ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, April 7, 2010

ਅਜਾਇਬ ਚਿਤ੍ਰਕਾਰ - ਗ਼ਜ਼ਲ

ਗ਼ਜ਼ਲ

ਦਵੇ ਤਖ਼ਲੀਕ ਦੀ ਤਾਕ਼ਤ ਸਦਾ ਈਮਾਨ ਮਿੱਟੀ ਦਾ।

ਉਤਾਰਾਂ ਆਪਣੇ ਸਿਰ ਤੋਂ ਕਿਵੇਂ ਅਹਿਸਾਨ ਮਿੱਟੀ ਦਾ।

-----

ਨਵੇਂ ਸੁਪਨੇ ਸਜਾਂਦੇ ਨੇ, ਨਵੀਂ ਦੁਨੀਆਂ ਵਸਾਂਦੇ ਨੇ,

ਕਲਾਕਾਰਾਂ ਨੂੰ ਮਿਲ਼ ਜਾਂਦੈ ਜਦੋਂ ਵਰਦਾਨ ਮਿੱਟੀ ਦਾ।

-----

ਸਜਾ ਕੇ ਸੱਜਰੇ ਫੁੱਲ ਇਸ ਚ ਉਸ ਨੂੰ ਭੇਟ ਕਰ, ਇਹ ਕਿਉਂ?

ਤੂੰ ਖ਼ਾਲੀ ਖ਼ੂਬਸੂਰਤ ਰੱਖਿਐ ਗੁਲਦਾਨ ਮਿੱਟੀ ਦਾ।

-----

ਸਮਝਦਾ ਕਿਸ ਲਈ ਇਨਸਾਨ ਹੈ ਫਿਰ ਹੀਣ ਮਿੱਟੀ ਨੂੰ,

ਜਦੋਂ ਇਹ ਮੰਨਦੈ, ਪੁਤਲਾ ਹੈ ਇਹ ਇਨਸਾਨ ਮਿੱਟੀ ਦਾ।

-----

ਨਹੀਂ ਤੂੰ ਬਖ਼ਸ਼ਿਆ ਜਾਣਾ ਜੇ ਲੱਗੀ ਬਦ-ਦੁਆ ਇਸ ਦੀ,

ਭੁਲੇਖੇ ਨਾਲ਼ ਕਰ ਬੈਠੀਂ ਨਾ ਤੂੰ ਅਪਮਾਨ ਮਿੱਟੀ ਦਾ।

-----

ਹੈ ਇਹ ਸਤਿਕਾਰ ਦੀ ਪਾਤਰ, ਛੁਹਾ ਮੱਥੇ ਦੇ ਨਾਲ਼ ਇਸਨੂੰ,

ਤੂੰ ਕਰ ਜਿਤਨਾ ਜ਼ਿਆਦਾ ਕਰ ਸਕੇਂ ਸਨਮਾਨ ਮਿੱਟੀ ਦਾ।

-----

ਹਰਿਕ ਪੌਦਾ, ਹਰੋਕ ਪੱਤਾ, ਹਰਿਕ ਫੁੱਲ, ਫ਼ਲ਼ ਨਹੀਂ ਐਵੇਂ,

ਹੈ ਦਿਲ ਦੀ ਆਰਜ਼ੂ, ਸੱਧਰ ਅਤੇ ਅਰਮਾਨ ਮਿੱਟੀ ਦਾ।

1 comment:

Gagan said...

Ajaib Chitrakaar da har sheyar padh ke mera eh vishwaas hor vi buland hunda hai ke oh nishchay hi saade sameyaan de mahaantam shayaraan vich bahut agge han....ajib ji di kalam nun mera salaam....