
ਹੋ ਕੇ ਪਤਲੇ ਪਾਣੀਓਂ ਪਰਤੇ ਨੇ ਧੁੱਪ ਲੁੱਟਣ ਗਏ।
ਮੋਮ ਦੇ ਹੀਰੋ ਕਿਲਾ ਸੂਰਜ ਦਾ ਸੀ ਜਿੱਤਣ ਗਏ।
-----
ਆ ਰਹੇ ਨੇ ਅਸਥੀਆਂ ਤੇ ਦੰਦ ਲੈ ਕੇ ਝੋਲ਼ ਵਿਚ,
ਰੇਤ ‘ਚੋਂ ਜਿਹੜੇ ਗਵਾਚੇ ਲਾਲ ਸੀ ਭਾਲਣ ਗਏ।
-----
ਵਕ਼ਤ ਦੇ ਸੂਬੇ ਨੇ ਮੇਰੇ ਜ਼ਿਹਨ ਵਿਚ ਤਦ ਕੰਧ ਚਿਣੀ,
ਬਾਜ਼ ਮੇਰੀ ਸੋਚ ਦੇ ਜਦ ਓਸ ਨੂੰ ਨੋਚਣ ਗਏ।
-----
ਜੋ ਹਵਾ ਦੇ ਰੁਖ਼ ਉੜੇ ਓਨ੍ਹਾਂ ਦੇ ਸਿਰ ‘ਤੇ ਕਲਗੀਆਂ,
ਰੁਲ਼ ਰਹੇ ਨੇ ਝਾਂਬਿਆਂ ਦਾ ਮੂੰਹ ਸੀ ਜੋ ਭੰਨਣ ਗਏ।
-----
ਤੂੰ ਜਦੋਂ ਸੀ ਨਾਲ਼ ਤਾਂ ਹਰ ਕੰਧ ਵੀ ਬੂਹਾ ਬਣੀ,
ਹੁਣ ਇਕੱਲਾ ਹਾਂ ਤਾਂ ਦਰਵਾਜ਼ੇ ਵੀ ਕੰਧਾਂ ਬਣ ਗਏ।
-----
ਦਿਲ ‘ਚ ਲੈ ਕੇ ਯਾਦ ਦੀ ਤਪਦੀ ਬਰੇਤੀ ਪਰਤੀਏ,
ਤੇਰੇ ਮਗਰੋਂ ਜਦ ਕਦੇ ਸਾਗਰ ‘ਤੇ ਹਾਂ ਘੁੰਮਣ ਗਏ।
-----
ਤੂੰ ਪਤੰਗਿਆਂ ਦੀ ਉਡੀਕ ਅੰਦਰ ਸਮਾਂ ਖੋਟਾ ਨਾ ਕਰ,
ਸਿਰ ਫਿਰੇ ਕੀ ਪਰਤਣੇ ਵਾਪਸ ਸ਼ਮਾ ਦੇਖਣ ਗਏ।
-----
ਕੀ ਪਤਾ ਸੀ ਏਨ੍ਹਾਂ ਹੇਠਾਂ ਅਗ ਦੀ ਬਰਖਾ ਹੈ ਛੁਪੀ,
ਮੈਂ ਸਮਝਿਆ ਸ਼ੁਕਰ ਹੈ ਜੁ ਕਾਲ਼ੇ ਬੱਦਲ ਛਣ ਗਏ।
3 comments:
ਖੂਬਸੂਰਤ ! ਇਹ ਸ਼ਿਅਰ ਬਹੁਤ ਪਸੰਦ ਆਇਆ :
ਤੂੰ ਜਦੋਂ ਸੀ ਨਾਲ ਤਾਂ ਹਰ ਕੰਧ ਵੀ ਬੂਹਾ ਬਣੀ
ਹੁਣ ਇੱਕਲਾ ਹਾਂ ਤਾਂ ਦਰਵਾਜ਼ੇ ਵੀ ਕੰਧਾ ਬਣ ਗਏ
bahut hi khoobsoorat khayaal
Sohal Sahib,Miaar nu kaim rakhan 'ch tuhaada koi sani nhi-Rup Daburji
Post a Comment