
ਜਾਗ ਪਿਆ ਹਾਂ ਪਤਿਆਂ ਦੀ ਖੜ ਖੜ ਦੇ ਨਾਲ਼।
ਮੈਂ ਵੀ ਇਕ ਦਿਨ ਝੜ ਜਾਣਾ ਪਤਝੜ ਦੇ ਨਾਲ਼।
-----
ਵਕ਼ਤ ਲਈ ਜਾਂਦਾ ਹੈ ਮੈਨੂੰ ਲਹਿੰਦੇ ਵੱਲ,
ਪੂਰਬ ਵਲ ਜਾ ਨਿਕਲ਼ਾਂਗਾ ਦਿਨ ਚੜ੍ਹਦੇ ਨਾਲ਼।
-----
ਦੋ ਦਿਨ ਹੋਰ ਬਹਾਰ ਅਸੀਂ ਇਹ ਜਾਣ ਲਿਆ,
ਆਖ਼ਿਰ ਸਾਡੀ ਨਿਭਣੀ ਹੈ ਪਤਝੜ ਦੇ ਨਾਲ਼।
------
ਮੈਨੂੰ ਪਾਰ ਲੰਘਾਇਆ ਤੂੰ ਭਵਸਾਗਰ ‘ਚੋਂ,
ਲੋਹਾ ਵੀ ਤਰ ਜਾਂਦਾ ਹੈ ਲੱਕੜ ਦੇ ਨਾਲ਼।
-----
ਤੇਰੇ ਨੈਣੀਂ ਹੰਝੂਆਂ ਦਾ ਹੜ੍ਹ ਤਕਿਆ ਸੀ,
ਹੁਣ ਤਕ ਹੜ੍ਹਿਆ ਜਾਂਦਾ ਹਾਂ ਉਸੇ ਹੜ੍ਹ ਦੇ ਨਾਲ਼।
------
ਨ੍ਹੇਰੀ ਜੇ ਝੁੱਲੇ ਤਾਂ ਮੀਂਹ ਵੀ ਆਵੇਗਾ,
ਅਮਨ ਹਮੇਸ਼ਾ ਆਉਂਦਾ ਹੈ ਗੜਬੜ ਦੇ ਨਾਲ਼।
-----
ਆਸ਼ਿਕ਼ ਨੇ ਹਰ ਹਾਲ ‘ਚ ਮਾਰੇ ਜਾਣਾ ਹੈ,
ਕਦ ਤਕ ਸੀਸ ਰਹੇਗਾ ਉਸਦਾ ਧੜ ਦੇ ਨਾਲ਼।
-----
“ਐਨਲਹੱਕ਼” ਕਹਿ ਕਹਿ ਕੇ ਸੂਲ਼ੀ ਚੜ੍ਹਿਆ ਤੂੰ,
ਯਾਰ ਹੰਢਾ ਹੋਇਆ ਨਾ ‘ਉਲਫ਼ਤ’ ਪੜਦੇ ਨਾਲ਼।
=====
ਗ਼ਜ਼ਲ
ਮੇਰੇ ਪੈਰ ਪੈਰ ਠੋਕਰ ਮੈਨੂੰ ਵਾਰ ਵਾਰ ਸਦਮਾ।
ਕਿਸ ਕਿਸ ਦਾ ਰੋਣ ਰੋਵਾਂ ਹਰ ਦਿਨ ਹਜ਼ਾਰ ਸਦਮਾ।
-----
ਪਤਝੜ ‘ਚ ਸੋਚਦਾ ਸਾਂ ਆਊ ਬਹਾਰ ਇਕ ਦਿਨ,
ਆਈ ਹੈ ਨਾਲ਼ ਲੈ ਕੇ ਐਪਰ ਬਹਾਰ ਸਦਮਾ।
-----
ਘਰ ਛਡ ਕੇ ਤੁਰ ਪਿਆ ਹਾਂ ਚਲਿਆ ਹਾਂ ਚਾਈਂ ਚਾਈਂ,
ਕਰਦੈ ਝਨਾਂ ਦੇ ਕੰਢੇ ਮੇਰਾ ਇੰਤਜ਼ਾਰ ਸਦਮਾ।
-----
ਫਿਰ ਉਮਰ ਭਰ ਵਿਚਾਰਾ ਫਿਰਦਾ ਹੈ ਡੌਰ ਭੌਰਾ,
ਕਰਦਾ ਹੈ ਜਦ ਕਿਸੇ ‘ਤੇ ਇਕ ਵਾਰ, ਵਾਰ ਸਦਮਾ।
-----
ਇਕ ਹਾਸਿਆਂ ਦਾ ਸੋਮਾ ਬਸ ਰੋਣ ਦੇ ਗਿਆ ਹੈ,
ਕਰਦਾ ਰਹੇਗਾ ਮੈਨੂੰ ਹੁਣ ਅਸ਼ਕਬਾਰ ਸਦਮਾ।
-----
ਰੋਇਆ ਕਰਾਂਗਾ ਉਠ ਉਠ ਰਾਤਾਂ ਨੂੰ ਬਹਿ ਕੇ ਤਨਹਾ,
ਕਰਿਆ ਕਰੇਗਾ ਮੈਨੂੰ ਜਦ ਬੇਕ਼ਰਾਰ ਸਦਮਾ।
-----
ਛਡ ਰੋਣ ਧੋਣ ‘ਉਲਫ਼ਤ’ ਕਰ ਯਾਦ ਨਾ ਬਹਾਰਾਂ,
ਮੁਸ਼ਕਿਲ ਹੈ ਭਾਵੇਂ ਸਹਿਣਾ ਫਿਰ ਵੀ ਸਹਾਰ ਸਦਮਾ।
2 comments:
Dowen Gazlan ba-khoob..!!
Bajwa Sahib da kalaam sade li marg darshan hai
Post a Comment