ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, April 22, 2010

ਸੁਰਜੀਤ ਸਾਜਨ - ਗ਼ਜ਼ਲ

ਗ਼ਜ਼ਲ

ਕੁਝ ਕੁ ਗੱਲਾਂ ਛੱਡ ਦਿਓ ਆਲੋਚਕਾਂ ਦੇ ਰਹਿਮ ਤੇ

ਜ਼ਿੰਦਗੀ ਵਿਚ ਆਖਰੀ ਕੁਝ ਮੰਜ਼ਿਲਾਂ ਦੇ ਰਹਿਮ ਤੇ

-----

ਜੋ ਹਵਾਵਾਂ ਦੇ ਉਲਟ ਉਡਦਾ ਪਰਿੰਦਾ ਓਸਦੀ,

ਜਾਨ ਤੇ ਪਹਿਚਾਣ ਬਾਕੀ ਹੈ ਪਰਾਂ ਦੇ ਰਹਿਮ ਤੇ

-----

ਘਰ 'ਚ ਭਾਵੇਂ ਛੌਰ ਹੋਵੇ ਲਾਜਵੰਤੀ ਦਾ ਨਿਰਾ,

ਲਾਜ ਹੁੰਦੀ ਹੈ ਘਰਾਂ ਦੀ ਪਰਦਿਆਂ ਦੇ ਰਹਿਮ ਤੇ

-----

ਸ਼ਾਂਤੀ ਲਈ ਯੁੱਧ ਦਾ ਐਲਾਨ ਹੈ ਇਕ ਫ਼ਲਸਫ਼ਾ,

ਯੁੱਧ ਦਾ ਕੋਈ ਅਰਥ ਹੁੰਦਾ ਲੀਡਰਾਂ ਦੇ ਰਹਿਮ ਤੇ

-----

ਬੀਜ ਕੇ ਸੁਪਨੇ ਸਮੇਂ ਦੀ ਧਰਤ ਤੇ ਸੀ ਆਸ ਜੋ,

ਆਸ ਤੇ ਪਾਣੀ ਫਿਰੇ ਨੇ ਆਫ਼ਤਾਂ ਦੇ ਰਹਿਮ ਤੇ

-----

ਜ਼ਿੰਦਗੀ ਕੀ ਓਸਦੀ ਉਹ ਮੌਤ ਨਾਲੋਂ ਵੀ ਬੁਰਾ,

ਸ਼ਖ਼ਸ ਜਿਹੜਾ ਜੀਅ ਰਿਹਾ ਹੈ ਦੁਸ਼ਮਣਾਂ ਦੇ ਰਹਿਮ ਤੇ

-----

ਖਾ ਲਿਆ ਸਾਰਾ ਹੀ ਆਲਮ ਲੀਡਰਾਂ ਨੇ ਲੁੱਟ ਕੇ,

ਲੁੱਟ ਦਾ ਇਹ ਸਿਲਸਿਲਾ ਹੈ ਪਾਗਲਾਂ ਦੇ ਰਹਿਮ ਤੇ

-----

ਇਸ਼ਕ ਹੋਵੇ ਪਾਕ ਬੰਦੇ ਨੂੰ ਬਣਾ ਦੇਵੇ ਵਲੀ,

ਇਸ਼ਕ ਦੀ ਪਾਕੀਜ਼ਗੀ ਹੈ ਆਸ਼ਕਾਂ ਦੇ ਰਹਿਮ ਤੇ

-----

ਉਹ ਵਿਖਾਵਾ ਕਰ ਰਹੇ ਨੇ ਅਪਣੀ ਉੱਚੀ ਸ਼ਾਨ ਦਾ,

ਲੋਕ ਜਿਹੜੇ ਜੀ ਰਹੇ ਨੇ ਰਿਸ਼ਵਤਾਂ ਦੇ ਰਹਿਮ ਤੇ

-----

ਆਦਮੀ ਦੀ ਹੋਂਦ ਨੂੰ ਇਕ ਰੱਬ ਦਾ ਹੈ ਆਸਰਾ,

ਰੱਬ ਦੀ ਜੇ ਹੋਂਦ ਹੈ ਤਾਂ ਬੰਦਿਆਂ ਦੇ ਰਹਿਮ ਤੇ

-----

ਲੱਖ ਕੋਸ਼ਿਸ਼ ਨਾਲ 'ਸਾਜਨ' ਵੱਖਰੀ ਪਹਿਚਾਣ ਬਣ,

ਅਕਸ ਦਾ ਪ੍ਰਭਾਵ ਬਣਦਾ ਸ਼ੀਸ਼ਿਆਂ ਦੇ ਰਹਿਮ ਤੇ


No comments: