ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, April 20, 2010

ਰਵਿੰਦਰ ਰਵੀ - ਨਜ਼ਮ

ਦੋਸਤੋ! ਰਵਿੰਦਰ ਰਵੀ ਜੀ ਨੇ 60 ਚ ਲਿਖੀਆਂ ਆਪਣੀਆਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਹਨ, ਜਦੋਂ ਉਹ ਮਸਾਂ ਵੀਹਾਂ ਵਰ੍ਹਿਆਂ ਦੇ ਸਨ । ਅੱਜ ਉਹਨਾਂ ਦੀਆਂ ਦੋ ਨਜ਼ਮਾਂ ਸ਼ਾਮਿਲ ਕਰ ਰਹੀ ਹਾਂ, ਬਾਕੀ ਆਉਣ ਵਾਲ਼ੇ ਦਿਨਾਂ ਚ ਸਾਂਝੀਆਂ ਕਰਦੇ ਰਹਾਂਗੇ। ਰਵੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਮੌਨ ਹਾਦਸੇ

ਨਜ਼ਮ

ਰੁੰਡ ਬਿਰਛਾਂ ਹੇਠ ਪੱਤੇ ਸਰਸਰਾਏ,

ਕਿਸ ਤਰ੍ਹਾਂ ਹਵਾ ਨੂੰ ਕੋਈ ਬੰਨ੍ਹ ਬਹਾਏ?

ਕੰਨ ਖਾਂਦੇ ਪੱਤਝੜੀ ਸੰਗੀਤ ਦੀ,

ਭੁਰ ਰਹੀ ਇਸ ਰੁੱਤ ਤੋਂ,

ਜਾਂ ਬਚਕੇ ਆਪਣੇ ਆਪ ਤੋਂ,

ਅੱਜ ਕੋਈ ਕਿੱਥੇ ਨੂੰ ਜਾਏ?

...........

ਚਿਮਨੀਆਂ ਦੇ ਨਾਗ-ਵਲ਼ ਖਾਂਦੇ ਹੋਏ ਧੂਏਂ ਤੋਂ ਦੂਰ:

ਇਹ ਨਿਪੱਤਰੇ ਰੁੱਖ,

ਲੁੰਞੀ ਛਾਂ,

ਉਦਾਸੀ ਧੁੱਪ

............

ਖ਼ੁਸ਼ਕ ਛੱਪੜ ਚ ਡੁੱਬਦੀ ਚੁੱਪ ਵਿਚ,

ਸਮੇਂ ਦਾ ਇਕ ਛਿਣ ਹੀ ਜਾਪੇ,

ਫੈਲ ਕੇ ਰੁਕਿਆ ਹੋਇਆ!

ਜ਼ਿਹਨ ਤੇ ਪਰਬਤ ਖਲਾਅ ਦਾ,

ਤਣ ਕੇ ਅੱਜ ਝੁਕਿਆ ਹੋਇਆ!

............

ਸਹਿਕਰਮੀਆਂ1., ਸਹਿਧਰਮੀਆਂ2. ਦੀ ਥਿਰ ਗਤੀ,

ਗ਼ਮਜ਼ਦਾ ਹਿਰਦੇ ਤੇ ਉੱਜੜੇ ਨੈਣ ਨਕਸ਼,

ਹੋਠ ਸੁੰਨੇ, ਸੁੰਨ ਖ਼ਿਆਲ;

ਖੋਖਲੇ ਮੂੰਹਾਂ ਦੀ ਊਣੀ ਬੋਲ ਚਾਲ

ਕੌਣ ਨਹੀਂ ਜੁ ਜਜ਼ਬਿਆਂ ਦੀ ਦੇ ਬਲੀ,

ਬਣ ਰਿਹਾ ਅੱਜ ਏਸ ਰੁੱਤ ਦਾ ਹੀ ਭਿਆਲ3.?

.................

ਆਪਣੇ ਸਹਿਕਰਮੀਆਂ ਦੇ ਚਿਹਰਿਆਂ ਤੋਂ

ਇਸ ਤਰ੍ਹਾਂ ਲੱਗੇ ਜਿਵੇਂ ਇਕ ਦਿਨ ਹੀ,

ਆਪਣੇ ਆਪੇ ਨੂੰ ਹੈ ਦੁਹਰਾ ਰਿਹਾ!

ਇਕ ਦਿਨ ਦਾ ਇਹ ਸਫ਼ਰ ਹੀ ਬਾਰ, ਬਾਰ,

ਉਮਰ ਦੀ ਰੇਖਾ ਨੂੰ ਟੁਕ, ਟੁਕ ਖਾ ਰਿਹਾ

ਤੇ ਹਿਰਾਸੇ ਚਿਹਰਿਆਂ ਤੇ,

ਭੈਅ ਵਿਚ ਤਣਿਆ ਹੋਇਆ

ਇਕ ਸਹਿਮ ਜਿਹਾ ਛਾ ਰਿਹਾ!

...............

ਇਸ ਸਮੇਂ,

ਮਾਹੌਲ ਦੀ ਇਕਾਂਗਿਤਾ ਚੋਂ ਨਿੰਮਦਾ,

ਮੌਨ ਉੱਤੇ ਮੌਨ ਧਾਰੀ, ਹਾਦਸੇ ਤੇ ਹਾਦਸਾ

ਅੰਦਰੇ ਅੰਦਰ ਹੀ ਜੀਵਨ ਨੂੰ ਜਿਵੇਂ,

ਰੋਗ ਧੀਮੀਂ ਮੌਤ 4. ਦਾ ਹੈ ਲਾ ਰਿਹਾ!

...........

ਏਸ ਰੁੱਤੇ

ਹਰ ਦ੍ਰਿਸ਼ ਜਦ ਜਾਪਦਾ ਨਜ਼ਰਾਂ ਨੂੰ ਸੂਲ,

ਸ਼ੁਕਰ ਹੈ ਕਿ

ਐ ਮੇਰੀ ਸੱਜਣੀ! ਤੂੰ ਮੈਥੋਂ ਦੂਰ ਹੈਂ!

======

ਧੂੰਆਂ

ਨਜ਼ਮ

ਹੋਂਦ ਆਪਣੀ ਨੂੰ ਮੈਂ ਸਮਝਣ

ਦਾ ਯਤਨ ਫਿਰ ਕਰ ਰਿਹਾ ਹਾਂ

ਫੇਰ ਧੂੰਆਂ ਫੜ ਰਿਹਾ ਹਾਂ!

...........

ਪਿਛਲੀਆਂ ਪੈੜਾਂ,

ਤੁਰਦੇ ਪੈਰਾਂ,

ਆਉਣ-ਸਮੇਂ ਵਲ ਜਾਂਦੀਆਂ ਨਜ਼ਰਾਂ,

ਇਕ ਚੌਖਟ ਵਿਚ ਜੜ ਰਿਹਾ ਹਾਂ!

............

ਜੀਵਨ ਤੋਂ ਮੈਂ ਸੱਖਣਾ ਵੀ ਨਾਂ,

ਨਾ ਹੀ ਮੌਤ-ਵਿਹੂਣਾ ਜਾਪਾਂ,

ਕਿਸ ਵਸਥਾ 1 ਨੂੰ ਵਰ ਰਿਹਾ ਹਾਂ?

ਮਿੱਟੀਓਂ ਉੱਸਰੀ ਸਿਖਰ ਦੇ ਉੱਤੋਂ

...........

ਝਰਨਾ ਹਾਂ ਇਕ,

ਝਰ ਰਿਹਾ ਹਾਂ!

.........

ਪਰਬਤ ਹਾਂ ਇਕ,

ਖਰ ਰਿਹਾ ਹਾਂ!

.............

ਕੁੱਲ ਪ੍ਰਿਥਵੀ ਰੰਗ-ਭੂਮੀ ਮੇਰੀ,

ਹਵਾ ਵਾਂਗ ਸਾਹਾਂ ਦੀ ਕਿਰਿਆ,

ਅਣ, ਕਣ ਤੇ ਮੈਂ ਧਰ ਰਿਹਾ ਹਾਂ!

.............

ਉਮਰ ਦੀ ਪ੍ਰਕ੍ਰਿਤੀ ਨੂੰ ਸ਼ਾਇਦ,

ਸ਼ਬਨਮ ਦੀ ਹੋਣੀ ਚੋਂ ਪਕੜਨ

ਦਾ ਯਤਨ ਵੀ ਕਰ ਰਿਹਾ ਹਾਂ!

ਫੇਰ ਧੂੰਆਂ ਫੜ ਰਿਹਾ ਹਾਂ!!!

*****

1 ਵਸਥਾ ਅਵਸਥਾ, ਹਾਲਤ


No comments: