ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, July 31, 2010

ਰਵਿੰਦਰ ਰਵੀ - ਨਜ਼ਮ

ਨਿੱਕੀਆਂ ਨਿੱਕੀਆਂ ਗੱਲਾਂ 1

ਨਜ਼ਮ

ਨਿੱਕੀਆਂ ਨਿੱਕੀਆਂ ਗੱਲਾਂ ਵਿਚ

ਵੱਡੀ ਸਾਰੀ ਉਮਰ ਬੀਤ ਚੱਲੀ ਹੈ!

.........

ਤੇਰਾ ਸੁਭਾਅ ਨਹੀਂ ਬਦਲਿਆ

ਨਾ ਹੀ ਬਦਲਣ ਵਿਚ, ਤੂੰ ਮੇਰੀ

ਮਦਦ ਕੀਤੀ ਹੈ!

...........

ਮੈਂ ਅਜੇ ਵੀ

ਚੁੱਲ੍ਹੇ ਉੱਤੇ ਪਾਣੀ ਰੱਖ ਕੇ ਭੁੱਲ ਜਾਂਦਾ ਹਾਂ

ਤੇ ਤੂੰ ਅਜੇ ਵੀ

ਭਾਫ਼ ਬਣੇ ਪਾਣੀ ਬਾਅਦ,

ਸੁਰਖ਼ ਹੋਏ ਪਤੀਲੇ ਵਾਂਗ,

ਤਪ ਜਾਂਦੀ ਹੈਂ,

ਹਰ ਦਿਨ ਇਕ ਨਵਾਂ ਰਣ ਬਨਣ ਲਈ!

...........

ਤੈਨੂੰ ਬਲ਼ਦੇ ਛੱਡੇ ਬਲਬ ਦੇ

ਵਿਅਰਥ ਹੋ ਰਹੇ ਚਾਨਣ

ਜਾਂ ਬਿਜਲੀ ਦੇ ਬਿਲ ਦੇ ਵਧਣ

ਦੀ ਏਨੀ ਚਿੰਤਾ ਨਹੀਂ,

ਜਿੰਨੀ ਏਸ ਗੱਲ ਦੀ, ਕਿ

ਮੇਰੇ ਸਿਰ ਇਕ ਹੋਰ ਗੋਲ਼ ਕਿਉਂ ਨਹੀਂ ਹੋਇਆ?

............

ਮੈਂ ਤਾਂ ਇਹ ਹੀ ਚਾਹਿਆ ਸੀ ਸਦਾ, ਕਿ

ਤੂੰ ਮੇਰੀਆਂ ਅੱਖੀਆਂ ਵਿਚ

ਬੇਖ਼ੌਫ਼ ਹੋ ਕੇ ਵੇਖੇਂ ਤੇ ਕਹੇਂ:

ਆਪਣੇ ਅੰਦਰਲੇ ਅਪਰਾਧੀ ਨੂੰ

ਮੇਰੇ ਹਵਾਲੇ ਕਰ,

ਇਸ ਨੂੰ ਤਾ-ਉਮਰ

ਆਪਣੀ ਮੁਹੱਬਤ ਦੀ ਸਜ਼ਾ ਦਿਆਂ!

............

ਪਰ ਨਹੀਂ,

ਤੂੰ ਤਾਂ ਆਪਣੀਆਂ ਪਲਕਾਂ ਦੇ

ਘੁੰਡ ਉਹਲਿਓਂ ਹੀ ਨਾ ਨਿਕਲੀ

ਤੇ...........

ਵਿੱਚੇ ਵਿੱਚ ਇਕ ਲੀਕ ਖਿੱਚ ਲਈ!

ਇਹ ਜਾਣਦਿਆਂ, ਕਿ

ਤਰੇੜਾਂ ਵਰਗੀਆਂ ਲੀਕਾਂ ਵਿਚ

ਤਿੜਕੀ ਹੋਈ ਹੋਂਦ ਵਸਦੀ ਹੈ

ਤੇ...........

ਇਸ ਲਈ ਕਿ ਤੇਰੀਆਂ ਲੀਕਾਂ

ਤਰੇੜਾਂ ਨਾ ਬਣਨ,

ਮੈਂ ਇਨ੍ਹਾਂ ਲਈ

ਸੱਚ ਵਰਗੇ ਕਈ ਭਰਮ ਸਿਰਜ ਲਏ:

ਬੱਚੇ, ਮਿੱਤਰ, ਰਿਸ਼ਤੇਦਾਰ,

ਵਾਕਿਫ਼,

ਤਾਂ ਕਿ

ਮੇਲੇ ਜਿਹੇ ਵਿਚ

ਤੇਰਾ ਦਿਲ ਲੱਗਾ ਰਹੇ!!!

..............

ਤੇਰਾ ਰਿਸ਼ਤਿਆਂ ਦੇ ਜੰਗਲ ਵਿਚ

ਗੁੰਮ ਗੁਆਚ ਜਾਣਾ

ਚੰਗਾ, ਚੰਗਾ ਲੱਗਦਾ ਸੀ

ਕਿਉਂਕਿ.........

ਗੁੰਮਸ਼ੁਦਾ ਨੂੰ ਤਾਂ ਲੱਭਿਆ ਜਾ ਸਕਦਾ ਹੈ,

ਪਰ ਟੁੱਟੇ ਹੋਏ ਨੂੰ ਜੋੜਿਆ ਨਹੀਂ!

.............

ਮਿੱਟੀ ਦਾ ਵਜੂਦ ਹਾਂ,

ਜਾਣਦਾ ਹਾਂ:

ਕਿ ਤਿੜਕੇ ਹੋਏ ਬਰਤਨ

ਟੁੱਟ ਤਾਂ ਸਕਦੇ ਹਨ,

ਜੁੜ ਨਹੀਂ ਸਕਦੇ!

................

ਮੈਥੋਂ ਅਜੇ ਵੀ

ਚਾਹ ਦੇ ਕੱਪ ਵਿਚ ਪਾਉਂਦਿਆਂ,

ਮੇਜ਼ ਉੱਤੇ,

ਖੰਡ ਖਿੱਲਰ ਜਾਂਦੀ ਹੈ!

ਮੇਰੇ ਖਿੱਲਰਣ ਨਾਲ਼,

ਤੂੰ ਆਪਣੇ ਅੰਦਰ

ਹੋਰ ਵਧੇਰੇ ਬੱਝ ਜਾਂਦੀ ਹੈਂ,

ਪੀਡੀ ਗੱਠੜੀ, ਗੋਲ਼ ਗੰਢ ਵਾਂਗ!

..............

ਕਿਉਂ ਨਹੀਂ ਆਖਦੀ, ਤੂੰ.....

ਖੁੱਲ੍ਹ ਕੇ......

ਕਿ, ਮੈਂ ਬੜਾ ਬੇਵਫ਼ਾ ਹਾਂ

ਘਰ ਵੱਲ ਨਜ਼ਰ ਨਹੀਂ ਕਰਦਾ,

ਬਾਹਰ ਦੀ ਮਹਿਕ ਵੱਲ

ਭੱਜਦਾ, ਭਟਕਦਾ ਹਾਂ!

.............

ਤੂੰ ਆਖ ਕੇ ਤਾਂ ਵੇਖ,

ਮੈਂ ਤੇਰੇ ਨਾਲ ਕਿਵੇਂ ਜੁੜਦਾ ਹਾਂ!

........

ਨਿੱਕੀਆਂ, ਨਿੱਕੀਆਂ ਗੱਲਾਂ ਵਿਚ

ਵੱਡੀ ਸਾਰੀ ਉਮਰ ਬੀਤ ਚੱਲੀ ਹੈ!!!

1 comment:

Sandip Sital Chauhan said...

ਅੰਤਰ ਮਨ ਦੀਆਂ ਭਾਵਨਾਵਾਂ ਦੀ ਖ਼ੁਬਸੂਰਤ ਤਸਵੀਰ !