ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, July 6, 2010

ਮਨਜੀਤ ਮੀਤ - ਗੀਤ

ਮਨਜੀਤ ਮੀਤ ਸਾਹਿਬ! ਅੱਜ ਤੁਹਾਡੀ ਕਿਤਾਬ ਨੰਗੇ ਪੈਣੀਂ ਪੌਣ ਚੋਂ ਇਹ ਗੀਤ ਸ਼ਾਮਿਲ ਕਰਦਿਆਂ, ਤੁਹਾਨੂੰ ਇਕ ਵਾਰ ਫੇਰ ਇਕ ਬੇਹੱਦ ਖ਼ੂਬਸੂਰਤ ਕਿਤਾਬ ਦੀ ਰਚਨਾ ਤੇ ਦਿਲੀ ਮੁਬਾਰਕਬਾਦ ਪੇਸ਼ ਕਰ ਰਹੀ ਹਾਂ। ਜਿੰਨੀ ਵਾਰ ਵੀ ਇਹ ਕਿਤਾਬ ਪੜ੍ਹੀ, ਪ੍ਰਗੀਤਕ ਰੰਗ ਨੇ ਮੇਰਾ ਮਨ ਮੋਹ ਲਿਆ। ਬਾਦਲ ਸਾਹਿਬ ਨੇ ਵੀ ਇਸ ਕਿਤਾਬ ਨੂੰ ਪੜ੍ਹਦਿਆਂ, ਹਰ ਗੀਤ ਨੂੰ ਖ਼ੂਬ ਮਾਣਿਆ ਹੈ, ਉਹਨਾਂ ਵੱਲੋਂ ਵੀ ਸ਼ੁੱਭ ਇੱਛਾਵਾਂ ਕਬੂਲ ਕਰੋ।

ਅਦਬ ਸਹਿਤ

ਤਨਦੀਪ ਤਮੰਨਾ

*****

ਹੌਕਿਆਂ ਦੇ ਫੁੱਲ

ਗੀਤ

ਮੇਰੇ ਦਿਲ ਦੀਆਂ ਜੂਹਾਂ ਦੇ ਵਿਚਾਲੇ

ਰਾਤਾਂ ਨੂੰ ਤੇਰਾ ਗ਼ਮ ਬੋਲਦਾ।

ਇਹਨੇ ਯਾਦਾਂ ਦੇ ਅੰਬਰ ਗਾਹ ਮਾਰੇ,

ਆਹਾਂ ਤੇ ਬੈਠਾ ਪਰ ਤੋਲਦਾ।

-----

ਦਿਲ ਦੀਆਂ ਰੋਹੀਆਂ ਵਿਚ

ਹਿਜਰਾਂ ਦੇ ਸੱਪ ਭੈੜੇ

ਕਰਦੇ ਨੇ ਨਿੱਤ ਅਠਖੇਲੀਆਂ।

ਰੁੱਤ ਵੇ ਬਹਾਰ ਦੀ

ਪਤਝੜ ਚੁੰਮ ਗਈ

ਸਾਹਾਂ ਦੀਆਂ ਖਿੜੀਆਂ ਚੰਬੇਲੀਆਂ।

ਹਰ ਰੋਜ਼ ਹੀ ਸਵੇਰਾ

ਗਈ ਰਾਤ ਦੇ

ਨੈਣਾਂ ਚੋਂ ਮੋਏ ਖ਼ਾਬ ਟੋਲ਼੍ਹਦਾ...

ਮੇਰੇ ਦਿਲ ਦੀਆਂ ਜੂਹਾਂ ਦੇ ਵਿਚਾਲੇ

ਰਾਤਾਂ ਨੂੰ ਤੇਰਾ.....

-----

ਕੱਲੇ ਤੇ ਮੁਕੱਲੇ ਅਸੀਂ

ਜਿਉਂ ਗਗਨਾਂ ਨੂੰ ਛੂੰਹਦੀਆਂ

ਟੀਸੀਆਂ ਤੇ ਹੋਵੇ ਕੱਲਾ ਰੁੱਖ ਵੇ।

ਤੂੰ ਵੀ ਸਭ ਮੰਦਰਾਂ ਦੇ

ਬੁੱਤ ਜਿਹਾ ਹੋ ਗਿਆ

ਜੋ ਤੱਕਦੇ ਨਾ ਪੂਜਕਾਂ ਦੇ ਮੁੱਖ ਵੇ।

ਡੂੰਘੀ ਰਾਤ ਗਈ

ਦੁੱਖਾਂ ਦੇ ਸਤਾਇਆਂ ਤਾਈਂ

ਨੈਣਾਂ ਦੇ ਕੌਣ ਭਿੱਤ ਖੋਲ੍ਹਦਾ...

ਮੇਰੇ ਦਿਲ ਦੀਆਂ ਜੂਹਾਂ ਦੇ ਵਿਚਾਲੇ

ਰਾਤਾਂ ਨੂੰ ਤੇਰਾ.....

-----

ਮੇਰੀ ਹੋਂਦ ਜਿਵੇਂ

ਔਤ ਦੇ ਮਜ਼ਾਰ ਤੇ

ਕਿਸੇ ਨੇ ਹੋਵੇ ਫੁੱਲ ਧਰਿਆ।

ਜਾਂ ਦਿਲ ਦੇ ਥਲਾਂ ਤੋਂ ਦੀ ਮੋਹ ਦਾ

ਬੱਦਲ਼ ਲੰਘੇ ਅਣਵਰ੍ਹਿਆ।

ਫਿਰ ਪੰਨੂੰ ਦੇ ਵੀਰਾਂ ਨੂੰ

ਤੱਕ ਤੱਕ ਕੇ

ਸੱਸੀ ਦਾ ਪਿਆ ਦਿਲ ਡੋਲਦਾ...

ਮੇਰੇ ਦਿਲ ਦੀਆਂ ਜੂਹਾਂ ਦੇ ਵਿਚਾਲੇ

ਰਾਤਾਂ ਨੂੰ ਤੇਰਾ.....

-----

ਮੇਰੀ ਮਿੱਟੀ ਵਿੱਚੋਂ ਉੱਗੇ

ਸਉਲ਼ੇ ਰੁੱਖ ਨੂੰ

ਹੌਕਿਆਂ ਦੇ ਫੁੱਲ ਖਿੜਦੇ।

ਪੀੜਾਂ ਦਿਲ ਦੇ ਮਜ਼ਾਰ ਤੇ

ਆ ਗੌਂਦੀਆਂ

ਜਿਉਂ ਮੇਲਿਆਂ ਚ ਲੋਕ ਜੁੜਦੇ।

ਇਕ ਅਧਮੋਏ ਰਿਸ਼ਤੇ ਦੇ ਕੀਰਨੇ

ਰਾਹਵਾਂ ਚ ਮੇਰਾ ਗੀਤ ਰੋਲ਼ਤਾ...

ਮੇਰੇ ਦਿਲ ਦੀਆਂ ਜੂਹਾਂ ਦੇ ਵਿਚਾਲੇ

ਰਾਤਾਂ ਨੂੰ ਤੇਰਾ.....

1 comment:

Unknown said...

Meet Sahib,Kammal...Rup Daburji