ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, June 16, 2010

ਅਮਰਜੀਤ ਸਿੰਘ ਸੰਧੂ - ਗ਼ਜ਼ਲ

ਗ਼ਜ਼ਲ

ਦਿੱਤਾ ਏ ਗ਼ਮ ਜੋ ਮੈਨੂੰ, ਉਸ ਨੂੰ ਸੰਭਾਲ ਰੱਖੂੰ।

ਸਜਣਾ, ਤੇਰੀ ਅਮਾਨਤ ਮੈਂ ਨਾਲ ਨਾਲ ਰੱਖੂੰ।

-----

ਮੈਂ ਪਿਆਰ ਪਾਉਣ ਲੱਗਿਆਂ, ਔਕਾਤ ਭੁੱਲ ਗਿਆ ਸੀ,

ਅੱਗੇ ਤੋਂ ਏਸ ਗੱਲ ਦਾ ਪੂਰਾ ਖ਼ਿਆਲ ਰੱਖੂੰ।

-----

-----

ਮਹਿਬੂਬ ਨਾਲ਼ ਸ਼ਿਕਵਾ, ਨ ਰਕੀਬ ਨਾਲ਼ ਝਗੜਾ,

ਇਸ ਨੂੰ ਵੀ ਨਾਲ਼ ਰੱਖੂੰ, ਉਸ ਨੂੰ ਵੀ ਨਾਲ ਰੱਖੂੰ।

-----

ਦੌਲਤ ਨ ਸਿਹਤ ਬਖ਼ਸ਼ੀ, ਸ਼ੁਹਰਤ ਨ ਪਿਆਰ ਦਿੱਤਾ,

ਮੈਂ ਰਬ ਦੇ ਅੱਗੇ ਪਹਿਲਾਂ ਏਹੋ ਸਵਾਲ ਰੱਖੂੰ।

-----

ਗ਼ਮ ਨਾਲ਼ ਖ਼ੂੰਨ ਅਪਣਾ, ਚਾਹੇ ਸੁਕਾ ਲਵਾਂ ਮੈਂ,

ਗ਼ਮ ਨਾਲ਼ ਐ ਗ਼ਜ਼ਲ, ਪਰ ਤੈਨੂੰ ਨਿਹਾਲ ਰੱਖੂੰ।

-----

ਤੂੰ ਆਏਂਗਾ ਤਾਂ ਆਪਾਂ ਵੇਖਾਂਗੇ ਦਿਲ ਦੀ ਐਲਬਮ,

ਨੈਣਾਂ ਦੇ ਪਾਣੀ ਵਿਚ ਮੈਂ ਯਾਦਾਂ ਹੰਗਾਲ ਰੱਖੂੰ।

-----

ਅੱਜ-ਕੱਲ੍ਹ ਤਾਂ ਖ਼ਿਆਲ ਦੀ ਵੀ ਹੁੰਦੀ ਏ ਸੌਦੇ-ਬਾਜ਼ੀ,

ਤੂੰ ਮੇਰਾ ਖ਼ਿਆਲ ਰੱਖੀਂ, ਮੈਂ ਤੇਰਾ ਖ਼ਿਆਲ ਰੱਖੂੰ।

-----

ਪੁੱਛੇ ਜੇ ਮੈਨੂੰ ਕੋਈ, ਦੁਖਾਂ ਚ ਕੌਣ ਖ਼ੁਸ਼ ਹੈ?

ਤਾਂ ਏਸ ਦੇ ਰੂ-ਬ-ਰੂ ਮੈਂ , ਅਪਣੀ ਮਿਸਾਲ ਰੱਖੂੰ।

-----

ਦਾਮਨ ਵੀ ਪਾੜਦਾ ਏ, ਸੀਨਾ ਵੀ ਸਾੜਦਾ ਏ,

ਸੰਧੂ! ਮੈਂ ਇਸ਼ਕ ਤੇਰਾ, ਕਿੱਥੇ ਸੰਭਾਲ ਰੱਖੂੰ?

No comments: