ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, August 8, 2010

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਮੇਹਰ ਸੱਜਣ ਦੀ

ਨਜ਼ਮ

ਮੇਹਰ ਸੱਜਣ ਦੀ ਸਾਡੇ ਵਿਹੜੇ,

ਰੌਣਕ ਦੂਣੀ ਤੀਣੀ।

ਹਾਸਾ ਸਾਡੇ ਮੂੰਹ ਵਿਚ ਛਣਕੇ,

ਗਜਰਾ ਛਣਕੇ ਵੀਣੀ।

-----

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਲਗਰਾਂ ਹਰੀਆਂ ਹਰੀਆਂ।

ਤਨ-ਮਨ ਮੌਲ ਪਿਆ, ਰੁੱਤ ਖੀਵੀ,

ਜੂਹਾਂ ਭਰੀਆਂ ਭਰੀਆਂ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਆਣ ਵੁੱਠੀ ਖ਼ੁਸ਼ਬੋਈ।

ਜਿੰਦ ਸਾਡੀ ਚਾਰੇ ਲੜ ਭਰ ਲਏ,

ਰੂਹ ਰਸ ਸੰਗ ਸੰਜੋਈ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਦਿਹੁੰ ਅਨੋਖਾ ਚੜ੍ਹਿਆ।

ਕਿਰਨੋਂ ਹੌਲ਼ੀ ਧੁੱਪ-ਪਰੀ ਨੇ,

ਪੈਰ ਭੋਇਂ ਤੇ ਧਰਿਆ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਬਾਤ ਅਨੋਖੀ ਹੋਈ।

ਚਾਨਣ ਨੇ ਨ੍ਹੇਰੇ ਦੇ ਹੱਥੋਂ,

ਜਦੋਂ ਹਕ਼ੂਮਤ ਖੋਹੀ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਰਿਧਾਂ ਸਿਧਾਂ ਤੁੱਠ ਪਈਆਂ।

ਜਿੰਦ ਸਾਡੀ ਨੇ ਹਰਨੀ ਬਣ ਕੇ,

ਪਤ ਪਤ ਕਰ ਚੁਗ ਲਈਆਂ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਨਾਚ ਅਵੱਲੜਾ ਨੱਚੀ।

ਊਸ਼ਾ ਨਿਸ਼ਾ ਨੱਚ ਪਈਆਂ, ਕੁਦਰਤ

ਹੋ ਬਉਰਾਨੀ ਨੱਚੀ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਛਣ-ਛਣ ਝਾਂਜਰ ਛਣਕੀ।

ਇਹ ਛਣਕਾਰ ਧੁੰਮੀ ਚਹੁੰ ਕੂੰਟੀਂ,

ਦਸੀਂ ਦਿਸ਼ਾਈਂ ਸੁਣ ਪਈ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਮਿੱਠੜੀ ਮਿੱਠੜੀ ਲੱਗੇ।

ਛੋਹਣ ਜਦੋਂ ਦੋ ਹੋਠ ਮਿੱਠੀ ਨੂੰ,

ਹਿਰਦਾ ਵੱਜਣ ਲੱਗੇ।

-----

ਮੇਹਰ ਸੱਜਣ ਦੀ ਸਾਡੇ ਵਿਹੜੇ,

ਮੈਂ ਤੇ ਉਹ ਰਲ਼ ਬਹੀਆਂ।

ਕ਼ਲਮ ਵਿਚਾਰੀ ਲੀਕ ਨਾ ਸਕਦੀ,

ਕੀ ਸੁਣੀਆਂ ਕੀ ਕਹੀਆਂ?


No comments: