
ਨਜ਼ਮ
ਪਤਾ ਨਹੀਂ ਸੀ ਮਾਨਸਰਾਂ ਦੇ
ਨੀਰਾਂ ਨੇ ਸੁੱਕ ਜਾਣਾ।
ਮੋਤੀ ਚੁਗਦੇ ਹੰਸਾਂ ਨੇ ਹੈ
ਅੱਖ-ਫੋਰੇ ਉੱਡ ਜਾਣਾ।
-----
ਆਪਣੇ ਪਿਆਰ ਦੀ ਨੈਂ ਦੇ ਪਾਣੀ
ਜੰਮ ਜਾਣਗੇ ਸਾਰੇ,
ਵਰ੍ਹਿਆਂ ਦੀ ਸੂਈ ਨੇ ਆਖ਼ਰ
ਸੋਚਾਂ ਨੂੰ ਪੁੜ ਜਾਣਾ।
-----
“ ਏਕ ਜੋਤ ਦੋ ਮੂਰਤੀ” ਦੀ
ਗੂੰਜ ਪਵੇ ਵਿਚ ਯਾਦਾਂ,
ਮੂਰਤੀਆਂ ਦੀ ਫਿਤਰਤ ਐਪਰ
ਅੱਡ ਅੱਡ ਲੇਖ ਲਿਖਾਣਾ।
-----
ਸੱਜਣ ਜੀ! ਕੋਈ ਕੀਕਣ ਜੀਵੇ
ਰੋਜ਼ ਉਡੀਕਾਂ ਕਰ ਕਰ,
ਜੇ ਆਖ਼ਰ ਨੂੰ ਵਿਚ ਉਡੀਕਾਂ
ਐਵੇਂ ਹੀ ਮਰ ਜਾਣਾ।
-----
ਹੋ ਸਕਦਾ ਹੈ ਵੇਦ ਕਤੇਬਾਂ
ਝੂਠ ਕਹਿਣ ਪਏ ਸਾਰੇ,
ਪਰ ਮੈਨੂੰ ਲਗਦੈ ਪਰਲੋ ਨੇ
ਹਰ ਹਾਲਤ ਵਿਚ ਆਣਾ।
-----
ਲੋਕਾ ਅੱਜ ਜਜ਼ਬਿਆਂ ਵਾਲ਼ੀ
ਕਾਂਗ ਨਹੀਂ ਹੈ ਰੁਕਦੀ
ਦੋਸ਼ ਨਾ ਦੇਣਾ ਜੇ ਹੜ੍ਹ ਜਾਵੇ
ਸ਼ਰਮ ਹਯਾ ਦਾ ਦਾਣਾ।
No comments:
Post a Comment