ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, July 10, 2010

ਮੈਡਮ ਡਾ: ਅਮਰ ਜਿਉਤੀ - ਨਜ਼ਮ

ਮੈਡਮ ਅਮਰ ਜਿਉਤੀ ਜੀ! ਦੋ ਕੁ ਦਿਨਾਂ ਤੋਂ ਤੁਹਾਡੀ ਕਾਵਿ-ਪੁਸਤਕ ਸੋਚਾਂ ਦੇ ਨਿਸ਼ਾਨ ਇਕ ਵਾਰ ਫਿਰ ਤੋਂ ਪੜ੍ਹ ਅਤੇ ਅੱਖਰ-ਅੱਖਰ ਮਾਣ ਰਹੀ ਹਾਂ। ਮੈਂ ਤੁਲਨਾ ਨਹੀਂ ਕਰ ਰਹੀ, ਪਰ ਫ਼ੋਨ ਤੇ ਹੋਈ ਗੱਲ ਜ਼ਰੂਰ ਦੁਹਰਾਵਾਂਗੀ ਕਿ ਜਿੰਨੀਆਂ ਵੀ ਤੁਹਾਡੀਆਂ ਸਮਕਾਲੀ ਕਵਿੱਤਰੀਆਂ ਹਨ, ਉਹਨਾਂ ਚੋਂ ਤੁਹਾਡਾ ਸਾਹਿਤਕ ਕੱਦ ਸਭ ਤੋਂ ਉੱਚਾ ਹੈ। ਜਦੋਂ ਵੀ ਆਪੇ ਨਾਲ਼ ਗੁਫ਼ਤਗੂ ਕਰਨ ਦਾ ਮਨ ਕਰਦਾ ਹੈ, ਤੁਹਾਡੀਆਂ ਨਜ਼ਮਾਂ ਪੜ੍ਹਦੀ ਹਾਂ। ਤੁਹਾਡੇ ਲਿਖੇ ਇਕ-ਇਕ ਹਰਫ਼ ਚੋਂ ਇਕ ਅਮਰ ਜਿਉਤੀ ਉੱਠਦੀ ਹੈ, ਅਤੇ ਖ਼ਿਆਲ ਦੇ ਸੱਖਣੇ ਕੈਨਵਸ ਤੇ ਮੇਰੀ ਪਸੰਦ ਦੇ ਰੰਗ ਉੱਕਰ ਜਾਂਦੇ ਹਨ। ਇਹ ਅਮਰ ਜਿਉਤੀ ਕਦੇ ਕਸ਼ਮਕਸ਼ ਦੇ ਤਾਣੇ ਪੇਟੇ ਨੂੰ ਸੁਲ਼ਝਾਉਂਦੀ, ਕਦੇ ਰਿਸ਼ਤਿਆਂ ਦੇ ਬਕ-ਬਕੇ ਅਹਿਸਾਸਾਂ ਨੂੰ ਨਰਮ ਪੋਟਿਆਂ ਤੇ ਗਿਣਦੀ ਅਤੇ ਕਦੇ ਆਪਣੇ ਮੁਰਸ਼ਦ ਬੁੱਲ੍ਹੇ ਨਾਲ਼ ਇਕ-ਮਿੱਕ ਹੋਈ ਮੇਰੇ ਸਾਹਮਣੇ ਆ ਬਹਿੰਦੀ ਹੈ, ਅਤੇ ਉਸਨੂੰ ਨੇੜਲੇ ਭਵਿੱਖ ਵਿਚ ਮਿਲ਼ਣ ਦੀ ਦੁਆ ਮੇਰੇ ਹੱਥਾਂ ਚ ਦੀਵੇ ਦੀ ਲਾਟ ਵਾਂਗ ਬਲ਼ਣ ਲੱਗ ਪੈਂਦੀ ਹੈ। ਇਕ ਵਾਰ ਫੇਰ ਤੁਹਾਡੀ ਕਲਮ ਨੂੰ ਸਲਾਮ ਕਰਦਿਆਂ ਅੱਜ ਏਸੇ ਕਿਤਾਬ ਵਿਚੋਂ ਚੰਦ ਨਜ਼ਮਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਜਾ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਸਵਾਲ ਬਿਨਾ ਜਵਾਬ

ਨਜ਼ਮ

ਉਸ ਨੇ ਮੈਥੋਂ

ਮੇਰੇ ਘਰ ਦਾ ਪਤਾ

ਪੁੱਛਿਆ:

ਆਖਿਆ:

ਮੇਰੇ ਘਰ ਦਾ ਪਤਾ

ਮੈਨੂੰ ਹੀ ਨਹੀਂ ਪਤਾ

ਤੈਨੂੰ ਕਿੰਝ ਦੱਸਾਂ?

......

ਉਸ ਨੇ ਫਿਰ ਪੁੱਛਿਆ:

ਕੀ ਤੂੰ

ਖ਼ਾਨਾਬਦੋਸ਼ ਏਂ?

ਨਹੀਂ

.........

ਬੇਵਤਨ ਏਂ?

ਨਹੀਂ

......

ਜਲਾਵਤਨ ਏਂ?

ਨਹੀਂ

.........

ਕੌਣ ਏਂ ਫਿਰ?

ਔਰਤ ਹਾਂ ਮੈਂ!

====

ਕਾਕੂਨ

ਨਜ਼ਮ

ਕਿੰਨੇ ਭਰਮ ਟੋਟੇ-ਟੋਟੇ ਹੋ ਗਏ

ਕਿੰਨੇ ਹੀ ਹੋਰ ਜਿਉਂ ਪਏ

ਵਕ਼ਤ ਦੀਆਂ ਸੂਈਆਂ ਤੇ ਲਟਕੇ

ਇਹ ਨਿੱਕੇ ਸ਼ਬਦ ਜਾਲ਼

............

ਜ਼ਿੰਦਗੀ ਵਿਚ ਤੰਦਾਂ ਬੁਣਦੀ

ਆਪਣਿਆਂ ਅਹਿਸਾਸਾਂ ਤੋਂ

ਰੇਸ਼ਮ ਉਧਾਰਾ ਮੰਗ ਕੇ

..........

ਉਧਾਰੀਆਂ ਤੰਦਾਂ ਦੇ ਕਾਕੂਨ ਵਿਚ

ਫ਼ਸਿਆ ਨਿੱਕਾ ਜਿਹਾ ਕੀੜਾ

ਝੂਠਾ ਰੇਸ਼ਮ ਬੁਣਦਾ ਰਿਹਾ

.........

ਸੁੱਚੀਆਂ ਤੰਦਾਂ ਵਿਚ ਉਲ਼ਝੀ

ਉਮੰਗ, ਰੀਝ ਤੇ ਦੋਸਤੀ ਦੀ ਆਸ

ਫਾਹੀ ਲੈ ਕੇ ਮਰ ਗਈ

ਇਹਦੀ ਸੁੱਚੀ ਕੁਰਬਾਨੀ

ਇਕ ਹੋਰ ਉਮੀਦ

ਜ਼ਿੰਦਾ ਕਰ ਗਈ।

=====

ਖੰਡਿਤ

ਨਜ਼ਮ

ਤੂੰ ਨਹੀਂ ਆਇਆ

ਚੰਗਾ ਹੋਇਆ

ਕੁਝ ਗਵਾਚਣੋ ਤਾਂ ਬਚ ਗਿਆ

........

ਗਿਲੇ-ਸ਼ਿਕਵੇ ਕਰਨ ਲਈ

ਕੁਝ ਪਲ ਤਾਂ

ਸਾਡੇ ਰਹੇ

ਤੈਨੂੰ ਮਿਲ਼ਣ ਦੀ ਚਾਹੇ

ਮਰ ਗਈ ਉਮੰਗ

ਪਰ ਬੋਲਾਂ ਦੇ ਜੰਗਲ਼ ਚੋਂ

ਲੰਘਣ ਦੀ ਜਿਉਂਦੀ ਆਸ ਲੈ ਕੇ

ਤੁਰਦੀ ਪਈ....

...........

ਕਿੱਥੇ ਪਰਛਾਵੇਂ ਗਏ

ਕਿਹੜੇ ਰੁੱਖ ਚੁਰਾ ਲਈ ਛਾਂ

ਕਿਸ ਸਰਾਂ ਦਾ ਲਵਾਂ ਮੈ ਨਾਂ

ਜੰਗਲ਼ਾਂ ਜੂਹਾਂ ਵਿਚ ਭੌਂਦਾ ਤੇ ਸੌਂਦਾ

ਭੱਜਦਾ, ਨੱਸਦਾ ਤੇ ਟੁੱਟਦਾ

ਮਨ ਦਾ ਮਿਰਗ ਮਗਰ ਕਸਤੂਰੀ

ਭਟਕਦਾ, ਲੱਭਦਾ

ਕਾਮਲ ਮੁਰਸ਼ਦ ਵਾਂਗ

ਸਵਾਂਗ ਰਚਾਇਆ

ਭੌਂਦਾ

ਮ੍ਰਿਗ-ਤ੍ਰਿਸ਼ਨਾ ਦੇ ਮਹਿਲ ਵਿਚ ਜਾ ਕੇ

ਬੁੱਢੀ ਜਾਦੂਗਰਨੀ ਦੇ ਟੂਣੇ ਵਿਚ

ਹਫ਼ ਜਾਂਦਾ

...........

ਇਸ ਹਕੀਕਤ ਨੂੰ ਥਿਆਇਆ

ਤੇ ਪਾਇਆ

ਚੰਗਾ ਹੋਇਆ

ਤੂੰ ਨਹੀਂ ਆਇਆ

ਖੰਡਿਤ ਹੋ ਕੇ

ਕਣ-ਕਣ ਬਣ ਕੇ ਮਿੱਟੀ ਵਿਚ

ਰਲ਼ ਜਾਣ ਤੋਂ

ਆਪਾ ਤਾਂ ਬਚ ਗਿਆ।

=====

ਫ਼ਾਸਲੇ

ਨਜ਼ਮ

ਕੁਝ ਫ਼ਾਸਲੇ

ਹੁੰਦੇ ਹਨ ਐਸੇ

ਜੋ ਤਹਿ ਹੋ ਕੇ ਵੀ

ਲਗਦੇ ਹਨ

ਨਹੀਂ ਤਹਿ ਹੋਏ।

ਕੁਝ ਫ਼ਾਸਲੇ

ਹੁੰਦੇ ਹਨ ਐਸੇ

ਜੋ ਵਿਛ ਜਾਂਦੇ ਹਨ

ਪੈਰਾਂ ਸਾਹਵੇਂ

ਸਾਗਰ ਬਣ ਕੇ।

.............

ਸਾਗਰ

ਜਿਸ ਵਿਚ ਜਦ

ਲਹਿਰਾਂ ਜਾਗਦੀਆਂ

ਬਣ ਕੇ ਸ਼ੋਰ

ਖੌਰੂ ਪਾਉਂਦੀਆਂ

ਭੱਜੀਆਂ ਆਵਣ

ਭਰਨ ਲਈ ਕਲ਼ਾਵਾ

ਲੰਮੀਆਂ ਬਾਹਵਾਂ ਨਾਲ਼।

...........

ਸਾਗਰ

ਜੋ ਹੈ ਕਿਤਨਾ ਡੂੰਘਾ

ਕੋਈ ਨਾ ਸੀਮਾ

ਇਕ ਵੇਗ ਵਿਚ

ਵਗਦਾ ਹੋਇਆ

ਜਿਹਦੇ ਅੰਦਰ

ਸੁਪਨੇ ਸੁੱਤੇ

ਜਾਗਣ ਸੱਧਰਾਂ

ਕਿਤਨੇ ਨਾਗ

ਕਿਤਨੀਆਂ ਮਣੀਆਂ

ਮਣੀ ਚੁਰਾ ਕੇ

ਲੰਘਣਾ ਔਖਾ।

.........

ਸਾਗਰ

ਮੇਰਾ ਦਿਲ ਵੀ ਹੈ

ਜਿਹਦੇ ਅੰਦਰ

ਕਿਤਨੀਆਂ ਕਬਰਾਂ

ਜਿਹਨਾਂ ਵਿਚ ਨੇ

ਸੁੱਤੀਆਂ ਹੋਈਆਂ

ਸੁਹਾਗਣ ਦੁਲਹਨ

ਵਾਂਗ ਮਰੀਆਂ

ਮੇਰੀਆਂ ਸੱਧਰਾਂ

ਇਹ ਕਬਰਾਂ

ਮੈਂ ਫ਼ੋਲ ਨਾ ਸਕਦੀ

ਇਹ ਕਬਰਾਂ

ਮੈਂ ਖੋਲ੍ਹ ਨਾ ਸਕਦੀ।

.............

ਕੁਝ ਫ਼ਾਸਲੇ

ਹੁੰਦੇ ਹਨ ਐਸੇ

ਜੋ ਸਾਗਰ ਕੰਢੇ

ਖੜ੍ਹ ਕੇ

ਸਾਗਰ ਵਿਚ

ਡੁਬਦੇ ਸੂਰਜ ਵਾਂਗ

ਡੁਬਦੇ ਵੇਖੇ

ਜਾ ਸਕਦੇ ਹਨ

ਨਹੀਂ ਤਹਿ ਹੋ ਸਕਦੇ।


1 comment:

सुभाष नीरव said...

ਤਨਦੀਪ ਤਮੰਨਾ ਜੀ
'ਆਰਸੀ' ਚ ਡਾ. ਅਮਰ ਜਿਓਤੀ ਦੀਯਾਂ ਨਜ਼ਮਾਂ ਵਾਕਯੀ ਬਹੁਤ ਖੂਬਸੂਰਤ ਹਨ. ਅੰਦਰ ਤੀਕ ਹਲੂਣ ਕੇ ਰਖ ਦੇਣ ਵਾਲਿਯਾਂ . ਕੀ ਤੁਸੀਂ ਮੈਨੂ ਏਹ ਕਵਿਤਾਵਾਂ ਅਤੇ ਜਿਓਤੀ ਜੀ ਡਾ ਫੋਟੋ ਪਰਿਚੇ ਮੇਲ ਰਾਹੀਂ ਭੇਜ ਸਕਦੇ ਹੋ? ਉਨ੍ਹਾਂ ਡਾ ਕੋਈ contact ਨੰਬਰ ਵੀ ਹੋਵੇ ਤੋ ਭੇਜਣਾ. ਧਨਵਾਦੀ ਹੋਵਾਂਗਾ.
ਸੁਭਾਸ਼ ਨੀਰਵ