ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, August 13, 2010

ਰਵਿੰਦਰ ਰਵੀ - ਨਜ਼ਮ

ਪ੍ਰਕਰਮਾ
ਨਜ਼ਮ

ਸੱਜਣ ਜੀ! ਅਸੀਂ ਫੇਰ ਤਿਹਾਏ!
.............

ਹਰ ਪਲ ਬੀਤੇ, ਬੀਤ ਬੀਤ ਕੇ,
ਤੇਹ ਆਪਣੀ ਦੁਹਰਾਏ!
ਤੇਹ ਦੀ ਤ੍ਰਿਪਤੀ ਜੇ ਹੋ ਜਾਵੇ,
ਕੁਲ ਜ਼ਿੰਦਗੀ ਰੁਕ ਜਾਏ!
ਤੇਹ ਵਿਚ ਅਮਲ, ਅਮਲ ਵਿਚ ਤੇਹ ਹੈ,
ਤੇਹ ਤ੍ਰਿਪਤੀ ਭਰਮਾਏ!
ਸੱਜਣ ਜੀ! ਅਸੀਂ ਫੇਰ ਤਿਹਾਏ!
...........

ਆਪਣੀ ਧੁਰੀ ਦੁਆਲੇ ਘੁੰਮ, ਘੁੰਮ,
ਪਵੇ ਨਾ ਧਰਤੀ ਮਾਂਦੀ!
ਬੀਤੇ ਰਾਹ ਤੇ ਜਿਉਂ ਜਿਉਂ ਜ਼ਿੰਦਗੀ,
ਸੱਜਰੇ ਕਦਮ ਟਿਕਾਂਦੀ,
ਤਿਉਂ, ਤਿਉਂ ਆਪਣੀ ਪ੍ਰਕਰਮਾ ਦੇ,
ਅਰਥ ਵੀ ਬਦਲੀ ਜਾਏ!
ਸੱਜਣ ਜੀ ਅਸੀਂ ਫੇਰ ਤਿਹਾਏ!
............

ਦਿਹੁੰ ਰਾਤ ਦੋਏਂ ਕਰਮ ਚ ਬੱਝੇ,
ਆਵਣ ਵਾਰੋ ਵਾਰੀ!
ਬਿਣਸ ਬਿਣਸ ਕੇ, ਵਿਗਸ, ਵਿਗਸ ਕੇ,
ਬਣਸਪਤਿ ਨਾ ਹਾਰੀ!
ਨਿਸਦਿਨ ਸੂਰਜ-ਰੇਖਾ ਭੋਂ ਚੋਂ,
ਭੇਦ ਨਵਾਂ ਕੋਈ ਪਾਏ!
ਸੱਜਣ ਜੀ! ਅਸੀਂ ਫੇਰ ਤਿਹਾਏ!
.............
ਇਸ ਬਿੰਦੂ ਤੋਂ ਦੋਵੇਂ ਰੇਖਾਂ,
ਜਿਉਂ ਜਿਉਂ ਵਧਦੀਆਂ ਪਈਆਂ!
ਤਿਉਂ ਤਿਉਂ ਏਸ ਕੋਨ ਦੀਆਂ ਨਜ਼ਰਾਂ,
ਚੌੜੀਆਂ ਹੁੰਦੀਆਂ ਗਈਆਂ!
ਇਸ ਵਿਸ਼ਵਾਸ ਦੀਆਂ ਬਾਹਾਂ ਵਿਚ,
ਸੱਭੇ ਯੁੱਗ ਸਮਾਏ!
ਸੱਜਣ ਜੀ! ਅਸੀਂ ਫੇਰ ਤਿਹਾਏ!!!

=====

ਟਿਕਾਅ

ਨਜ਼ਮ

ਕੁਝ ਬਾਹਰੀ ਨਜ਼ਾਰਿਆਂ ਚ ਖੋਇਆ

ਕੁਝ ਅੰਦਰ ਦੇ ਨਸ਼ੇ ਚ ਮਸਤ

ਉਡਦਾ ਉਡਦਾ ਪੰਛੀ

ਅਜਾਣੇ ਹੀ

ਡਾਰ ਤੋਂ ਅਲੱਗ ਹੋ ਗਿਆ!

................

ਦੂਰ ਦੂਰ ਤਕ ਪਰਬਤ ਹਨ

ਖੱਡਾਂ, ਖਾਈਆਂ ਤੇ ਵਾਦੀਆਂ ਹਨ

ਕਦੇ ਨਿਰਮਲ, ਕਦੇ ਘਟਾਟੋਪ ਆਕਾਸ਼ ਹੇਠ

ਚਿਟੀਆਂ ਬਰਫ਼ਾਂ ਵਗਦੀਆਂ ਨਦੀਆਂ,

ਥਿਰ ਝੀਲਾਂ ਹਨ!

..............

ਪੰਛੀ ਨੇ ਪਰਬਤ ਦੀ ਉਚਾਈ

ਆਪਣੇ ਅੰਦਰ ਵਸਾ ਲਈ ਹੈ

ਉਹ ਇਸ ਤੋਂ ਹੇਠਾਂ ਨਹੀਂ ਆਉਣਾ ਚਾਹੁੰਦਾ!

................

ਉਹ ਬਾਰ, ਬਾਰ ਪਰਬਤ ਵਲੋਂ

ਅਥਾਹ ਅੰਬਰ ਵਲਾਂ ਤਕਦਾ ਹੈ

ਪਰ ਆਪਣੇ ਆਪ ਤੋਂ,

ਉਚਾ ਨਹੀਂ ਉਠ ਸਕਦਾ!

............

ਇਕਸਾਰ ਟਿਕਾਅ ਜਿਹੇ ਵਿਚ ਉਸ ਦੀ ਉਡਾਣ

ਨਾ ਭੋਂ ਦੀ ਬਣੀ

ਨਾ ਆਪੇ ਤੋਂ ਉਚੇਰੇ ਆਕਾਸ਼ ਦੀ!

..............

ਉਹ ਲਗਾਤਾਰ: ਅੰਦਰ ਤੇ ਬਾਹਰ

ਖ਼ਲਾਅ ਚ ਵਿਅਸਤ ਹੋ ਰਿਹਾ ਹੈ!!!

=====

ਚੇਤਨਾ

ਨਜ਼ਮ

ਮਰਨ ਵਾਲੇ ਨੂੰ

ਮਰਨ ਦੀ ਵਿਹਲ ਨਹੀਂ ਸੀ

ਜਿਊਣ ਵਾਲੇ ਨੂੰ ਜਿਊਣ ਦੀ ਚਾਹ ਨਹੀਂ!!!

..............

ਨਾ ਮਰ ਕੇ, ਮਰੇ

ਨਾ ਜੀ ਕੇ, ਜੀਵੇ!

..............

ਜੀਵਨ, ਮੌਤ ਨਾਲ, ਨਾਲ਼ ਚੁੱਕੀ,

ਸਮਵਿਥ,

ਭੋਗਦੇ ਰਹੇ ਕਿਸੇ ਹੋਰ ਦਾ ਜੀਵਨ

ਭੁਗਤਦੇ ਰਹੇ

ਕਿਸੇ ਹੋਰ ਦੀ ਮੌਤ!

...........

ਵਿਚ ਵਿਚਾਲੇ,

ਖਿੱਚ-ਰਹਿਤ,

ਜ਼ੀਰੋ-ਖੇਤਰ.......ਚੇਤਨਾ!!!

No comments: