ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, April 23, 2010

ਮਰਹੂਮ ਉਸਤਾਦ ਜਨਾਬ ਦੀਪਕ ਜੈਤੋਈ ਸਾਹਿਬ - ਗ਼ਜ਼ਲ

ਸਾਹਿਤਕ ਨਾਮ: ਦੀਪਕ ਜੈਤੋਈ

ਜਨਮ: 1919-1925 ( ਦੇ ਦਰਮਿਆਨ ) 12 ਫਰਵਰੀ, 2005

ਨਿਵਾਸ: ਜੈਤੋ ਮੰਡੀ, ਫਰੀਦਕੋਟ ( ਪੰਜਾਬ)

ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਦੀਪਕ ਦੀ ਲੋਅ, ਗ਼ਜ਼ਲ ਦੀ ਅਦਾ, ਗ਼ਜ਼ਲ ਦੀ ਖ਼ੁਸ਼ਬੂ, ਮੇਰੀਆਂ ਚੋਣਵੀਆਂ ਗ਼ਜ਼ਲਾਂ, ਤਕਲੀਫ਼ ਤਾਂ ਜਰ ਪਹਿਲਾਂ, ਵਾਰਤਕ: ਗ਼ਜ਼ਲ ਕੀ ਹੈ ( ਗ਼ਜ਼ਲ-ਪ੍ਰਬੰਧ ਬਾਰੇ), ਗੀਤ-ਸੰਗ੍ਰਹਿ: ਆਹ ਲੈ ਮਾਏ ਸਾਂਭ ਕੁੰਜੀਆਂ, ਕਾਵਿ ਸੰਗ੍ਰਹਿ: ਮਾਲਾ ਕਿਉਂ ਤਲਵਾਰ ਬਣੀ (ਬੰਦਾ ਸਿੰਘ ਬਹਾਦੁਰ ਤੇ ਮਹਾਂ-ਕਾਵਿ ), ਅਨੁਵਾਦ: ਜੈ ਨਰਾਇਣ ਬਿਆਸ ( ਸਕੰਦ ਗੁਪਤ ਲਿਖਤ ਨਾਟਕ ਦਾ ਅਨੁਵਾਦ) ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸਤੋਂ ਇਲਾਵਾ ਉਸਤਾਦ ਜੀ ਦੀਆਂ ਸਾਰੀਆਂ ਗ਼ਜ਼ਲਾਂ ਦਾ ਸੰਗ੍ਰਹਿ ਜਿੰਦਰ ਜੀ ਵੱਲੋਂ ਸੰਪਾਦਨਾ ਕਰਕੇ ਇਬਾਦਤ ਨਾਮ ਤਹਿਤ ਪ੍ਰਕਾਸ਼ਿਤ ਕੀਤਾ ਗਿਆ ਹੈ।
-----

ਦੋਸਤੋ! ਅੱਜ ਸਾਡੇ ਲਈ ਬੜੇ ਮਾਣ ਵਾਲ਼ੀ ਗੱਲ ਹੈ ਕਿ ਗ਼ਜ਼ਲ ਦੇ ਬਾਬਾ ਬੋਹੜ ਕਰਕੇ ਜਾਣੇ ਜਾਂਦੇ ਮਰਹੂਮ ਉਸਤਾਦ ਦੀਪਕ ਜੈਤੋਈ ਸਾਹਿਬ ਦੀਆਂ ਚੰਦ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਪਾਂ ਆਰਸੀ ਚ ਸ਼ਾਮਿਲ ਕਰਨ ਜਾ ਰਹੇ ਹਾਂ। ਕੁਝ ਦਿਨ ਪਹਿਲਾਂ ਉਹਨਾਂ ਦੀਆਂ ਕਿਤਾਬਾਂ ਜਿੰਦਰ ਜੀ ਨੇ ਆਰਸੀ ਲਈ ਘੱਲੀਆਂ ਸਨ। ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਜਿੱਥੇ ਜੈਤੋਈ ਸਾਹਿਬ ਨੇ ਪੰਜਾਬੀ ਗ਼ਜ਼ਲ ਨੂੰ ਮਾਣ-ਸਤਿਕਾਰ ਦਵਾਇਆ, ਉੱਥੇ ਉਹਨਾਂ ਦੇ ਲਿਖੇ ਗੀਤ, ਲੋਕ-ਗੀਤਾਂ ਵਾਂਗ ਮਕਬੂਲ ਹੋਏ ਹਨ, ਜਿਨ੍ਹਾਂ ਚੋਂ ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ! ਵੇ ਅਸਾਂ ਨਈਂ ਕਨੌੜ ਝੱਲਣੀ ਮੇਰੀ ਮਾਹੀ ਨਾਲ਼ ਹੋ ਗਈ ਲੜਾਈ ਅੜੀਓ ਜੁੱਤੀ ਲੱਗਦੀ ਵੈਰੀਆ ਮੇਰੇ, ਵੇ ਪੁੱਟ ਨਾ ਪੁਲਾਂਘਾਂ ਲੰਮੀਆਂ ਸਹਿਤ ਅਨੇਕਾਂ ਗੀਤ ਅੱਜ ਵੀ ਆਮ ਲੋਕਾਂ ਨੂੰ ਜ਼ੁਬਾਨੀ ਯਾਦ ਹਨ।

-----

ਅੱਜ ਉਸਤਾਦ ਜੈਤੋਈ ਸਾਹਿਬ ਨੂੰ ਯਾਦ ਕਰਦਿਆਂ ਅਤੇ ਉਹਨਾਂ ਦੀ ਕਲਮ ਨੂੰ ਸਲਾਮ ਕਰਦਿਆਂ, ਇਹਨਾਂ ਗ਼ਜ਼ਲਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰ ਰਹੇ ਹਾਂ। ਉਹਨਾਂ ਦੇ ਲਿਖੇ ਗੀਤ ਵੀ ਆਉਣ ਵਾਲ਼ੇ ਦਿਨਾਂ ਚ ਜ਼ਰੂਰ ਸਾਂਝੇ ਕਰਾਂਗੇ। ਮੇਰਾ ਪੂਰਨ ਵਿਸ਼ਵਾਸ ਹੈ ਕਿ ਜੈਤੋਈ ਸਾਹਿਬ ਦੀਆਂ ਗ਼ਜ਼ਲਾਂ, ਨਵੇਂ ਗ਼ਜ਼ਲਗੋਆਂ ਦਾ ਇਸ ਸਿਨਫ਼ ਦਾ ਵਿਧੀ-ਵਿਧਾਨ ਸਮਝਣ ਚ ਮਾਰਗ-ਦਰਸ਼ਨ ਕਰਨਗੀਆਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਗ਼ਜ਼ਲ

ਕਵਿਤਾ ਵਿਚਲਾ ਰਹੱਸ ਜਦੋਂ ਪਹਿਚਾਣ ਗਿਆ ਸਾਂ।

ਸ਼ਬਦਾਂ ਨੂੰ ਫਿਰ ਅਰਥਾਂ ਵਿਚ ਲੁਕਾਉਣ ਗਿਆ ਸਾਂ।

-----

ਫੁੱਲਾਂ ਵਰਗਾ ਸੁੰਦਰ ਉਸਦਾ ਮਨ ਹੋਵੇਗਾ,

ਘਰ ਵਿਚ ਰੱਖੇ ਗਮਲੇ ਤੋਂ ਹੀ ਜਾਣ ਗਿਆ ਸਾਂ।

-----

ਕ਼ੈਦੀ ਜੀਵਨ ਤੱਕਣਾ ਵੀ ਜਦ ਰਾਸ ਨਾ ਆਇਆ,

ਪਿੰਜਰੇ ਵਿਚਲੇ ਪੰਛੀ ਤਾਈਂ ਉਡਾਣ ਗਿਆ ਸਾਂ।

-----

ਬੂੰਦ-ਬੂੰਦ ਲਈ ਮਨ ਮੇਰਾ ਜਦ ਤਰਸ ਗਿਆ ਸੀ,

ਸਾਗਰ ਕੰਢੇ ਆਪਣੀ ਪਿਆਸ ਬੁਝਾਣ ਗਿਆ ਸਾਂ।

-----

ਏਸ ਲਈ ਮੈਂ ਉਹਦੇ ਕੋਲ਼ੋਂ ਕੁੱਝ ਨਾ ਪੁੱਛਿਆ,

ਚਿਹਰੇ ਤੋਂ ਹੀ ਸਾਰੀ ਵਿਥਿਆ ਜਾਣ ਗਿਆ ਸਾਂ।

=====

ਗ਼ਜ਼ਲ

ਮੋਮ ਦਾ ਪੁਤਲਾ ਜਿਹਾ, ਪੱਥਰ ਨਹੀਂ।

ਫੇਰ ਵੀ ਨਜ਼ਦੀਕ ਉਸਦੇ ਡਰ ਨਹੀਂ।

-----

ਮੰਗ ਕੀਤੀ ਸੀ ਉਨ੍ਹਾਂ ਕੁਝ ਇਸ ਤਰ੍ਹਾਂ,

ਬੱਸ ਅਸਾਂ ਤੋਂ ਹੋਇਆ ਹੀ ਮੁੱਕਰ ਨਹੀਂ।

-----

ਲੰਘਦੇ ਨੇ ਉਂਝ ਗਲ਼ੀ ਚੋਂ ਰੋਜ਼ ਹੀ,

ਖਟ ਖਟਾਇਆ ਪਰ ਕਦੇ ਦਰ ਨਹੀਂ।

-----

ਦਿਲ ਕਰੇ ਜਿੱਥੇ ਘੜੀ ਪਲ ਰੁਕਣ ਨੂੰ,

ਇਸ ਤਰ੍ਹਾਂ ਦਾ ਸੜਕ ਤੇ ਮੰਜ਼ਰ ਨਹੀਂ।

-----

ਵਿਛ ਗਿਆ ਰਾਹ ਸਾਡੇ ਅੱਗੇ ਆਪ ਹੀ,

ਫਿਰ ਵੀ ਸਾਥੋਂ ਪੈਰ ਧਰ ਹੋਇਆ ਨਹੀਂ।

=====

ਗ਼ਜ਼ਲ

ਹੌਸਲਾ ਕਰਕੇ ਜ਼ਰਾ ਦੀਵਾਰ ਟੱਪ ਕੇ ਵੇਖਣਾ ਸੀ।

ਰੁੱਖ ਦੀ ਇਸ ਟਾਹਣ ਤੇ ਇਕ ਰਾਤ ਕੱਟ ਕੇ ਵੇਖਣਾ ਸੀ।

-----

ਧਰ ਗਿਆਂ ਏਂ ਓਸ ਦੇ ਸਿਰ ਤਾਅ ਉਮਰ ਦੇ ਵਾਸਤੇ ਤੂੰ,

ਇਕੱਲ ਦੇ ਇਸ ਭਾਰ ਨੂੰ ਖ਼ੁਦ ਆਪ ਚੁੱਕ ਕੇ ਵੇਖਣਾ ਸੀ।

-----

ਤੂੰ ਹਮੇਸ਼ਾ ਪੀਣੇ ਲੋਚੇ ਅੰਮ੍ਰਿਤਾਂ ਦੇ ਘੁੱਟ ਹੀ,

ਜ਼ਿੰਦਗੀ ਦਾ ਜ਼ਹਿਰ ਵੀ ਇਕ ਵਾਰ ਚੱਖ ਕੇ ਵੇਖਣਾ ਸੀ।

-----

ਇਸ ਪੜਾਅ ਤੇ ਆਣ ਕੇ ਮੁੜਨਾ ਪਿਆ ਕਿਉਂ ਫੇਰ ਪਿੱਛੇ,

ਆਪਣੀ ਹੀ ਪੈੜ ਨੂੰ ਗਹੁ ਨਾਲ਼ ਤੱਕ ਕੇ ਵੇਖਣਾ ਸੀ।

No comments: