ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, June 5, 2010

ਕੁਲਵਿੰਦਰ - ਗ਼ਜ਼ਲ

ਗ਼ਜ਼ਲ

ਆਪਣੇ ਪਥਰਾ ਗਏ ਚਿਹਰੇ ਦਾ ਮੰਜ਼ਰ ਵੇਖ ਕੇ।

ਡਰ ਗਿਆ ਸ਼ੀਸ਼ੇ ਤੋਂ ਮੈਂ, ਸ਼ੀਸ਼ੇ ਚ ਪੱਥਰ ਵੇਖ ਕੇ।

-----

ਜਗਮਗਾਉਂਦੀ ਰੌਸ਼ਨੀ ਦਾ ਸ਼ਹਿਰ ਧੁੰਦਲ਼ਾ ਜਾਪਿਆ,

ਨ੍ਹੇਰ ਦੇ ਸਾਗਰ ਚ ਡੁਬਿਆ ਆਪਣਾ ਘਰ ਵੇਖ ਕੇ।

-----

ਸੋਚਦਾ ਰਹਿਨਾਂ ਮਿਟਾਵਾਂਗਾ ਕਿਵੇਂ ਮੈਂ ਪਿਆਸ ਨੂੰ,

ਰਾਤ ਭਰ ਬਲ਼ਦੀ ਨਦੀ ਖ਼ਾਬਾਂ ਦੇ ਅੰਦਰ ਵੇਖ ਕੇ।

-----

ਡਰ ਕਿਤੇ ਨਾ ਟੁੱਟ ਜਾਵਾਂ ਧਰਤ ਦੇ ਰਿਸ਼ਤੇ ਤੋਂ ਹੀ,

ਜੀਅ ਕਰੇ ਉੱਚਾ ਉੜਾਂ, ਮੈਂ ਨੀਲ ਅੰਬਰ ਵੇਖ ਕੇ।

-----

ਦਿਲ ਤਾਂ ਆਖਰ ਦਿਲ ਹੀ ਸੀ ਹੋਣਾ ਹੀ ਸੀ ਉਸਨੇ ਉਦਾਸ,

ਖੰਡਰਾਂ ਵਿਚ ਡੁੱਬਦੇ ਸੂਰਜ ਦਾ ਮੰਜ਼ਰ ਵੇਖ ਕੇ।

----

ਸੁਰਖ਼ ਫੁਲ ਸੜਦੇ, ਧੁਆਂਖੇ ਖ਼ਾਬ ਤੇ ਝੁਲ਼ਸੇ ਬਦਨ,

ਯਾਦ ਕੀ ਕੀ ਆ ਰਿਹਾ ਹੈ ਜਲ਼ ਰਿਹਾ ਘਰ ਵੇਖ ਕੇ।

-----

ਸੋਚਿਆ, ਕਮਜ਼ੋਰ ਦਿਲ ਦਾ ਵੀ ਸਮੁੰਦਰ ਹੈ ਬੜਾ,

ਮੈਂ ਸਮੁੰਦਰ ਦੇ ਕਿਨਾਰੇ ਰੇਤ ਦਾ ਘਰ ਵੇਖ ਕੇ।

-----

ਤੁਰ ਪਿਆ ਸਾਂ ਛੱਡ ਕੇ ਸਭ ਰਿਸ਼ਤਿਆਂ ਨੂੰ ਉਮਰ ਭਰ,

ਰੁਕ ਗਿਆ ਪਰ ਤੇਰਿਆਂ ਪੈਰਾਂ ਚ ਝਾਂਜਰ ਵੇਖ ਕੇ।


2 comments:

Unknown said...

ਇੱਕ ਵਧੀਆ ਗ਼ਜ਼ਲ.

Unknown said...

Kulwinder Sahib,udari kamaal di hai-Rup Daburji