ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, July 25, 2010

ਸ.ਸ. ਮੀਸ਼ਾ - ਗ਼ਜ਼ਲ

ਗ਼ਜ਼ਲ

ਅੱਧੀ ਰਾਤ ਪਹਿਰ ਦੇ ਤੜਕੇ।

ਅੱਖਾਂ ਵਿਚ ਉਨੀਂਦਾ ਰੜਕੇ।

-----

ਤੇਰੀ ਧੂੜ ਵੀ ਸੁਰਮੇ ਵਰਗੀ,

ਸੱਜਣਾਂ ਦੇ ਪਿੰਡ ਜਾਂਦੀਏ ਸੜਕੇ।

-----

ਸਿੱਕ ਨਾ ਜਾਗੇ ਫੇਰ ਮਿਲ਼ਣ ਦੀ,

ਆ ਏਦਾਂ ਵਿਛੜੀਏ ਲੜ ਕੇ।

-----

ਬੁਝਿਆ ਭਾਂਬੜ ਅਜੇ ਵੀ ਦਿਲ ਵਿਚ,

ਕਦੀ ਕਦੀ ਚੰਗਿਆੜਾ ਭੜਕੇ।

-----

ਲੋ ਹੀ ਲੋ ਸੀ ਸੇਕ ਨਹੀਂ ਸੀ,

ਦੇਖ ਲਿਆ ਮੈਂ ਜੁਗਨੂੰ ਫੜਕੇ।

-----

ਜੋ ਗੱਲ ਤੈਥੋਂ ਕਹਿ ਨਹੀਂ ਹੋਈ,

ਉਹ ਮੇਰੇ ਵੀ ਦਿਲ ਵਿਚ ਰੜਕੇ।

-----

ਜਾਨ ਰਹੀ ਨਾ ਤੇਰੇ ਬਾਝੋਂ,

ਨਬਜ਼ ਤਾਂ ਚੱਲੇ ਦਿਲ ਵੀ ਧੜਕੇ।

-----

ਆਪਣਾ ਕਮਰਾ ਝਾੜਨ ਲਗਦਾਂ,

ਦੂਰ ਕਿਤੇ ਜਦ ਕੁੰਡਾ ਖੜਕੇ।

=====

ਗ਼ਜ਼ਲ

ਝਿਜਕਦਾ ਮੈਂ ਵੀ ਰਿਹਾ ਉਹ ਵੀ ਕੁਝ ਸੰਗਦੇ ਰਹੇ।

ਚੁਪ-ਚੁਪੀਤੇ ਇਕ ਦੂਏ ਦੀ ਖ਼ੈਰ ਸੁੱਖ ਮੰਗਦੇ ਰਹੇ।

-----

ਉਮਰ ਬਿਰਥਾ ਜਾਣ ਦਾ ਅਹਿਸਾਸ ਮਿਲ਼ ਕੇ ਜਾਗਿਆ,

ਏਨੇ ਦਿਨ ਇਕ ਦੂਸਰੇ ਬਿਨ, ਕਿਸ ਤਰ੍ਹਾਂ ਲੰਘਦੇ ਰਹੇ।

-----

ਤੂੰ ਜੋ ਵਿਛੜਨ ਲੱਗਿਆਂ ਤੋੜੀ ਸੀ ਤੇਹ ਕੱਢਣ ਲਈ,

ਦਿਲ ਵਿਚ ਅਕਸਰ ਚੁਭਦੇ ਟੁਕੜੇ ਤੇਰੀ ਵੰਗ ਦੇ ਰਹੇ।

-----

ਚਾਕ ਜੋਗੀ ਹੋ ਗਿਆ ਤਾਂ ਹੋ ਗਈਆਂ ਮੱਝੀਆਂ ਉਦਾਸ,

ਉਝ ਸਭ ਉਸੇ ਤਰ੍ਹਾਂ ਹੀ ਰੰਗ ਢੰਗ ਝੰਗ ਦੇ ਰਹੇ।

-----

ਮਹਿਕ ਪੈਂਦੇ ਨੇ ਮਿਰੇ ਪੋਟੇ ਜਦੋਂ ਮੈਂ ਸੋਚਦਾਂ,

ਤੇਰੇ ਕੇਸਾਂ ਵਿਚ ਕਦੀ ਇਹ ਫੁੱਲ ਸੀ ਟੰਗਦੇ ਰਹੇ।

-----

ਕਾਲ਼ੀਆਂ ਸੀ ਬਹੁਤ ਰਾਤਾਂ ਪਰ ਤਿਰੇ ਮੁਖੜੇ ਦੇ ਖ਼ਾਬ,

ਮੇਰੀਆਂ ਨੀਂਦਾਂ ਗੁਲਾਬੀ ਰੰਗ ਵਿਚ ਰੰਗਦੇ ਰਹੇ।

-----

ਤੈਨੂੰ ਭੁੱਲਣ ਵਾਸਤੇ ਮੈਂ ਭਟਕਿਆ ਹਾਂ ਥਾਂ-ਕੁਥਾਂ,

ਥਾ-ਕੁਥਾਂ ਪੈਂਦੇ ਭੁਲੇਖੇ ਤੇਰੇ ਅੰਗ-ਅੰਗ ਦੇ ਰਹੇ।

No comments: