
ਅਸਾਂ ਕੀ ਦੋਸ਼ ਦੇਣਾ ਰਸਤਿਆਂ ਨੂੰ ,
ਸਫ਼ਰ ਸਾਡਾ ਜੇ ਇਉਂ ਬਦਨਾਮ ਹੋਵੇ
ਅਜੇ ਨਾ ਆਸ਼ਿਆਨੇ ਦੀ ਜ਼ਰੂਰਤ,
ਅਜੇ ਤਾਂ ਉੱਡਦਿਆਂ ਨੂੰ ਸ਼ਾਮ ਹੋਵੇ ।
------
ਸਫ਼ਾ ਅਸਮਾਨ ਦਾ ਖੁਲ੍ਹਿਆ ਸੀ ਰਾਤੀਂ,
ਲਿਖੇ ਚੰਨ ਤਾਰਿਆਂ ਨੇ ਹਰਫ਼ ਸੁਹਣੇ
ਉਣੀਂਦੇ ਜਾਪਿਆ ਮੈਨੂੰ ਇਹ ਸ਼ਾਇਦ,
ਮਿਰੇ ਹੀ ਵਾਸਤੇ ਪੈਗ਼ਾਮ ਹੋਵੇ ।
-----
ਗੁਜ਼ਰਦਿਆਂ ਪੋਹਲ਼ੀਆਂ-ਸੂਲ਼ਾਂ ਦੇ ਉੱਤੋਂ,
ਸਫ਼ਰ ਕੁਝ ਹੋਰ ਵੀ ਆਸਾਨ ਜਾਪੇ
ਮਿਰੇ ਸਿਰ ‘ਤੇ ਵੀ ਜੇ ਕਈਆਂ ਦੇ ਵਾਂਗੂੰ ,
ਕੁਰਾਹੇ ਪੈਣ ਦਾ ਇਲਜ਼ਾਮ ਹੋਵੇ ।
-----
ਹਰਿਕ ਅਰਪਣ ਦੀ ਨੀਂਹ ਹੈ ਆਦਮੀਅਤ,
ਤੇ ਹਰ ਕਿੱਸੇ ਦੀ ਹੈ ਏਹੋ ਹਕ਼ੀਕ਼ਤ
ਉਹ ਘਰ ਤੋਂ ਜਾ ਰਿਹਾ ਹੋਵੇ ਜਾਂ ਗੌਤਮ,
ਅਯੁੱਧਿਆ ਛੱਡ ਰਿਹਾ ਜਾਂ ਰਾਮ ਹੋਵੇ ।
------
ਉਹ ਡੁੱਬ ਜਾਂਦਾ ਹੈ ਨੀਲੇ ਪਾਣੀਆਂ ਵਿੱਚ,
ਸਵੇਰੇ ਜਿਉਂਦਿਆਂ ਹੀ ਪਰਤਦਾ ਹੈ
ਤੇ ਮੈਂ ਵੀ ਲੋਚਦਾਂ ਓਵੇਂ ਹੀ ਜੰਮਣਾ,
ਤੇ ਓਹੋ ਹੀ ਮੇਰਾ ਅੰਜਾਮ ਹੋਵੇ ।
2 comments:
ਸਫ਼ਾ ਅਸਮਾਨ ਦਾ ਖੁਲ੍ਹਿਆ ਸੀ ਰਾਤੀਂ
ਲਿਖੇ ਚੰਨ ਤਾਰਿਆਂ ਨੇ ਹਰਫ਼ ਸੋਹਣੇ,
ਉਣੀਂਦੇ ਜਾਪਿਆ ਮੈਨੂੰ ਇਹ ਸ਼ਾਇਦ
ਮੇਰੇ ਹੀ ਵਾਸਤੇ ਪੈਗ਼ਾਮ ਹੋਵੇ।
ਰਾਜਿੰਦਰਜੀਤ ਫੇਰ ਬਾਜ਼ੀ ਮਾਰ ਗਿਆ ਹੈ। ਬਹੁਤ ਬਹੁਤ ਮੁਬਾਰਕ।
ਸੁਰਿੰਦਰ ਸੋਹਲ
ਯੂ.ਐੱਸ.ਏ.
i cant explain it in words but you are different than others...your way of thinking and the words you choose are awesome....they are simple but yet have very deep meanings....may god bless you
Post a Comment