ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, July 15, 2010

ਰਵਿੰਦਰ ਰਵੀ - ਨਜ਼ਮ

ਰਵੀ ਸਾਹਿਬ! ਤੁਹਾਡੀਆਂ ਇਹ ਨਜ਼ਮਾਂ ਪੜ੍ਹਦੀ ਮੈਂ ਅਲੱਗ ਹੀ ਦੁਨੀਆਂ ਵਿਚ ਵਿਚਰੀ ਹਾਂ....ਹਰ ਲਫ਼ਜ਼ ਚੋਂ ਉਮਰ ਦੀ ਸਿਆਣਪ, ਤਜਰਬਾ, ਵੱਖਰੇ ਨਜ਼ਰੀਏ, ਇਜ਼ਹਾਰ ਲਈ ਜਜ਼ਬਾਤ ਦੇ ਮੇਚ ਦੀ ਸ਼ਬਦ-ਚੋਣ . .... ਮਾਹਤਾਬ ਦੀ ਤਰ੍ਹਾਂ ਰੌਸ਼ਨ ਹਨ। ਇਹਨਾਂ ਅਤਿ-ਖ਼ੂਬਸੂਰਤ ਨਜ਼ਮਾਂ ਨੂੰ ਪੜ੍ਹਦਿਆਂ, ਸੰਪੂਰਨ ਬ੍ਰਹਿਮੰਡ ਦੀ ਪ੍ਰਕਰਮਾ ਕਰਦੀ ਮੈਂ ਬਹੁਤ-ਵਾਰ ਰੁਕੀ ਹਾਂ....ਤੇ ਹਰ ਪੱਤੇ, ਤੁਪਕੇ ਤੇ ਸੂਰਜ ਚੋਂ ਫਿਰਾਕ-ਏ-ਯਾਰ ਦੀਆਂ ਚਿਣਗਾਂ ਮਹਿਸੂਸ ਕੀਤੀਆਂ ਨੇ....ਮੇਰੇ ਵੱਲੋਂ ਤੁਹਾਡੀ ਕਲਮ ਨੂੰ ਇਕ ਵਾਰ ਫੇਰ ਸਲਾਮ ਅਤੇ ਬਹੁਤ-ਬਹੁਤ ਮੁਬਾਰਕਾਂ। ਆਸ਼ੀਰਵਾਦ ਘੱਲਦੇ ਅਤੇ ਮਾਰਗ ਦਰਸ਼ਨ ਕਰਦੇ ਰਿਹਾ ਕਰੋ ਜੀ।

ਅਦਬ ਸਹਿਤ

ਤਨਦੀਪ

******

ਇਕ ਨਵੇਂ ਜਿਸਮ ਦੀ ਤਲਾਸ਼

ਨਜ਼ਮ

ਇਸ਼ਕ ਤਾਂ ਹਰ ਉਮਰ ਵਿਚ

ਸੰਭਵ ਹੈ!

...........

ਪਹਿਲਾਂ ਜਿਸਮ ਖੋਦ ਕੇ,

ਰੂਹ ਲੱਭਦੇ ਰਹੇ,

ਹੁਣ ਰੂਹ ਖੋਦ ਕੇ,

ਜਿਸਮ ਲੱਭਦੇ ਹਾਂ!

...........

ਉਮਰ, ਉਮਰ ਦਾ ਤਕਾਜ਼ਾ ਹੈ!

ਜਿਸ ਉਮਰ ਵਿਚ,

ਇਹ ਦੋਵੇਂ ਸੁਲੱਭ ਸਨ,

ਸੰਤੁਲਨ ਮੰਗਦੇ ਸਨ,

ਪ੍ਰਸਪਰ ਸਮਝ-ਸਾਲਾਹ ਦਾ

..........

ਰੂਹ ਚੋਂ ਜਿਸਮ,

ਜਿਸਮ ਚੋਂ ਰੂਹ,

ਪਿੰਡ. ਬ੍ਰਹਿਮੰਡ

ਵੱਲ ਖੁੱਲ੍ਹਦੇ ਹਰ ਰਾਹ ਦਾ

.........

ਉਸ ਉਮਰ ਵਿਚ,

ਬੇੜੀਆਂ ਦੇ ਬਾਦਬਾਨ ਤਣ ਗਏ

ਕੰਢਿਆਂ,

ਟਾਪੂਆਂ ਦੀ ਇਕ-ਰਸੀ ਤੋਂ ਬੋਰ ਹੋਏ,

ਹਵਾਵਾਂ ਦੇ ਰੁਖ਼,

ਉਲਝਣ, ਸੁਲਝਣ,

ਭਟਕਣ, ਮੰਜ਼ਲ

ਦੇ ਆਤਮ-ਵਿਰੋਧ ਨਾਲ ਜੂਝਦੇ

ਨਿਰੰਤਰ ਤੁਰੇ ਰਹਿਣ ਦਾ ਹੀ,

ਜੀਵਨ-ਦਰਸ਼ਨ ਬਣ ਗਏ!

............

ਤੇ ਹੁਣ,

ਧੌਲੀਆਂ ਝਿੰਮਣੀਆਂ ਚੋਂ,

ਇਕ ਨਿਰੰਤਰ ਢਲਵਾਨ ਦਿਸਦੀ ਹੈ,

ਦੂਰ ਪਾਤਾਲ ਦੇ,

ਇਕ ਵਿਸ਼ਾਲ

ਨ੍ਹੇਰ-ਬਿੰਦੂ ਵਿਚ ਸਿਮਟਦੀ!

ਇਸ ਨ੍ਹੇਰ-ਬਿੰਦੂ ਦੇ ਸਨਮੁਖ,

ਰੂਹ ਖੋਦ ਦੇ, ਨਿਸਦਿਨ,

ਇਕ ਨਵਾਂ ਜਿਸਮ ਢੂੰਡਦੇ ਹਾਂ!!!

=====

ਤੁਪਕਾ, ਪੱਤਾ ਤੇ ਸੂਰਜ

ਨਜ਼ਮ

ਜਿਸ ਪੱਤੇ ਤੇ

ਤੁਪਕਾ, ਤੁਪਕਾ

ਟਪਕਦਾ ਸੀ

ਕੁਦਰਤੀ ਸੰਗੀਤ ਦਾ,

..........

ਉਸ ਪੱਤੇ ਉਤੇ

ਇਕ ਤੁਪਕਾ ਅਟਕ ਗਿਆ,

ਪਾਰਦਰਸ਼ੀ

ਅੱਖ ਵਰਗਾ

.............

ਮੀਂਹ ਤੋਂ ਬਾਅਦ, ਨਿਰਮਲ

ਆਕਾਸ਼ ਨੂੰ ਨਿਹਾਰਦਾ,

ਸਮੇਂ ਨੂੰ ਪੁਕਾਰਦਾ!

........

ਸੂਰਜ ਦੀ ਭਰਵੀਂ ਲੋਅ

ਵਿੱਲਖਣ.....

ਸ਼ੀਸ਼ੇ ਚ ਉਤਾਰਦਾ!

=====

ਸਟਿਲ ਲਾਈਫ ਪੇਂਟਿੰਗ

ਨਜ਼ਮ

ਥੋੜ੍ਹਾ ਜਿਹਾ ਮੀਂਹ ਵੱਸਿਆ

ਤੇ ਹੁਣ ਹੁੰਮਸ ਜਿਹਾ ਹੋ ਗਿਆ ਹੈ!

ਦਮ ਘੁਟਦਾ ਹੈ,

ਦਿਲ ਟੁਟਦਾ ਹੈ!

.............

ਗਰਦ ਤੇ ਗਹਿਰ

ਧਰਤ, ਅਸਮਾਨ ਇਕ ਕਰੀ ਬੈਠੀ ਹੈ,

ਹਵਾ ਵੀ ਸਾਹ ਤਕ ਨਹੀਂ ਲੈ ਰਹੀ!

..........

ਨੀਮ-ਚਾਨਣੇ ਨੂੰ ਜਿਵੇਂ

ਪੀਲੀਆ ਹੋ ਗਿਆ ਹੋਵੇ!

...........

ਪਤਾ ਤਕ ਨਹੀਂ ਹਿਲਦਾ

ਕਿਧਰੇ ਕੋਈ ਬੋਲ,

ਸੁਰ ਸੰਗੀਤ ਨਹੀਂ ਹੈ!

.............

ਇਕ ਅਪਰਿਭਾਸ਼ਤ ਜਿਹੀ

ਜਾਨ-ਲੇਵਾ ਖ਼ਾਮੋਸ਼ੀ,

ਸਵੈ-ਵਿਖਾਰੂ ਪਰਬਤ ਵਾਂਗ,

ਚਾਰ ਚੁਫੇਰਿਓਂ

ਬਰਸ ਰਹੀ ਹੈ

ਮਨ, ਦਿਲ, ਦਿਮਾਗ਼ ਤੇ!

................

ਇਤਨੇ ਪੱਛ ਹਨ ਕਿ ਇਨ੍ਹਾਂ ਦੀ ਪਹਿਚਾਣ ਨਹੀਂ ਹੁੰਦੀ,

ਇਹ ਉਹ ਜ਼ਖ਼ਮ ਹਨ ਜੋ ਫ਼ੈਲ ਕੇ ਵਜੂਦ ਤੇ,

ਆਪ ਵਜੂਦ ਬਣੀ ਬੈਠੇ ਹਨ!

...............

ਕੋਈ ਆਹ

ਕੋਈ ਸਿਸਕੀ

ਕੋਈ ਰੁਦਨ

ਕੋਈ ਹਉਕਾ

ਕੁਝ ਨਹੀਂ ਸੁਣਦਾ!

...............

ਤੇਰੀ *1.ਫੋਨ-ਵਿਦਾ ਤੋਂ ਬਾਅਦ

ਜਾਪਦਾ ਹੈ ਇਹ ਹੀ ਇਕ ਨਜ਼ਾਰਾ:

ਹੁੰਮਸ ਦੇ ਸਵੈ-ਵਿਖਾਰੂ

ਬਿੰਬਾਂ ਦੀ ਖਾਮੋਸ਼ ਗੜ੍ਹੇ-ਮਾਰ ਸਹਿ ਰਹੀ

ਸਟਿਲ ਲਾਈਫ ਪੇਂਟਿੰਗ ਦਾ

ਅੱਖਾਂ ਨੂੰ

ਸਦਾ ਲਈ ਚਿਪਕ ਕੇ ਰਹਿ ਗਿਆ ਹੈ!

.............

ਥੋੜ੍ਹਾ ਜਿਹਾ ਮੀਂਹ ਵੱਸਿਆ,

ਤੇ ਹੁਣ ਹੁੰਮਸ ਜਿਹਾ ਹੋ ਗਿਆ ਹੈ!

******

*1.ਫੋਨ-ਵਿਦਾ ਟੈਲੀਫੋਨ ਤੇ ਆਖੀ ਅਲਵਿਦਾ

2 comments:

surjit said...

kavitavan parh ke mera taan gach bhar Ayea.....shabad gum ho gaye...Ah !

ਦਰਸ਼ਨ ਦਰਵੇਸ਼ said...

ਇੱਕ ਨਵੇਂ ਜਿਸਮ ਦੀ ਤਲਾਸ਼ ਵਿੱਚੋਂ ਮੈਨੂੰ ਕੁੱਝ ਤੁਪਕੇ ਪੱਤੇ ਅਤੇ ਸੂਰਜ ਦੇ ਰੰਗਾਂ ਦੇ ਟੁਕੜੇ ਮਿਲੇ ਹੀ ਸਨ ਕਿ ਮੈਂ ਸਟਿੱਲ ਲਾਈਫ਼ ਪੇਂਟਿੰਗ ਬਨਾਉਣ ਵੱਲ ਰੁਚਿਤ ਹੋ ਗਿਆ।.. .. ਵਾਹ ਰਵੀ ਜੀ ਇਉਂ ਲੱਗਦਾ ਕਿ ਜਿਵੇਂ ਇਸ ਵਾਰ ਤੁਸੀਂ ਅਛੋਪਲੇ ਜਿਹੇ ਆਕੇ ਕਿਧਰੇ ਮੇਰੇ ਮਨ ਦੇ ਕੈਨਵਸ ਉੱਪਰ ਵਿਛ ਗਏ ਹੋ।
ਦਰਸ਼ਨ ਦਰਵੇਸ਼