ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, July 7, 2010

ਅਮਿਤੋਜ - ਨਜ਼ਮ

ਕੁੱਖ ਤੇ ਰੁੱਖ

ਨਜ਼ਮ

ਤੂੰ ਹਮੇਸ਼ ਹੀ ਮੈਨੂੰ

ਆਪਣੀ ਛਾਂ ਵਾਂਗ ਸਿਰਜਿਆ

ਚਾਹੁੰਦੀ ਤਾਂ ਤੂੰ

ਆਪਣੇ ਬੀਜ ਵਾਂਗ ਵੀ

ਮੈਨੂੰ ਸਿਰਜ ਸਕਦੀ ਸੀ।

...........

ਤੂੰ ਚਾਹੁੰਦੀ ਤਾਂ:

ਮੈਂ ਧੁੱਪ ਵਾਂਗ ਚੜ੍ਹ ਸਕਦਾ ਸੀ

ਲਟ ਲਟ ਬਲ਼ ਸਕਦਾ ਸੀ

ਤੂੰ ਚਾਹੁੰਦੀ ਤਾਂ:

ਮੈਂ ਧੁੱਪ ਵਾਂਗ ਢਲ਼ ਸਕਦਾ ਸੀ।

ਗੁੰਮ ਸੁੰਮ ਮਰ ਸਕਦਾ ਸੀ।

.........

ਪਰ ਤੂੰ ਹਮੇਸ਼ ਹੀ ਚਾਹਿਆ

ਮੈਂ ਤੇਰਾ ਪਰਛਾਵਾਂ ਬਣਿਆ

ਤੇਰੇ ਇਰਦ-ਗਿਰਦ ਘੁੰਮਦਾ ਰਹਾਂ।

ਆਪਣੇ ਅਣਸਿਰਜੇ ਵਜੂਦ ਨੂੰ ਚੁੰਮਦਾ ਰਹਾਂ।

...............

ਤੇਰੇ ਮਿਲ਼ਣ ਤੋਂ ਪਹਿਲਾਂ

ਮੈਂ ਇਕ ਕੁੱਖ-ਵਿਹੂਣਾ ਜਾਦੂ ਸਾਂ

ਤੇਰੇ ਮਿਲ਼ਣ ਤੋਂ ਮਗਰੋਂ

ਮੈਂ ਅੱਜ ਕੁੱਖ-ਵਿਹੂਣਾ ਜਾਦੂ ਹਾਂ।

..............

ਅਜਬ ਤਮਾਸ਼ਾ ਹੈ ਯਾਰੋ!

ਜਾਦੂ ਕੁੱਖ ਚੋਂ ਬੋਲ ਰਿਹਾ ਹੈ

ਕੁੱਖ ਦੇ ਦੁੱਖ-ਸੁੱਖ

ਰੁੱਖ ਨਾਲ਼ ਫੋਲ ਰਿਹਾ ਹੈ..

=====

ਰੰਗ ਰਲੀਆਂ ਮਨਾਉਂਦੇ ਕੁਝ ਪਲ

ਨਜ਼ਮ

ਸ਼ੂਕਦੀ ਹਵਾ

ਪੱਤਿਆਂ ਨੂੰ ਕਿਉਂ ਛੇੜਦੀ ਹੈ।

ਪਹਾੜੀ ਨਦੀ

ਚਟਾਨਾਂ ਨਾਲ਼ ਕਿਉਂ ਖਹਿਬੜਦੀ ਹੈ।

ਲਿਸ਼ਕਦੀ ਬਿਜਲੀ

ਕਾਲ਼ੇ ਬੱਦਲ਼ਾਂ ਨਾਲ਼ ਕਿਉਂ ਖੇਡਦੀ ਹੈ।

ਸਲੇਟੀ ਸੜਕ

ਪੈੜਾਂ ਹੇਠ ਕਿਉਂ ਲਿਤੜਦੀ ਹੈ।

ਬੇਰੰਗ ਚਿੱਠੀ

ਖ਼ਾਲੀ ਲਿਫ਼ਾਫ਼ਿਆਂ ਚ ਕਿਉਂ ਵਿਲਕਦੀ ਹੈ।

ਪੁਰਾਣੀ ਚੁਗਾਠ

ਨਵੇਂ ਤਖ਼ਤਿਆਂ ਨਾਲ਼ ਕਿਉਂ ਚੰਬੜਦੀ ਹੈ।

ਰੇਤੇ ਨਾਲ਼ ਭਰੀ ਟਰਾਲੀ

ਨਵੇਂ ਟਰੈਕਟਰ ਦੇ ਗਲ਼ ਕਿਉਂ ਲੱਗੀ ਹੈ।


1 comment:

Rajinderjeet said...

ਇਸ ਸ਼ਾਇਰ ਦੇ ਖਾਲੀ ਤਰਕਸ਼ 'ਚ ਬੇਹਿਸਾਬੇ ਤੀਰ ਸਨ...|