
ਸਾਹਿਤਕ ਨਾਮ: ਬੂਟਾ ਸਿੰਘ ਚੌਹਾਨ
ਅਜੋਕਾ ਨਿਵਾਸ: ਬਰਨਾਲ਼ਾ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ ਸੰਗ੍ਰਹਿ: ਸਿਰ ਜੋਗੀ ਛਾਂ, ਖ਼ਿਆਲ ਖ਼ੁਸ਼ਬੋ ਜਿਹਾ, ਨੈਣਾਂ ਵਿਚ ਸਮੁੰਦਰ, ਬਾਲ ਸਾਹਿਤ: ਚਿੱਟਾ ਪੰਛੀ, ਨਿੱਕੀ ਜਿਹੀ ਡੇਕ, ਤਿੰਨ ਦੂਣੀ ਅੱਠ ਅਤੇ ਸਤਰੰਗੀਆਂ ਚਿੜੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਕਿਤਾਬ ਪ੍ਰਾਪਤੀ ਸਰੋਤ: ਦਵਿੰਦਰ ਸਿੰਘ ਪੂਨੀਆ ਜੀ। ਉਹਨਾਂ ਦਾ ਬੇਹੱਦ ਸ਼ੁਕਰੀਆ।
*****
ਗ਼ਜ਼ਲ
‘ਕੱਲਾ ਨਹੀਂ, ਮੇਰੇ ਜਿਹੇ ਰੁੱਖ ਬੇ-ਸ਼ੁਮਾਰ ਨੇ।
ਜਿਨ੍ਹਾਂ ਦੀ ਛਾਂ ਨੂੰ ਖਾ ਲਿਆ ਕਾਣੀ ਬਹਾਰ ਨੇ।
-----
ਚਿੱਠੀ ਦੇ ਬੋਲ ਸੁਲਗਦੇ ਬਣਨੇ ਨਾ ਹੁਣ ਕਦੇ,
ਚਾਦਰ ਸੁਆਹ ਦੀ ਤਾਣ ਕੇ ਸੌਂ ਗੇ ਅੰਗਿਆਰ ਨੇ।
-----
ਗੁਜ਼ਰੇ ਸਮੇਂ ਚਿਤਾਰ ਕੇ ਲੱਖ ਜੀਅ ਲਗਾ ਲਵੀਂ,
ਖੁਭਣਾ ਹੀ ਹੁੰਦਾ ਅੰਤ ਨੂੰ ਪੈਰਾਂ ‘ਚ ਖ਼ਾਰ ਨੇ।
-----
ਪਿੰਜਰੇ ਦਿਸੇ ਹਰੇਕ ਥਾਂ ਜਿੱਥੇ ਵੀ ਦੇਖਿਆ,
ਚਾਵਾਂ ਦੇ ਬੋਟ ਹੋ ਗਏ ਕਾਹਦੇ ਉਡਾਰ ਨੇ।
------
ਮਿੱਟੀ ਦੇ ਤੁੱਲ ਹੋ ਗਈ ਬੰਦੇ ਦੀ ਆਬਰੂ,
ਰੱਬ ਦੇ ਘਰਾਂ ਦੇ ਹੋ ਗਏ ਸੋਨੇ ਦੇ ਬਾਰ ਨੇ।
-----
ਜਿੱਦਾਂ ਪਵਾਈ ਜਾ ਰਿਹਾ ਅਪਣੇ ‘ਤੇ ਆਲ੍ਹਣੇ,
ਰੁੱਖ ਨੂੰ ਅਖ਼ੀਰ ਡੇਗਣਾ ਰੁੱਖ ਦੇ ਹੀ ਭਾਰ ਨੇ।
-----
ਬਦਲੀ ਨਿਗਾਹ ਕਾਹਦੀ ਤੂੰ ਇਕ ਪਲ ‘ਚ ‘ਬੂਟਿਆ’,
ਕਿੰਨੇ ਹੀ ਤੀਰ ਹੋ ਗਏ ਸੀਨੇ ਦੇ ਪਾਰ ਨੇ।
=====
ਗ਼ਜ਼ਲ
ਸਾਡੇ ਮੁੱਖ ਉੱਤੇ ਦੁਪਹਿਰਾ ਨੈਣਾਂ ਦੇ ਵਿਚ ਢਲ਼ਦੀ ਸ਼ਾਮ।
ਜ਼ਿੰਦਗੀ ਤੂੰ ਖ਼ੂਬ ਦਿੱਤਾ ਸਾਫ਼ਗੋਈ ਦਾ ਇਨਾਮ।
-----
ਛਿਪ ਰਹੇ ਸੂਰਜ ਨੂੰ ਪਲ-ਪਲ ਨਿਗਲ਼ਦੀ ਜਾਂਦੀ ਏ ਸ਼ਾਮ।
ਵੇਖਦਾ ਹੁਣ ਕੋਈ ਕੋਈ ਤੜਕੇ ਤਕਦਾ ਸੀ ਅਵਾਮ।
-----
ਪੌਣ ਦੇ ਵਿਚ ਉੱਡ ਰਿਹਾ ਹਰ ਪੰਛੀ ਨਹੀਂ ਹੁੰਦਾ ਅਜ਼ਾਦ,
ਰੋਜ਼ ਇਕ ਥਾਂ ਚੋਗ ਚੁਗਦੇ ਪੰਛੀ ਵੀ ਹੁੰਦੇ ਗ਼ੁਲਾਮ।
-----
ਕੌਣ ਆ ਕੇ ਭੁਰਦਿਆਂ ਤੇ ਟੁਟਦਿਆਂ ਨੂੰ ਵੇਖਦੈ,
ਪਹੁੰਚ ਕੇ ਮੰਜ਼ਿਲ ‘ਤੇ ਰਾਹੀ ਭੁੱਲ ਜਾਂਦੇ ਪੁਲ਼ ਤਮਾਮ।
-----
ਉਹ ਤਾਂ ਖ਼ੁਸ਼ ਸੀ ਗ਼ੈਰਾਂ ਦੇ ਰਾਹਾਂ ‘ਚ ਕੰਡੇ ਬੀਜਦਾ,
ਪਰ ਕੁੜੱਤਣ ਹੋ ਰਹੀ ਸੀ ਘਰਦਿਆਂ ਫੁੱਲਾਂ ਦੇ ਨਾਮ।
-----
ਮਨ ਦੀ ਚਾਦਰ ਕੋਰੀ ਰੱਖੀ ਰੋਜ਼ ਮੈਂ ਰੰਗਦਾ ਕਿਵੇਂ,
ਮੇਰੇ ਵੱਲ ਜਿੰਨੇ ਵੀ ਆਏ ਰੰਗ ਸੀ ਕੱਚੇ ਤਮਾਮ।
=====
ਗ਼ਜ਼ਲ
ਖੁਰਦੀ ਪੱਤਣ ‘ਤੇ ਸੁੱਕਿਆ ਰੁੱਖ
ਮੇਰੇ ਜੀਵਨ ਦਾ ਆਲੇਖ ਜਿਹਾ।
ਮੇਰੇ ਸੀਨੇ ਦੇ ਵਿਚ ਦਫ਼ਨ ਹੋਇਆ,
ਯਾਦਾਂ ਦਾ ਵਸਦਾ ਦੇਸ ਜਿਹਾ।
-----
ਪੱਥਰ ਦਾ ਨਾ ਹੋ ਕੁੱਝ ਡੋਲ ਕਦੇ
ਤੂੰ ਦੋ ਕੁ ਹਰਫ਼ ਤਾਂ ਬੋਲ ਕਦੇ,
ਤੇਰੀ ਚੁੱਪ ਦੀ ਸੂਲ਼ੀ ਚੜ੍ਹਦਾ ਹੈ
ਮੇਰਾ ਹਰ ਜਜ਼ਬਾ ਦਰਵੇਸ ਜਿਹਾ।
-----
ਜਦ ਸਾਂਝ ਮਨਾਂ ਦੀ ਵਧ ਜਾਂਦੀ
ਕੁਝ ਕਦਮ ਤੁਰੋ ਤਾਂ ਕੋਹ ਘਟਦੀ,
ਮਨ ਦੂਰ ਹੋਣ ਤਾਂ ਬਣ ਜਾਂਦਾ
ਕੰਧ ਉਹਲੇ ਵੀ ਪ੍ਰਦੇਸ ਜਿਹਾ।
-----
ਮੰਜ਼ਿਲ ‘ਤੇ ਜਾਣ ਦੀ ਕਾਹਲ਼ ਸੀ
ਚਿਤ ਚੇਤੇ ਵੀ ਇਹ ਗੱਲ ਨਾ ਸੀ,
ਪੱਥਰਾਂ ਦੀ ਬਾਰਿਸ਼ ਹੋਵੇਗੀ
ਤਨ ‘ਤੇ ਹੈ ਕੱਚ ਦਾ ਵੇਸ ਜਿਹਾ।
-----
ਬੜੇ ਯਤਨ ਕਰੇ ਸਭ ਹਾਰ ਗਏ
ਪਰ ਵਕ਼ਤ ਫੜਾਈ ਉਂਗਲ਼ ਨਾ,
ਹੋਠਾਂ ‘ਤੇ ਗੀਤ ਨਹੀਂ ਆਇਆ
ਜਿਰਦੇ ਵਿਚ ਰਿਹਾ ਕਲੇਸ ਜਿਹਾ।
4 comments:
bai bute too punjabi gajal da agla jagtar hai.asi tanu parna chuhnde ha par taria ketaba ketho laiea.ph no de tera sarbjeet sangatpura
ਚੌਹਾਨ ਸਾਹਿਬ ਦੀਆਂ ਗ਼ਜ਼ਲਾਂ ਖ਼ੂਬ ਨੇ। ਪਰ ਉਹਨਾਂ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਅਧੂਰੀ ਹੈ। ਉਹਨਾਂ ਦੀ ਤੀਜੀ ਗ਼ਜ਼ਲ-ਪੁਸਤਕ ਦਾ ਨਾਂ ਹੈ- ਨੈਣਾਂ ਵਿਚ ਸਮੁੰਦਰ। ਉਹਨਾਂ ਦਾ ਨਵਾਂ ਬਾਲ-ਨਾਵਲ ਹੈ- ਸੱਤ ਰੰਗੀਆਂ ਚਿੜੀਆਂ, ਜੋ ਅਜੀਤ ਵਿਚ ਵੀ ਲੜੀਵਾਰ ਛਪ ਰਿਹਾ ਹੈ।
Shamsher Mohi (Dr.)
ਡਾ: ਮੋਹੀ ਸਾਹਿਬ! ਸਤਿ ਸ੍ਰੀ ਅਕਾਲ! ਚੌਹਾਨ ਸਾਹਿਬ ਦਾ ਗ਼ਜ਼ਲ-ਸੰਗ੍ਰਹਿ: 'ਖ਼ਿਆਲ ਖ਼ੁਸ਼ਬੂ ਜਿਹਾ' ਮੈਨੂੰ ਦਵਿੰਦਰ ਪੂਨੀਆ ਜੀ ਨੇ ਪੜ੍ਹਨ ਵਾਸਤੇ ਦਿੱਤਾ ਸੀ, ਕਿਤਾਬਾਂ ਦੀ ਜਾਣਕਾਰੀ ਏਸੇ ਕਿਤਾਬ 'ਚ ਲਿਖੇ ਅਨੁਸਾਰ ਹੈ। ਹੋ ਸਕਦਾ ਹੈ ਉਹਨਾਂ ਦੀਆਂ ਹੋਰ ਕਿਤਾਬਾਂ ਬਾਅਦ ਵਿਚ ਛਪੀਆਂ ਹੋਣ, ਮੇਰੇ ਕੋਲ਼ ਜਿੰਨੀ ਕੁ ਜਾਣਕਾਰੀ ਸੀ, ਮੈਂ ਆਰਸੀ 'ਤੇ ਪੋਸਟ ਕਰ ਦਿੱਤੀ ਸੀ।
ਤੁਹਾਡਾ ਧੰਨਵਾਦ ਹੈ ਜੋ ਉਹਨਾਂ ਦੀਆਂ ਨਵੀਆਂ ਕਿਤਾਬਾਂ ਬਾਰੇ ਲਿਖ ਦਿੱਤਾ ਹੈ, ਆਪਾਂ ਅੱਜ ਹੀ ਜਾਣਕਾਰੀ ਅਪਡੇਟ ਕਰ ਦਿੰਦੇ ਹਾਂ। ਏਸੇ ਕਰਕੇ ਆਰਸੀ ਟੀਮ-ਵਰਕ ਹੈ, ਜੋ ਕਿਸੇ ਵੀ ਪਾਠਕ/ਲੇਖਕ ਨੂੰ ਪਤਾ ਹੋਵੇ, ਬਾਕੀਆਂ ਨਾਲ਼ ਵੀ ਜਾਣਕਾਰੀ ਸਾਂਝੀ ਕਰੇ, ਵਰਨਾ ਕੈਨੇਡਾ ਵਰਗੇ ਮੁਲਕ 'ਚ ਰਹਿ ਕੇ ਹਰੇਕ ਕਿਤਾਬ ਦੀ ਜਾਣਕਾਰੀ ਰੱਖਣੀ ਮੇਰੇ ਲਈ ਅਸੰਭਵ ਹੈ। ਮੇਰੇ ਕੋਲ਼ ਜਿਹੜੀ ਕਿਤਾਬ ਪਹੁੰਚਦੀ ਹੈ, ਮੈਂ ਉਸੇ ਅਨੁਸਾਰ ਪੋਸਟਿੰਗ 'ਚ ਲਿਖ ਦਿੰਦੀ ਹਾਂ। ਮੇਰੇ ਕੋਲ਼ ਉਹਨਾਂ ਦੀ ਕੋਈ ਵੀ ਕਿਤਾਬ ਨਹੀਂ ਸੀ, ਪਰ ਇੱਛਾ ਸੀ ਕਿ ਉਹਨਾਂ ਦੀ ਹਾਜ਼ਰੀ ਜ਼ਰੂਰ ਲਗਵਾ ਸਕਾਂ। ਜਦੋਂ ਦਵਿੰਦਰ ਜੀ ਨੇ ਕਿਤਾਬ ਦਿੱਤੀ ਤਾਂ ਮੈਂ ਪੜ੍ਹ ਕੇ ਗ਼ਜ਼ਲਾਂ ਪੋਸਟ ਕਰ ਦਿੱਤੀਆਂ ਨੇ। ਈਮੇਲ ਤੇ ਜਾਣਕਾਰੀ ਲਈ ਇਕ ਵਾਰ ਫੇਰ ਸ਼ੁਕਰੀਆ।
ਨਵੀਆਂ ਗ਼ਜ਼ਲਾਂ ਕਦੋਂ ਭੇਜ ਰਹੇ ਓ?
ਅਦਬ ਸਹਿਤ
ਤਨਦੀਪ
Respected Madam Tandeep,
Sat Shree Akal.
I will send my ghazal soon for my favourite aarsi.
Shamsher Mohi (Dr)
Post a Comment