ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, July 20, 2010

ਬਲਵਿੰਦਰ ਸੰਧੂ - ਨਜ਼ਮ

ਫ਼ਰਕ

ਨਜ਼ਮ

ਧੁੱਪ ਨੇ ਕਿਹਾ:-

ਤੂੰ ਕੰਨਾਂ ਦਾ ਕੱਚਾ

ਸਿਰੇ ਦਾ ਲਾਈਲੱਗ

ਕੰਧਾਂ ਦਾ ਗ਼ੁਲਾਮ

ਖ਼ਾਹਿਸ਼ਾਂ ਦਾ ਫ਼ੀਲਾ

ਅਜੇ ਵੀ ਮਾਂ ਦਾ ਦੁੱਧ ਚੁੰਘਦਾ

ਤੁਰੇਂ ਪਿਉ ਦੀ ਪੈੜ ਸੁੰਘਦਾ

............

ਮੈਨੂੰ ਧੁੱਪ ਦੇ ਲਫ਼ਜ਼ਾਂ ਚੋਂ

ਸੜਾਂਦ ਆਈ, ਬੋਅ ਆਈ

ਆਪਣੇ ਸ਼ਖ਼ਸ ਦੀ ਤੁਹੀਨਗੀ ਜਾਪੀ

ਮੈਂ ਉੱਠਿਆ

ਉੱਠ ਕੇ ਛਾਂ ਹੇਠ ਗਿਆ

ਛਾਂ ਬੋਲੀ: -

ਸੋਹਣਿਆ, ਵਕ਼ਤ ਬੜਾ ਮਾੜਾ ਈ

ਰੁੱਖ-ਬਰੁੱਖ ਵੇਖਿਆ ਕਰ

ਕੰਧਾਂ ਦਾ ਬੋਲਿਆ

ਹਰ ਬੋਲ ਨਹੀਂ ਮੰਨੀਦਾ

ਤੇੜ ਦਾ ਲੀੜਾ

ਕਦੇ ਸਿਰ ਨਹੀਂ ਬੰਨ੍ਹੀਦਾ

.............

ਰਾਹਾਂ ਵਿਚ ਘਣਛਾਵੇਂ

ਨਸੀਬੀਂ ਮਿਲ਼ਦੇ

ਸੂਰਮੇ ਪੁਰਖ਼ਿਆਂ ਦੀ

ਮੜ੍ਹੀ ਤੇ ਨਹੀਂ ਟਿਕਦੇ

ਪਰ ਤੂੰ ਭੋਲ਼ਾ

ਭੁੱਲ ਜਾਨੈ ਅਕਸਰ

ਹੋਰ ਕੀ ਆਖਾਂ

ਮੈਨੂੰ ਛਾਂ ਦੇ ਬੋਲਾਂ ਚੋਂ

ਭਿੰਨੀ ਖ਼ੁਸ਼ਬੋ ਆਈ

ਚੇਤਿਆਂ ਚ ਮਾਂ ਆਈ

ਹਿਰਦਾ ਠਰ੍ਹ ਗਿਆ

ਅੰਦਰ ਭਰ ਗਿਆ

...........

ਇਸ਼ਾਰੇ ਦੀ ਇਬਾਰਤ

ਕਿੰਨਾ ਫ਼ਰਕ ਸੀ!

=====

ਵਾਪਸੀ

ਨਜ਼ਮ

ਮੈਂ ਜਦ ਵੇਖਦਾ

ਸੁਰਮਈ ਹਨੇਰੇ ਸੁੰਭਰਦੀ

ਧੁੱਪ ਕੁੜੀ

ਅਮੁੱਕ ਪੀਸਣ ਪੀਸਦੀ

ਪੌਣ ਪਰੀ...

............

ਫੱਗਣ ਦੀ ਟਹਿਣੀ ਤੇ

ਬਿਹਬਲ ਜਿਹੀ ਬੁਲਬੁਲ

ਗੋਰੀ ਨਦੀਏ ਡਲ੍ਹਕਦੀ

ਤਾਰਿਆਂ ਦੀ ਝਿਲਮਿਲ...

.............

ਰਵੀ ਦਾ ਚੁੱਲ੍ਹਾ ਬਾਲ਼ਦੀ

ਕੁਦਰਤ ਸੰਵਾਣੀ

ਝੀਲ ਦੇ ਕੁੰਭ ਨਿਤਰਿਆ

ਨੀਲਮ ਦਾ ਪਾਣੀ....

.........

ਛੱਤਾਂ ਤੇ ਬਰਸਦੀ

ਦੁਧੀਆ ਚਾਨਣੀ

ਕਿਰਨਾਂ ਨੂੰ ਛਾਣਦੀ

ਸਤਰੰਗੀ ਦੀ ਛਾਨਣੀ....

.............

ਮੈਂ ਜਾ ਸੁਣਦਾਂ

ਸਮੇਂ ਦੀ ਜ਼ੁਬਾਨੀ

ਉਸਦੀ ਕਹਾਣੀ

ਬੋਧ ਬਿਰਖ਼ਾਂ ਦੀ

ਇਲਹਾਮੀ ਬਾਣੀ....

............

ਸ਼ਬਦਾਂ ਨੂੰ ਬੋਲਦਿਆਂ

ਅਗੰਮੀ ਰਹੱਸ ਨੂੰ ਖੋਲ੍ਹਦਿਆਂ

ਧਰਤੀ ਦੀ ਧੜਕਣ

ਸਾਗਰਾਂ ਦਾ ਰਿੜਕਣ

ਕੀੜੀਆਂ ਦੀ ਆਹਟ

ਹਿਮ ਰਿਸਣ ਦੀ ਸਰਸਰਾਹਟ

ਨਖੱਤਰਾਂ ਦੇ ਗਿੜਣ ਦੀ

ਚੰਨ ਦੇ ਰਿੜ੍ਹਨ ਦੀ

ਇਕ ਅਜਨਬੀ ਆਵਾਜ਼

ਬ੍ਰਹਿਮੰਡ ਦਾ ਸਾਜ਼...

...........

ਮੇਰਾ ਭਟਕਦਾ ਮਨ

ਵਾਪਸ ਪਰਤ ਆਉਂਦਾ...!!!

2 comments:

Amrao said...

..ਬਹੁਤ ਖੂਬਸੂਰਤ ਵਿਲੱਖਣਤਾ ਹੈ ਤੁਹਾਡੀਆਂ ਨਜ਼ਮਾਂ ਵਿੱਚ...!

Jagjit said...

ਬਹੁਤ ਚੰਗੀਆਂ ਕਵਿਤਾਵਾਂ ਹਨ