ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, August 9, 2010

ਡਾ: ਸੁਖਪਾਲ - ਨਜ਼ਮ

ਦੋਸਤੋ! ਪਿਛਲੇ ਹਫ਼ਤੇ ਹਿੰਦੀ ਫਿਲਮ ਰਾਵਣ ਵੇਖਦਿਆਂ, ਡਾ: ਸੁਖਪਾਲ ਜੀ ਦੀ 2003 ਚ ਛਪੀ ਕਿਤਾਬ ਚੁੱਪ ਚੁਪੀਤੇ ਚੇਤਰ ਚੜ੍ਹਿਆ ਦੀ ਇਹ ਨਜ਼ਮ ਵਾਰ-ਵਾਰ ਜ਼ਿਹਨ ਚ ਘੁੰਮਦੀ ਤੇ ਸੋਚਾਂ ਦੀ ਸੂਲ਼ੀ ਟੰਗਦੀ ਰਹੀ। ਮੈਨੂੰ ਇੰਝ ਜਾਪਿਆ ਜਿਵੇਂ ਇਸ ਕਵਿਤਾ ਤੋਂ ਪ੍ਰਭਾਵਿਤ ਹੋ ਕੇ ਫਿਲਮ ਬਣਾਈ ਗਈ ਹੋਵੇ। ਜੇ ਫਿਲਮ ਅਤਿ-ਪ੍ਰਭਾਵਸ਼ਾਲੀ ਹੈ ਅਤੇ ਨਿਰਮਾਣ, ਨਿਰਦੇਸ਼ਨ, ਅਦਾਕਾਰੀ ਦੀ ਸਿਖ਼ਰ ਹੈ, ਤਾਂ ਡਾ: ਸਹਿਬ ਦੀ ਨਜ਼ਮ ਵੀ ਉਚ-ਕੋਟੀ ਦੀ ਰਚਨਾ ਹੈ, ਜੋ ਤਿੜਕੇ ਸ਼ੀਸ਼ਿਆਂ ਚੋਂ ਸਾਬਤ ਅਕਸ ਦਿਖਾਉਣ ਦੀ ਸਮਰੱਥਾ ਰੱਖਦੀ ਹੈ, ਜੇ ਤੁਸੀਂ ਫਿਲਮ ਵੇਖੀ ਹੈ ਤਾਂ ਮੇਰੇ ਨਾਲ਼ ਸਹਿਮਤ ਜ਼ਰੂਰ ਹੋਵੋਂਗੇ। ਡਾ: ਸੁਖਪਾਲ ਜੀ! ਮੇਰੇ ਵੱਲੋਂ ਇਕ ਵਾਰ ਫੇਰ ਏਨੀ ਖ਼ੂਬਸੂਰਤ ਕਿਤਾਬ ਲਿਖਣ ਤੇ ਦਿਲੀ ਮੁਬਾਰਕਬਾਦ।

ਅਦਬ ਸਹਿਤ

ਤਨਦੀਪ ਤਮੰਨਾ

******

ਸੀਤਾ

ਨਜ਼ਮ

ਸੀਤਾ ਨੂੰ ਸਮਝ ਨਹੀਂ ਔਂਦਾ..

........

ਭਾਵੇਂ ਇਹ ਜਨਕ ਦਾ ਵਚਨ ਹੋਵੇ -

ਦਸ਼ਰਥ ਦਾ ਮਾਣ ਹੋਵੇ -

ਰਾਮ ਦੀ ਮਰਿਯਾਦਾ ਹੋਵੇ -

ਲਛਮਣ ਦੀ ਰੇਖਾ ਹੋਵੇ -

ਰਾਵਣ ਦਾ ਅਹੰਕਾਰ ਹੋਵੇ -

ਜਾਂ ਧੋਬੀ ਦਾ ਸੰਸਾ ਹੋਵੇ -

ਇਹ ਹਰ ਵਾਰੀ ਉਸੇ ਨੂੰ ਹੀ ਕਿਉਂ ਭੁਗਤਣਾ ਪੈਂਦਾ ਹੈ?

...................

ਕਦੀ-ਕਦੀ ਸੀਤਾ ਦਾ ਮੋਹ ਆਉਂਦਾ ਹੈ ਰਾਵਣ ਤੇ

ਇਕ ਉਹੀ ਸੀ ਜਿਸਨੂੰ ਪਰਵਾਹ ਨਹੀਂ ਸੀ

ਕਿ ਸੀਤਾ ਦਾ ਜਿਸਮ ਸੁੱਚਾ ਸੀ ਕਿ ਜੂਠਾ?

......................

ਕਦੀ-ਕਦੀ ਬੌਂਦਲ਼ ਜਾਂਦੀ ਹੈ ਸੀਤਾ

ਉਸਨੂੰ ਬਚਾਉਣ ਲਈ ਆਇਆ ਰਾਵਣ ਕੌਣ ਸੀ -

ਉਸਦਾ ਪਤੀ ਜਾਂ ਅਯੁੱਧਿਆ-ਨਰੇਸ਼?

ਅਯੁੱਧਿਆ ਦਾ ਹਾਕ਼ਮ ਵੀ ਕੌਣ ਸੀ -

ਰਾਮ ਚੰਦਰ ਕਿ ਉਸਦਾ ਧੋਬੀ?

................

ਜੇ ਰਾਮ ਯਕੀਨ ਕਰਦਾ ਸੀ ਉਸਦੀ ਨਿਰਦੋਸ਼ਤਾ ਦਾ

ਤਾਂ ਆਪ ਵੀ ਉਸ ਨਾਲ਼ ਜੰਗਲ਼ ਕਿਉਂ ਨਾ ਚਲਿਆ ਆਇਆ?

ਕਿਉਂ ਪਿਤਾ ਦੇ ਆਖਿਆਂ ਬਨਵਾਸ ਲਿਆ ਜਾ ਸਕਦਾ ਹੈ -

ਔਰਤ ਦਾ ਸਾਥ ਦੇਣ ਲਈ ਨਹੀਂ?

...............

ਕਦੀ-ਕਦੀ ਉਸਦਾ ਜੀਅ ਕਰਦਾ ਹੈ

ਉਸ ਰਾਮ ਨੂੰ ਆਪਣੀ ਕੁੱਖੋਂ ਜਨਮਿਆ ਹੁੰਦਾ

ਆਪਣੀ ਛਾਤੀ ਦੇ ਵੈਰਾਗ ਨੂੰ

ਛਾਤੀ ਦੇ ਦੁੱਧ ਵਿਚ ਪਾ ਕੇ

ਰਾਮ ਦੇ ਅੰਦਰ ਉਤਾਰ ਦੇਂਦੀ

.............

ਉਸੇ ਪਲ ਉਸਨੂੰ ਇਹ ਵੀ ਸਮਝ ਨਹੀਂ ਔਂਦਾ

ਕਿ ਉਸਦੀ ਕੁੱਖੋਂ ਜਨਮੇ ਪੁੱਤਰ

ਉਸਦਾ ਦੁੱਧ ਪੀ ਕੇ

ਕਿਉਂ ਰਾਮ ਚੰਦਰ ਦੇ ਘੋੜੇ ਉੱਪਰ ਹੀ ਸੁਆਰ ਹੋਣਾ ਚਾਹੁੰਦੇ ਹਨ?

ਕਿਉਂ ਉਹਨਾਂ ਨੂੰ ਸਮਝ ਨਹੀਂ ਔਂਦਾ

ਕਿ ਭੱਜਦੇ ਹੋਏ ਘੋੜੇ ਉਤੇ ਚੜ੍ਹਿਆ ਤਾਂ ਜਾ ਸਕਦਾ ਹੈ

ਕਿ ਮਰਿਯਾਦਾ ਦੇ ਘੋੜੇ ਉਪਰ -

ਹੁਕ਼ਮ ਦਾ ਚਾਬੁਕ ਫੜ ਕੇ ਬੈਠਾ ਮਨੁੱਖ

ਤਾਕਤਵਰ ਤਾਂ ਹੋ ਸਕਦਾ ਹੈ ਪਰ ਸੁਤੰਤਰ ਨਹੀਂ ਹੁੰਦਾ

..............

ਬਹੁਤ ਸੋਚਦੀ ਹੈ ਸੀਤਾ

ਪਰ ਉਸਨੂੰ ਸਮਝ ਨਹੀਂ ਔਂਦਾ:

ਕਿਉਂ ਮਰਦ -

ਤਾਕਤਵਰ ਹੋਣ ਦੀ ਗ਼ੁਲਾਮੀ ਪਾਲ਼ਦਾ ਹੈ?

...............

ਅਜਿਹੇ ਪਲਾਂ ਵਿਚ ਸੀਤਾ ਨੂੰ ਲਗਦਾ ਹੈ

ਕਿ ਉਹ ਕਿੰਨੀ ਸੁਤੰਤਰ ਹੈ....

............

- ਉਹ ਮਰਿਯਾਦਾ ਪੁਰਸ਼ੋਤਮ ਨਹੀਂ ਹੈ

- ਸੰਸਕਾਰਾਂ ਦੇ ਅਰ-ਪਾਰ ਦੇਖ ਸਕਦੀ ਹੈ

- ਧਰਮ-ਗੁਰੂ ਤੋਂ ਬਿਨਾ ਵੀ ਸੋਚ ਸਕਦੀ ਹੈ

- ਉਹ ਤਾਕਤਵਰ ਹੈ ਕਿਉਂਕਿ ਉਸਨੂੰ ਤਾਕਤ ਦੀ ਇੱਛਾ ਨਹੀਂ

............

ਇਕ ਉਹੀ ਤਾਂ ਹੈ

ਜੋ ਸਚਮੁੱਚ ਸੁਤੰਤਰ ਹੈ...


3 comments:

rup said...

Tammanaa ji,tuhaadi gall bilkul shi hail.Wakia nazam baut khoobsurat hai-Rup Daburji

Sandip Sital said...

ਬਹੁਤ ਹੀ ਪ੍ਰਭਾਵਸ਼ਾਲੀ ਕਵਿਤਾ !

ਸੀਤਾ ਨੂੰ ਅਨੁਭੂਤੀ ਹੋ ਗਈ ਹੈ
ਉਸ ਨੂੰ ਸਮੱਝ ਆ ਗਈ ਹੈ
ਹੁਣ ਓਹ ਸੰਸਕਾਰਾ ਦੇ
ਆਰ ਪਾਰ ਵੇਖਦੀ ਹੈ...
ਹੁਣ ਉਸ ਦਾ ਜਿਸਮ ਤੇ ਓਸ ਦੀ ਰੂਹ
ਦੋਵੇਂ ਹੀ ਨਹੀ ਝੱਲਦੇ
ਖੋਖਲੀਆਂ ਰਵਾਇਤਾਂ ਦਾ ਸਰਾਪ ..

ਨਹੀ ਭੁਗਤੇ ਗੀ ਸੀਤਾ ਹੁਣ
ਭਾਵੇਂ ਜਨਕ ਦਾ ਵਚਨ ਹੋਵੇ
ਦਸ਼ਰਥ ਦਾ ਮਾਣ ਹੋਵੇ
ਰਾਮ ਦੀ ਮਰਿਆਦਾ ਹੋਵੇ
ਲਛਮਣ ਦੀ ਰੇਖਾ ਹੋਵੇ
ਰਾਵਣ ਦਾ ਅਹੰਕਾਰ ਹੋਵੇ
ਜਾਂ ਧੋਬੀ ਦਾ ਸੰਸਾ ਹੋਵੇ ....

ਅੱਜ ਸੀਤਾ
ਆਪਣੀ ਨਿਰਦੋਸ਼ਤਾ ਦੇ ਪ੍ਰਮਾਣ ਲਈ
ਅਗਨ-ਪ੍ਰੀਖਿਆ ਦੇਣ ਤੋਂ ਇਨਕਾਰੀ ਹੈ
ਹੁਣ ਓਹ
ਬਲਦੇ ਅੰਗਾਰਿਆਂ ਨੂੰ ਮੁੱਠੀ 'ਚ ਫੱੜਦੀ ਹੈ ...
ਹਵਾ ਵਿਚ ਲਹਿਰਾਉਦੇ ਹੁਕਮ ਦੇ ਚਾਬੁਕ ਨੂੰ
ਓਹ ਚਿੰਤਨ ਦੇ ਨਹੁੰਆਂ ਨਾਲ ਤਰਾਸ਼ਦੀ ਹੈ ...
ਹੁਣ ਓਹ ਪਾਣੀਆਂ ਉੱਤੇ ਤੁਰਦੀ ਹੈ
ਹਵਾ ਵਿਚ ਲਹਿਰਾਉਦੀ ਹੈ
ਸੀਤਾ ਨੂੰ ਅਨੁਭੂਤੀ ਹੋ ਗਈ ਹੈ
ਉਸ ਨੂੰ ਸਮੱਝ ਆ ਗਈ ਹੈ
ਹੁਣ ਓਹ ਸੰਸਕਾਰਾ ਦੇ
ਆਰ ਪਾਰ ਵੇਖਦੀ ਹੈ
ਅੱਜ ਸੀਤਾ ਹਵਾ ਵਾਂਗ ਸੁਤੰਤਰ ਹੋ ਗਈ ਹੈ ....

ਸੁਖਿੰਦਰ said...

Without any doubt, Sukhpal is capable of presenting new ideas in his poetry.
Sukhinder
Editor: SANVAD
Toronto ON Canada