ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, March 25, 2010

ਰਵਿੰਦਰ ਰਵੀ - ਨਜ਼ਮ

ਦੋਸਤੋ! ਟੈਰੇਸ, ਬੀ.ਸੀ. ਵਸਦੇ ਬਹੁ-ਵਿਧਾਵਾਂ 'ਚ ਮੁਹਾਰਤ ਰੱਖਣ ਵਾਲ਼ੇ ਲੇਖਕ ਰਵਿੰਦਰ ਰਵੀ ਜੀ ਨੇ 1976-77 ਚ ਲਿਖੀਆਂ ਆਪਣੀਆਂ ਕੁਝ ਲਘੂ ਨਜ਼ਮਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਹਨ। ਮੈਂ ਰਵੀ ਸਾਹਿਬ ਦੀ ਮਸ਼ਕੂਰ ਹਾਂ, ਜੋ ਖ਼ੂਬਸੂਰਤ ਈਮੇਲਾਂ ਦੁਆਰਾ ਮੇਰੀ ਹੌਸਲਾ-ਅਫ਼ਜ਼ਾਈ ਕਰਦੇ ਅਤੇ ਕੁਝ ਨਾ ਕੁਝ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਭੇਜਦੇ ਰਹਿੰਦੇ ਹਨ। ਅੱਜ ਇਹਨਾਂ ਨਜ਼ਮਾਂ ਨੂੰ ਤੁਹਾਡੇ ਨਾਲ਼ ਸਾਂਝੀਆਂ ਕਰਦਿਆਂ ਖ਼ੁਸ਼ੀ ਦਾ ਅਨੁਭਵ ਕਰ ਰਹੀ ਹਾਂ। ਉਹਨਾਂ ਦਾ ਗ਼ੈਰ-ਰਵਾਇਤੀ ਸਫ਼ਰਨਾਮਾ 'ਸਿਮਰਤੀਆਂ ਦੇ ਦੇਸ਼' ਵੀ ਜਲਦ ਹੀ ਆਰਸੀ 'ਤੇ ਲੜੀਵਾਰ ਪੋਸਟ ਕੀਤਾ ਜਾਵੇਗਾ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਲਘੂ ਨਜ਼ਮਾਂ

ਜਦੋਂ ਕੁਰਸੀ 'ਤੇ ਬੈਠਣ ਵਾਲਾ ਚਲਾ ਗਿਆ,
ਤਾਂ ਕੁਰਸੀ ਮੇਜ਼ ਤੋਂ ਨੀਵੀਂ ਹੋ ਗਈ!
-----
ਖੋਤੇ ਕੋਲ ਇੱਕੋ ਸਵਾਲ ਸੀ, ਮਨੁੱਖ ਕੋਲ ਇੱਕੋ ਜਵਾਬ,
ਮਨੁੱਖ ਖੋਤੇ ਵੱਲ ਤੱਕਦਾ ਰਿਹਾ ਤੇ ਖੋਤਾ ਮਨੁੱਖ ਵੱਲ!
-----
ਉਸ ਨੇ ਤਿੰਨ ਵਾਰ ਗਊ ਨੂੰ, "ਗਊ" ਕਿਹਾ,
ਗਊ ਨੇ ਸੁਣਿਆ, ਤੱਕਿਆ ਪਰ "ਆਦਮੀ" ਨਾ ਕਿਹਾ!
-----
ਜਦੋਂ ਸੜਕ ਪਾਟ ਜਾਏ ਉੱਬਲ਼ਦੀ ਝੀਲ ਵਿਚਕਾਰ,
ਤਾਂ ਉਡਾਰੀ ਮਾਰਨ ਵਾਲੇ 'ਤੇ ਅਸਮਾਨ ਢਹਿ ਪੈਂਦਾ ਹੈ!
ਫੁੱਲਾਂ 'ਚ ਹੱਸਣ ਵਾਲੇ ਸ਼ਬਨਮ ਕਿਉਂ ਬਣਦੇ ਹਨ?
-----
ਜਦੋਂ ਪਾਲਤੂ ਨੂੰ ਪੈਰ ਚੱਟਣ ਲਈ ਕਿਹਾ, ਤਾਂ ਉਸ ਨੇ ਪੂਛ ਹਿਲਾਈ!
ਜਦੋਂ ਉਸਨੂੰ ਪੂਛ ਹਿਲਾਉਣ ਲਈ ਕਿਹਾ, ਤਾਂ ਉਸਨੇ ਪੈਰ ਚੱਟੇ!
ਸਰਕਾਰ ਪਾਲਤੂ ਨੂੰ ਪਾਲਤੂ ਰੱਖਣ ਲਈ, ਵਿਧਾਨ 'ਚ ਸੰਸ਼ੋਧਨ ਕਰ ਰਹੀ ਹੈ!
-----
ਜਦੋਂ ਥਲ ਨੇ ਸਮੁੰਦਰ ਦੀ ਭਾਸ਼ਾ ਸਿੱਖੀ,
ਤਾਂ ਉਸ ਦੇ ਨਿੱਕੇ ਨਿੱਕੇ ਸਗਲੇ ਸੂਰਜ ਬੁਝ ਗਏ!
-----
ਸਮਾਂ ਗਲੋਬ ਨੂੰ ਘੁਮਾਉਂਦਾ ਰਿਹਾ ਤੇ ਗਲੋਬ ਮਨੁੱਖ ਨੂੰ,
ਜੋ ਤੁਰੇ ਸਨ, ਉਹ ਕਿਤੇ ਪਹੁੰਚੇ ਨਹੀਂ,
ਜੋ ਖੜ੍ਹੇ ਰਹੇ, ਉਹ ਪਹੁੰਚ ਗਏ!
-----
ਸ਼ੋਰ
ਸ਼ੋਰ ਹੈ,
ਆਵਾਜ਼ ਸੁਣਾਈ ਨਹੀਂ ਦਿੰਦੀ!
ਦੁਨੀਆਂ ਆਉਂਦੀ ਹੈ,
ਮੇਰੇ 'ਚੋਂ ਰੋਜ਼ ਲੰਘਦੀ ਹੈ,
ਇਕ ਭੀੜ ਜਿਹੀ
ਐਟਮ ਤੋਂ ਐਟਮ-ਧੂੜ ਤੱਕ,
ਫ਼ੈਲਦੀ, ਫਟਦੀ, ਬਿਖਰ ਜਾਂਦੀ!
ਨਹੀਂ,
ਨਹੀਂ ਮਿਲ਼ਦਾ,
ਸਬੂਤਾ ਆਪ ਨਹੀਂ ਮਿਲਦਾ!
ਸ਼ੋਰ ਹੈ,
ਆਵਾਜ਼ ਸੁਣਾਈ ਨਹੀਂ ਦਿੰਦੀ!!!

No comments: