ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, April 7, 2010

ਗਿਆਨ ਸਿੰਘ ਕੋਟਲੀ - ਨਜ਼ਮ

ਹੱਥੀਂ ਸੁਰਗ ਸਜਾਉਣਾ ਪੈਂਦਾ

ਨਜ਼ਮ

ਰਗੜ ਕੇ ਮੱਥੇ ਸੁੱਖ ਹੀ ਭਾਲ਼ੇ,

ਇਹ ਬੰਦੇ ਦੀ ਜੂਨ ਨਹੀਂ ਹੈ

ਵੀਟ੍ਹ ਸਮੁੱਚੀ ਜ਼ਿੰਦਗੀ ਮਿਲ਼ਦਾ,

ਇਹ ਸੌਦਾ ਪ੍ਰਚੂਨ ਨਹੀਂ ਹੈ

-----

ਲਾਲਚ ਖ਼ਾਂਤਿਰ ਵਿਕਿਆ ਬੰਦਾ,

ਬੈਠਾ ਅਣਖ ਜ਼ਮੀਰ ਵੇਚ ਕੇ,

ਖਾਏ ਉਬਾਲੇ ਗ਼ੈਰਤ ਅੰਦਰ,

ਇਸ ਦੇ ਵਿਚ ਉਹ ਖ਼ੂਨ ਨਹੀਂ ਹੈ

-----

ਖਾਧਾ ਇਸ ਨੂੰ ਹੀਣ ਭਾਵਨਾ,

ਇਹ ਤਾਂ ਲਿਫ਼ ਕੇ ਹੋਇਆ ਦੋਹਰਾ,

ਅਣਖ ਈਮਾਨ ਦਾ ਇਸ ਦੇ ਅੰਦਰ,

ਲਗਦਾ ਰਤਾ ਜਨੂਨ ਨਹੀਂ ਹੈ

-----

ਤੱਕ ਕੇ ਹਾਸਾ ਉਪਮਾ ਕਿਧਰੇ,

ਇਹ ਤਾਂ ਸੜਦਾ ਬਲਦਾ ਭੁੱਜਦਾ,

ਏਸ ਧੁਆਂਖੇ ਦਿਲ ਚ ਕਿਧਰੇ,

ਦਿਸਦਾ ਰਤਾ ਸਕੂਨ ਨਹੀਂ ਹੈ

-----

ਬੇਹਿੱਸ ਹਿਰਦੇ ਲਾਸ਼ਾਂ ਨਿਰੀਆਂ,

ਚੰਮ ਖ਼ੁਸ਼ੀਆਂ ਦੇ ਇਹ ਤਾਂ ਪੁਤਲੇ,

ਆਪਣੀ ਖ਼ਾਤਿਰ ਹੀ ਤਾਂ ਜੀਣਾ,

ਬੰਦੇ ਦੀ ਕੋਈ ਜੂਨ ਨਹੀਂ ਹੈ

-----

ਦੇ ਕੇ ਸਿਰ ਸਰਦਾਰੀ ਲੈਣੀ,

ਜੀਵਦਿਆਂ ਹੀ ਮਰ ਕੇ ਜੀਊਣਾ,

ਇਸ ਤੋਂ ਵਡਾ ਜੀਵਨ ਖ਼ਾਤਿਰ,

ਜ਼ਿੰਦਗੀ ਦਾ ਕਾਨੂੰਨ ਨਹੀ ਹੈ

-----

ਖਲਕਤ ਸੇਵਾ ਵਤਨ ਪ੍ਰਸਤੀ,

ਕਹਿਣੀ ਕਰਨੀ ਤੇ ਕ਼ੁਰਬਾਨੀ,

ਮੰਜ਼ਲ ਦੇ ਇਸ ਆਸ਼ੇ ਉੱਪਰ,

ਹੋਰ ਕੋਈ ਮਜ਼ਮੂਨ ਨਹੀਂ ਹੈ

-----

ਅਰਸ਼ੀ ਪੀਂਘ ਦੇ ਸੁਹਜਾਂ ਜੇਹਾ,

ਪੈਂਦਾ ਹੱਥੀਂ ਸੁਰਗ ਸਜਾਉਣਾ,

ਸਾਡੇ ਲਈ ਕੋਈ ਥਾਲ਼ ਪਰੋਸੀ,

ਫਿਰਦਾ ਅਫਲਾਤੂਨ ਨਹੀਂ ਹੈ

No comments: