ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, June 13, 2010

ਮਰਹੂਮ ਗੁਰਦਿਆਲ ਪੰਜਾਬੀ - ਗ਼ਜ਼ਲ

ਸਾਹਿਤਕ: ਗੁਰਦਿਆਲ ਪੰਜਾਬੀ

ਜਨਮ: 04 ਅਪ੍ਰੈਲ 193627 ਮਈ 2006 ਪਿੰਡ : ਕੁੱਕੜਾਂ ਜ਼ਿਲ੍ਹਾ : ਹੁਸ਼ਿਆਰਪੁਰ

ਪ੍ਰਕਾਸ਼ਿਤ ਕਿਤਾਬਾਂ: ਲੰਮੇ ਰੁੱਖ ਬੌਨੇ ਪਰਛਾਵੇਂ ਅਤੇ ਹੋਰ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

-----

ਦੋਸਤੋ! ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਨੇ ਪ੍ਰਸਿੱਧ ਗ਼ਜ਼ਲਗੋ ਮਰਹੂਮ ਗੁਰਦਿਆਲ ਪੰਜਾਬੀ ਜੀ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਭੇਜ ਕੇ ਆਰਸੀ ਪਰਿਵਾਰ ਦਾ ਮਾਣ ਵਧਾਇਆ ਹੈ। ਮੈਂ ਇਕਵਿੰਦਰ ਜੀ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਗੁਰਦਿਆਲ ਪੰਜਾਬੀ ਜੀ ਦੀ ਕਲਮ ਨੂੰ ਸਲਾਮ ਕਰਦਿਆਂ, ਦੋਵਾਂ ਗ਼ਜ਼ਲ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਗ਼ਜ਼ਲ

ਦਰਦੀ ਨਾ ਜੱਗ ਅੰਦਰ, ਕੋਈ ਉਸ ਦੇ ਨਾਲ ਦਾ ਏ

ਡਿਗਿਆਂ ਹੋਇਆਂ ਨੂੰ ਜਿਹੜਾ, ਫੜ-ਫੜ ਉਠਾਲਦਾ ਏ

-----

ਰਖਦਾ ਖ਼ਿਆਲ ਜਿਹੜਾ, ਦੂਜੇ ਦੇ ਮਾਲ ਦਾ ਏ

ਕਹਿੰਦੇ ਨੇ ਸਾਰੇ ਉਸਨੂੰ, ਬੰਦਾ ਕਮਾਲ ਦਾ

-----

ਜਾਂਦਾ ਏ ਸਿੱਧਾ ਇਕ ਦਮ, ਸੂਲ਼ੀ ਤੇ, ਦਾਰ ਉੱਤੇ,

ਰਸਤਾ ਨਾ ਇਸ਼ਕ ਦੇ ਵਿਚ, ਕੁਈ ਵਿਚ-ਵਿਚਾਲ ਦਾ ਏ

-----

ਅਪਮਾਨ ਸਾਡਾ ਕਰਦੈ, ਜੋ ਪੈਰ-ਪੈਰ ਉੱਪਰ,

ਉਹ ਸ਼ਖ਼ਸ ਸਾਥੋਂ ਫਿਰ ਵੀ, ਸਤਿਕਾਰ ਭਾਲਦਾ ਏ

-----

ਮਹਿਲਾਂ ਦੀ ਆਸ ਰੱਖਦਾ, ਕੁੱਲੀ ਵੀ ਢਾਹ ਲਵੀਂ ਨਾ,

ਹਾਕਮ ਬੜੇ ਹੀ ਰੰਗਲੇ, ਸੁਪਨੇ ਵਿਖਾਲਦਾ ਏ

-----

ਲੋਕਾਂ ਦੇ ਦਿਲ ਚ ਲਾਵਾ, ਹੁਣ ਮਾਰਦੈ ਉਛਾਲੇ,

ਸੰਕੇਤ ਜਾਪਦਾ ਇਹ, ਮੈਨੂੰ ਭੁਚਾਲ ਦਾ ਏ

-----

ਵਿਹੰਦਾ ਏ ਹੱਥ ਲਾ-ਲਾ, ਰਹਿੰਦਾ ਏ ਹੱਥ ਮਲ਼ਦਾ,

ਹੱਥਾਂ ਦੀ ਉਹ ਸਫ਼ਾਈ, ਜਿਸ ਨੂੰ ਵਿਖਾਲਦਾ ਏ

-----

ਕਦ ਤਕ ਉਹ ਐ ਪੰਜਾਬੀ’ ! ਅਪਣੀ ਬਚਾ ਕੇ ਰੱਖੂ ,

ਜੋ ਰੋਜ਼ ਦੂਜਿਆਂ ਦੀ, ਪਗੜੀ ਉਛਾਲਦਾ ਏ

=====

ਗ਼ਜ਼ਲ

ਆਫ਼ਰਿਆ ਹੈ ਜੋ ਧਨ ਦੀ ਮਗ਼ਰੂਰੀ ਨਾਲ

ਬਹਿ ਜਾਵੇ ਉਹ ਕਿੱਦਾਂ ਸਬਰ-ਸਬੂਰੀ ਨਾਲ?

-----

ਉਹ ਵੀ ਹੁਣ ਤਾਂ ਕਾਜੂ-ਪਿਸਤਾ ਖਾਂਦਾ ਏ,

ਤੋਤਾ ਵੀ ਨਹੀਂ ਮੰਨਦਾ ਹੁਣ ਤਾਂ ਚੂਰੀ ਨਾਲ

-----

ਕਲ-ਪੁਰਜ਼ਾ ਕੋਈ ਠੀਕ ਨਹੀਂ ਇਸ ਦਾ, ਫਿਰ ਵੀ

ਗੱਡੀ ਚੱਲੀ ਜਾਂਦੀ ਮਸ਼ਹੂਰੀ ਨਾਲ

-----

ਵਿਗੜੇ ਬੰਦੇ ਗੱਲਾਂ ਨਾਲ ਕਦੋਂ ਸੁਧਰੇ ?

ਬੱਚਾ ਵੀ ਨਹੀਂ ਡਰਦਾ ਹੁਣ ਤਾਂ ਘੂਰੀ ਨਾਲ

-----

ਧਰਤੀ ਉੱਤੇ ਲੱਗਣ ਪੈਰ ਕਿਵੇਂ ਉਸ ਦੇ ?

ਪਹੁੰਚ ਗਿਆ ਜੋ ਅੰਬਰ ਤੇ ਮਸ਼ਹੂਰੀ ਨਾਲ

-----

ਮੇਰੇ ਮਨ ਦੇ ਮੰਦਰ ਵਿਚ ਉਹ ਬੈਠ ਗਿਐ ,

ਫ਼ਰਕ ਨਹੀਂ ਕੁਝ ਪੈਂਦਾ ਤਨ ਦੀ ਦੂਰੀ ਨਾਲ

-----

ਇਹ ਕਾਹਦਾ ਹੈ ਜੀਉਣਾ ਜਿਸ ਵਿਚ ਪੰਜਾਬੀ’,

ਸਾਹ ਵੀ ਲੈਣਾ ਪੈਂਦਾ ਮਨਜ਼ੂਰੀ ਨਾਲ

No comments: