(ਪਾਕਿਸਤਾਨ ਵਿਚ ਆਏ ਹੜ੍ਹਾਂ ਅਤੇ ਮੁਸੱਲਸਲ ਚੱਲ ਰਹੇ ਅੱਤਵਾਦ ਦੇ ਕਹਿਰ ਨੂੰ ਮੱਦੇ ਨਜ਼ਰ ਰੱਖਦਿਆਂ ਲਿਖੀ ਗਈ ਇਕ ਗ਼ਜ਼ਲ) ਗ਼ਜ਼ਲ
ਆਇਆ ਹੈ ਤੂਫ਼ਾਨ ਕੈਸਾ ਕਹਿਰ ਦਾ।
ਬਦਲ ਚੁੱਕਿਆ ਨਕਸ਼ਾ ਪਿੰਡ ਤੇ ਸ਼ਹਿਰ ਦਾ।
------
-----
ਜ਼ਿਕਰ ਜਿਦ੍ਹਾ ਕਰਦੀ ਸੀ ਮਲਕਾ ਸੁਰਾਂ ਦੀ,
ਡੁੱਬ ਗਿਆ ਪੁਲ਼ ਓਸ ਪੱਕੀ ਨਹਿਰ ਦਾ।
-----
ਕਿਓਂ ਸਦਾ ਮੁਫ਼ਲਸ ਹੀ ਹੁੰਦਾ ਹੈ ਸ਼ਿਕਾਰ,
ਆਦਮੀ ਦਾ ਔਰ ਰੱਬ ਦੇ ਕਹਿਰ ਦਾ।
-----
ਖ਼ੈਰ ਹੋਵੇ ਮਾਂ ਨੇ ਇਹ ਕੀਤੀ ਦੁਆ,
ਪਰਤਿਆ ਨਹੀਂ ਲਾਲ ਕੱਲ੍ਹ ਦੁਪਹਿਰ ਦਾ।
-----
ਖ਼ਬਰੇ ਪੁਰਜ਼ਾ ਪੁਰਜ਼ਾ ਹੋਇਆ ਕਿਸ ਲਈ,
ਮਰਿਆ ਪਿਆ ਇਕ ਸ਼ਖ਼ਸ ਪਿਛਲੇ ਪਹਿਰ ਦਾ।
-----
ਮਾਨਵਤਾ ਸੂਲ਼ੀ ਚੜ੍ਹਾਈ ਜਾ ਰਹੀ,
ਸੱਚ ਅੱਗੇ ਹੈ ਪਿਆਲਾ ਜ਼ਹਿਰ ਦਾ।
-----
ਜੁਗਨੂਆਂ ਦੀ ਲੋਅ ਹੀ ਤਾਂ ਕਾਫ਼ੀ ਨਹੀਂ,
ਚਾਨਣਾ ਲੋੜੀਂਦਾ ਉੱਜਲੀ ਸਹਿਰ ਦਾ।
-----
ਅਵਾਮ ਚੋਂ ਉੱਭਰੂ ਮਸੀਹਾ ਕਿਸੇ ਰੋਜ਼,
ਜ਼ਿਕਰ ਟੁਰਨਾ ਹੈ ਨਵੀਂ ਇਕ ਲਹਿਰ ਦਾ।
-----
ਕੀ ਕਹੇਗਾ ਗ਼ਜ਼ਲ “ਸਾਥੀ” ਉਹ ਸ਼ਖ਼ਸ,
ਇਲਮ ਨਹੀਂ ਹੈ ਜਿਸ ਨੂੰ ਸੁਰ ਤੇ ਬਹਿਰ ਦਾ।
1 comment:
Saathi Sahib, makte wich 'ghazal' ate 'shakhas' shabad sahi nazam nahin hoe.
Post a Comment