਿੰਡ ਦੇ ਪਿੰਡੇ ਤੇ

ਗੁਆਚੇ ਦੀ ਭਾਲ਼ ਦਾ

ਇਸ਼ਤਿਹਾਰ ਬਣ ਕੇ

ਚਿੰਬੜ ਗਈ

3 comments:

सुभाष नीरव said...

गुरमीत की 'मंडी' कविता बहुत अच्छी लगी। आज के सच के बहुत करीब !

Davinder Punia said...

saariaan hi nazmaan changgiaan.

Unknown said...

gurmeet g uppar walian do rachnavan ba kamaal shaakaar