ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, July 18, 2010

ਸੁਰਜੀਤ ਸਾਜਨ - ਗ਼ਜ਼ਲ

ਗ਼ਜ਼ਲ

ਕੰਧਾਂ ਵਿਚ ਦਰਾੜਾਂ ਦਾ ਸਿਰਨਾਵਾਂ ਸਾਂਭੀ ਬੈਠੇ ਨੇ

ਚੰਦ ਕੁ ਬੰਦੇ ਇੰਜ ਦੀਆਂ ਕਿਰਿਆਵਾਂ ਸਾਂਭੀ ਬੈਠੇ ਨੇ

-----

ਚੋਰੀ ਦੇ ਕੁਝ ਖੰਭ ਲਗਾ ਕੇ ਉਡਦੇ ਫਿਰਦੇ ਵਾਵਾਂ ਵਿਚ,

ਹੱਕਾਂ ਖ਼ਾਤਿਰ ਲੜਦੇ ਭੱਜੀਆਂ ਬਾਵ੍ਹਾਂ ਸਾਂਭੀ ਬੈਠੇ ਨੇ

-----

-----

ਇਕ ਦੂਜੇ ਤੋਂ ਅੱਗੇ ਅੱਗੇ ਲੱਗੀ ਦੌੜ ਵਿਚਾਰਾਂ ਦੀ,

ਕੁਝ ਤਜੁਰਬੇ ਵਾਪਰੀਆਂ ਘਟਨਾਵਾਂ ਸਾਂਭੀ ਬੈਠੇ ਨੇ

-----

ਦਰਿਆਵਾਂ ਦੇ ਵਹਿਣਾਂ ਨੂੰ ਨਾ ਲੋੜ ਕੋਈ ਵੀ ਰਾਹਵਾਂ ਦੀ,

ਵਗਦੇ ਦਰਿਆਵਾਂ ਦੇ ਨਕਸ਼ੇ ਰਾਵ੍ਹਾਂ ਸਾਂਭੀ ਬੈਠੇ ਨੇ

------

ਡੰਗਿਆ ਹੋਇਆ ਉਹਨਾਂ ਦਾ ਨਾ ਪਾਣੀ ਤੱਕ ਵੀ ਮੰਗ ਸਕੇ,

ਏਦਾਂ ਦੇ ਕੁਝ ਵਾਅਦੇ ਸ਼ੋਖ਼ ਅਦਾਵਾਂ ਸਾਂਭੀ ਬੈਠੇ ਨੇ

------

ਜਦ ਵੀ ਚਿਤ ਕਰੇ ਉਹ ਜਿਥੇ ਚਾਹਵਣ ਨ੍ਹੇਰ ਵਿਛਾ ਦੇਵਣ,

ਕਪਰੇ ਕਪਰੇ ਬੱਦਲ ਘੋਰ ਘਟਾਵਾਂ ਸਾਂਭੀ ਬੈਠੇ ਨੇ

-----

ਲੋੜਵੰਦ ਲੋੜੀਂਦੀਆਂ ਧੁੱਪਾਂ ਛਾਵਾਂ ਤੋਂ ਵੀ ਵੰਚਿਤ ਹਨ,

ਬੇਲੋੜੇ ਹੀ ਸਾਰੀਆਂ ਧੁੱਪਾਂ ਛਾਵਾਂ ਸਾਂਭੀ ਬੈਠੇ ਨੇ

-----

ਧੁੰਦ ਤੋਂ ਮਗਰੋਂ ਧੁੱਪ ਵੇਖਾਂਗੇ ਏਸ ਤਰ੍ਹਾਂ ਦੀਆਂ ਆਸਾਂ ਤੇ,

ਸਰਦੀ ਮਾਰੇ ਲੋਕੀ ਕਿੰਨੀਆਂ ਚਾਵਾਂ ਸਾਂਭੀ ਬੈਠੇ ਨੇ

-----

ਕੂੜ ਫਿਰੇ ਪਰਧਾਨ ਵੇ ਲਾਲੋ ਭਾਵੇਂ ਸਾਰੇ ਆਖ ਰਹੇ,

ਸੱਚ ਸਮੇਂ ਦਾ ਲੋਕੀ ਟਾਵਾਂ ਟਾਵਾਂ ਸਾਂਭੀ ਬੈਠੇ ਨੇ

------

ਹਰ ਪੱਤੇ ਤੇ ਗੂੜ੍ਹਾ ਕਰਕੇ ਆਪਣਾ ਨਾਂ ਲਿਖਵਾਉਣ ਲਈ,

ਸ਼ਾਇਰ ਲਿਖ ਕੇ ਕਲੀਆਂ ਤੇ ਰਚਨਾਵਾਂ ਸਾਂਭੀ ਬੈਠੇ ਨੇ

-----

ਤੇਰੇ ਵਰਗੇ ਸਾਜਨ ਵੇਖੇ ਵਿਰਵੇ ਸ਼ੁਭ ਇਛਾਵਾਂ ਤੋਂ,

ਦੂਜੇ ਲੋਕੀ ਐਵੇਂ ਆ ਕੇ ਥਾਵਾਂ ਸਾਂਭੀ ਬੈਠੇ ਨੇ


No comments: