ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, June 14, 2010

ਸਾਥੀ ਲੁਧਿਆਣਵੀ - ਗ਼ਜ਼ਲ

ਗ਼ਜ਼ਲ

ਯਾਰ ਦਾ ਸੱਥਰ ਚੰਗਾ ਸਮਝਣ ਵਾਲ਼ੇ ਕਿੱਥੇ

ਪੱਟ ਨੂੰ ਚੀਰਨ ਵਾਲ਼ੇ ਉਹ ਮਤਵਾਲੇ ਕਿੱਥੇ

-----

ਕਦੇ ਪਰੇਮੀ ਸਹਿਰਾਵਾਂ ਵਿਚ ਰੁਲ਼ ਜਾਂਦੇ ਸਨ,

ਅੱਜ ਕੱਲ੍ਹ ਅੱਖੀਂ ਹੰਝੂ, ਪੈਰੀਂ ਛਾਲੇ ਕਿੱਥੇ

-----

ਕੰਮ ਕਾਰ ਵਿਚ ਦਿਨ ਨੂੰ ਲਾਂਭੇ ਹੋ ਜਾਂਦੀ ਹੈ,

ਐਪਰ ਜਾਵੇ ਯਾਦ ਤੇਰੀ ਤ੍ਰਿਕਾਲ਼ੇ ਕਿੱਥੇ

-----

ਮਸਜਦ ਕਿਓਂ ਹੈ ਇੱਥੇ, ਕਿਓਂ ਹੈ ਮੰਦਰ ਇਥੇ,

ਝਗੜੇ ਬਾਝੋਂ ਮਸਜਦ, ਸ਼ਿਵ ਦੁਆਲੇ ਕਿੱਥੇ

-----

ਆਦਮ ਦਾ ਆਦਮ ਦੋਸਤ ਹੈ, ਇਕ ਮਹਿਰਮ ਹੈ,

ਇੰਝ ਦੀਆਂ ਸੋਚਾਂ ਆਦਮ ਦੇ ਵਿਚ ਹਾਲੇ ਕਿੱਥੇ

-----

ਅਜੇ ਤਾਂ ਮਾਨਵ ਰੰਗ ਭੇਦ ਤੋਂ ਮੁਕਤ ਨਹੀਂ ਹੈ,

ਅਜੇ ਤਾਂ ਮਾਨਵ ਆਖੇ ਗੋਰੇ, ਕਾਲ਼ੇ ਕਿੱਥੇ

-----

ਕੁੱਲ ਦੁਨੀਆਂ ਨਾ ਉੱਕਾ ਅਜੇ ਸੁਤੰਤਰ ਹੋਈ,

ਟੁੱਟੀਆਂ ਨਾ ਜ਼ੰਜੀਰਾਂ, ਟੁੱਟੇ ਤਾਲੇ ਕਿੱਥੇ

-----

ਸੱਚ ਦੀ ਖ਼ਾਤਰ ਸੂਲ਼ੀ ਅੱਜ ਕੱਲ ਕਿਹੜਾ ਚੜ੍ਹਦੈ,

ਸੱਚ ਲਈ ਪੀਵਣ ਵਾਲ਼ੇ ਜ਼ਹਿਰ-ਪਿਆਲੇ ਕਿੱਥੇ

-----

ਅੱਧੀ ਦੁਨੀਆਂ ਰੀਂਗ ਰਹੀ ਹੈ, ਜਿਉਂਦੀ ਨਹੀਂ ਹੈ,

ਘਰ ਹੀ ਨਹੀਂ ਤਾਂ ਹੋਵਣਗੇ ਪਰਨਾਲ਼ੇ ਕਿੱਥੇ

-----

ਚੋਰ ਲੁਟੇਰੇ ਘਰ ਦੇ ਬੂਹੇ ਬਾਰੀਆਂ ਲੈ ਗਏ,

ਇਸ ਘਰ ਨੂੰ ਹੁਣ ਲਾਈਏ ਸੱਜਣੋ ਤਾਲੇ ਕਿੱਥੇ

-----

ਮੈਖ਼ਾਨੇ ਵਿਚ ਵੜਨ ਸਮੇਂ ਤਾਂ ਸਭ ਸਾਲਮ ਸੀ,

ਅੱਧੀ ਰਾਤੀਂ ਸਾਬਤ ਮਿਲਣ ਪਿਆਲੇ ਕਿੱਥੇ

-----

ਲੋਕੀਂ ਆਖਣ ਸਾਥੀਸ਼ਾਇਰ ਕਿੱਡਾ ਵੱਡਾ,

ਪਰ ਮੈਂ ਆਖਾਂ ਮੈਂ ਹਾਂ ਸ਼ਾਇਰ ਹਾਲੇ ਕਿੱਥੇ


No comments: